GST ਦਾ ਪੈਸਾ ਰੋਕਣ ''ਤੇ ਕੈਪਟਨ ਨੇ ਟਵੀਟ ਕਰਕੇ ਖੋਲ੍ਹੀ ਕੇਂਦਰ ਦੀ ਪੋਲ
Monday, Nov 25, 2019 - 05:49 PM (IST)
![GST ਦਾ ਪੈਸਾ ਰੋਕਣ ''ਤੇ ਕੈਪਟਨ ਨੇ ਟਵੀਟ ਕਰਕੇ ਖੋਲ੍ਹੀ ਕੇਂਦਰ ਦੀ ਪੋਲ](https://static.jagbani.com/multimedia/2019_3image_12_11_574770000amrindersingh.jpg)
ਜਲੰਧਰ (ਧਵਨ) - ਕੇਂਦਰ ਤੇ ਪੰਜਾਬ ਸਰਕਾਰ ਵਿਚਕਾਰ ਜੀ. ਐੱਸ. ਟੀ. ਦੇ ਬਕਾਇਆ 4100 ਕਰੋੜ ਰੁਪਏ ਦੀ ਰਾਸ਼ੀ ਨੂੰ ਰਿਲੀਜ਼ ਨਾ ਕਰਨ ਦੇ ਮਾਮਲੇ ’ਚ ਤਣਾਤਣੀ ਚੱਲ ਰਹੀ ਹੈ। ਇਸੇ ਤਣਾਤਣੀ ਦੇ ਵਿਚਕਾਰ ਪੰਜਾਬ ਦੇ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਨੇ ਟਵੀਟ ਕਰਦੇ ਹੋਏ ਕਿਹਾ ਕਿ ਕੇਂਦਰ ਵਲੋਂ ਜੀ. ਐੱਸ. ਟੀ. ਦਾ ਪੰਜਾਬ ਨੂੰ ਦਿੱਤੇ ਜਾਣ ਵਾਲਾ ਹਿੱਸਾ ਰੋਕੇ ਜਾਣ ਨਾਲ ਉਨ੍ਹਾਂ ਨੂੰ ਹੈਰਾਨੀ ਹੋਈ ਹੈ ਅਤੇ ਲਿਆ ਗਿਆ ਇਹ ਫੈਸਲਾ ਸੂਬੇ ਦੇ ਹਿੱਤ ’ਚ ਨਹੀਂ। ਕੈਪਟਨ ਨੇ ਪ੍ਰਧਾਨ ਮੰਤਰੀ ਮੋਦੀ ਅਤੇ ਕੇਂਦਰੀ ਵਿੱਤ ਮੰਤਰੀ ਸੀਤਾਰਮਨ ਨੂੰ ਇਸ ਮਾਮਲੇ ’ਚ ਦਖਲ ਦੇਣ ਅਤੇ ਇਸ ਨੂੰ ਹਲ ਕਰਨ ਦੀ ਅਪੀਲ ਕਰਦੇ ਹੋਏ ਕਿਹਾ ਕਿ ਇਸ ਨਾਲ ਸੂਬੇ ’ਚ ਗਵਰਨਸ ਅਤੇ ਵਿਕਾਸ ਕਾਰਜਾਂ ’ਚ ਆਏ ਹੌਲੇਪਨ ਨੂੰ ਦੂਰ ਕਰਨ ’ਚ ਮਦਦ ਮਿਲੇਗੀ।
ਮੁੱਖ ਮੰਤਰੀ ਨੇ ਕਿਹਾ ਕਿ ਇਹ ਮਾਮਲਾ ਕਾਫੀ ਗੰਭੀਰ ਹੈ ਅਤੇ ਇਸ ਮਾਮਲੇ ’ਚ ਕੇਂਦਰ ਨੂੰ ਤਤਕਾਲ ਦਖਲ ਦੇਣ ਦੀ ਜ਼ਰੂਰਤ ਹੈ ਕਿਉਂਕਿ 4100 ਕਰੋੜ ਰੁਪਏ ਦੀ ਰਾਸ਼ੀ ਨਾਲ ਪੰਜਾਬ ਸਿੱਧੇ ਤੌਰ ’ਤੇ ਪ੍ਰਭਾਵਿਤ ਹੋ ਰਿਹਾ ਹੈ। ਧਿਆਨਯੋਗ ਹੈ ਕਿ ਪਿਛਲੇ ਦਿਨੀਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਵੀ ਕਿਹਾ ਸੀ ਕਿ ਕੇਂਦਰ ਸਰਕਾਰ ਨੇ ਪੰਜਾਬ ਨੂੰ ਜੀ. ਐੱਸ. ਟੀ. ਦਾ ਮਿਲਣ ਵਾਲਾ ਹਿੱਸਾ ਰੋਕ ਰੱਖਿਆ ਹੈ, ਜਿਸ ਨਾਲ ਸੂਬੇ ’ਚ ਸਰਕਾਰ ਨੂੰ ਆਪਣੇ ਕਰਮਚਾਰੀਆਂ ਨੂੰ ਸਮੇਂ ’ਤੇ ਤਨਖਾਹ ਦਾ ਭੁਗਤਾਨ ਕਰਨ ’ਚ ਮੁਸ਼ਕਲਾਂ ਆ ਰਹੀਆਂ ਹਨ ਅਤੇ ਨਾਲ ਵੀ ਵਿਕਾਸ ਦੇ ਕਾਰਜ ਵੀ ਲੇਟ ਹੋ ਰਹੇ ਹਨ। ਇਸ ਦੌਰਾਨ ਹੀ ਵਿਦੇਸ਼ੀ ਦੌਰੇ ’ਤੇ ਗਏ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਨੇ ਟਵੀਟ ਕਰਦੇ ਹੋਏ ਕੇਂਦਰ ਸਰਕਾਰ ’ਤੇ ਧਾਵਾ ਬੋਲ ਦਿੱਤਾ ਹੈ ਅਤੇ ਨਾਲ ਹੀ ਪ੍ਰਧਾਨ ਮੰਤਰੀ ਅਤੇ ਕੇਂਦਰੀ ਵਿੱਤ ਮੰਤਰੀ ਨੂੰ ਇਸ ਮਾਮਲੇ ਨੂੰ ਸੁਲਝਾਉਣ ਲਈ ਕਿਹਾ ਹੈ।