ਕੈਪਟਨ ਨੇ ਬੀਬਾ ਬਾਦਲ ਨੂੰ ਪ੍ਰਕਾਸ਼ ਪੁਰਬ ''ਤੇ ਸਿਆਸਤ ਕਰਨ ਤੋਂ ਵਰਜਿਆ

09/17/2019 10:37:45 AM

ਚੰਡੀਗੜ੍ਹ (ਅਸ਼ਵਨੀ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਇਤਿਹਾਸਕ ਦਿਹਾੜੇ 'ਤੇ ਝੂਠੀ ਬਿਆਨਬਾਜ਼ੀ ਕਰਨ ਤੋਂ ਵਰਜਦਿਆਂ ਕਿਹਾ ਕਿ ਉਨ੍ਹਾਂ ਵਲੋਂ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੂੰ 550ਵਾਂ ਪ੍ਰਕਾਸ਼ ਪੁਰਬ ਸਮਾਗਮ ਸੂਬਾ ਸਰਕਾਰ ਨਾਲ ਮਿਲ ਕੇ ਮਨਾਉਣ ਲਈ ਮੁੜ ਪੱਤਰ ਲਿਖਿਆ ਗਿਆ ਹੈ, ਜਿਸ ਕਾਰਨ ਉਹ ਸੌੜੇ ਸਿਆਸੀ ਹਿੱਤਾਂ ਲਈ ਇਸ ਮਹਾਨ ਦਿਹਾੜੇ ਦਾ ਸਿਆਸੀਕਰਨ ਨਾ ਕਰੇ। ਮੁੱਖ ਮੰਤਰੀ ਨੇ ਹਰਸਿਮਰਤ ਬਾਦਲ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਉਹ ਵਾਰ-ਵਾਰ ਝੂਠ ਬੋਲ ਕੇ ਸੂਬਾ ਸਰਕਾਰ ਵਿਰੁੱਧ ਦੋਸ਼ ਲਾ ਕੇ ਇਹ ਸਿੱਧ ਕਰਨ ਦੀ ਕੋਸ਼ਿਸ਼ ਨਾ ਕਰੇ ਕਿ ਕੇਂਦਰੀ ਮੰਤਰੀ ਨੂੰ ਕੁਝ ਅਤਾ-ਪਤਾ ਨਹੀਂ ਕਿਉਂਕਿ ਉਸ ਬਾਰੇ ਪਹਿਲਾਂ ਹੀ ਸਾਰੇ ਇਹ ਜਾਣਦੇ ਹਨ ਕਿ ਉਹ ਪੂਰੀ ਤਰ੍ਹਾਂ ਜਾਣਕਾਰੀ ਰਹਿਤ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਮੰਤਰੀ ਇਸ ਮਹਾਨ ਤੇ ਪਵਿੱਤਰ ਸਮਾਗਮਾਂ ਨੂੰ ਆਪਣੇ ਮਨਘੜਤ ਬਿਆਨਾਂ ਦੀ ਘਿਨਾਉਣੀ ਕਥਾ 'ਚ ਘਟਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਹਰਮਿਸਰਤ ਬਾਦਲ ਸ਼੍ਰੋਮਣੀ ਕਮੇਟੀ ਜਿਹੜੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਹੱਥਾਂ 'ਚ ਖੇਡ ਰਹੀ ਹੈ, ਨੂੰ ਰਾਜ ਪੱਧਰੀ ਸਮਾਗਮ ਲਈ ਸਹਿਯੋਗ ਦੇਣ ਲਈ ਪੁੱਛਣ ਦੀ ਬਜਾਏ ਸਰਕਾਰ ਅਤੇ ਇਸ ਧਾਰਮਿਕ ਸੰਸਥਾ ਵਿਚਾਲੇ ਪਾੜਾ ਵਧਾਉਣ ਲਈ ਆਪਣਾ ਪੂਰਾ ਟਿਲ ਲਾ ਰਹੀ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਹਰਸਿਮਰਤ ਬਾਦਲ ਨੂੰ ਉਸ ਦੇ ਵਿਵਾਦਪੂਰਨ ਤੇ ਭੜਕਾਊ ਬਿਆਨਾਂ ਲਈ ਰਗੜੇ ਲਾਉਂਦਿਆਂ ਕਿਹਾ ਕਿ ਅਕਾਲੀ ਆਗੂ ਦੀਆਂ ਪਿਛਲੀਆਂ ਕੁੱਝ ਦਿਨ ਦੀਆਂ ਟਿੱਪਣੀਆਂ ਨੇ ਉਸ ਦੀ ਪਾਰਟੀ ਦੀ ਹਲਕੀ ਮਾਨਸਿਕਤਾ ਅਤੇ ਵਿਘਨਕਾਰੀ ਰਾਜਨੀਤਕ ਏਜੰਡੇ ਦਾ ਪਰਦਾਫਾਸ਼ ਕੀਤਾ ਹੈ। ਉਨ੍ਹਾਂ ਕਿਹਾ ਕਿ ਪਿਛਲੇ 10 ਸਾਲ ਅਕਾਲੀ ਆਗੂਆਂ ਨੇ ਪੰਜਾਬ ਦਾ ਸਮਾਜਿਕ ਤੇ ਆਰਥਿਕ ਢਾਂਚਾ ਬੁਰੀ ਤਰ੍ਹਾਂ ਤਬਾਹ ਕਰ ਦਿੱਤਾ ਹੈ ਅਤੇ ਹੁਣ ਗੈਰਸੰਵੇਦਨਸ਼ੀਲ ਤੇ ਵਿਵਾਦਪੂਰਨ ਬਿਆਨ ਦੇ ਕੇ ਫੇਰ ਸੂਬੇ ਨੂੰ ਕਾਲੇ ਦਿਨਾਂ 'ਚ ਧੱਕਣ ਲਈ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਹਰਸਿਮਰਤ ਬਾਦਲ ਗੱਲ ਤਾਂ ਏਕਤਾ ਤੇ ਸ਼ਾਂਤੀ ਦੀ ਕਰ ਰਹੀ ਹੈ ਪਰ ਉਸ ਦੀ ਮਨਸ਼ਾ ਉਸ ਦੀਆਂ ਟਿੱਪਣੀਆਂ ਕਾਰਨ ਬਿਲਕੁਲ ਵੱਖਰੀ ਲੱਗ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀਆਂ ਨੇ ਥੋੜ੍ਹੇ ਸਮੇਂ ਦੇ ਲਾਭਾਂ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਰਾਜਸੀ ਸਾਧਨ ਬਣਾ ਦਿੱਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਸਾਰੇ ਵਿਰੋਧਾਭਾਸਾ ਤੋਂ ਉਪਰ ਉਠ ਕੇ ਸ਼੍ਰੋਮਣੀ ਕਮੇਟੀ ਸਮੇਤ ਸਾਰਿਆਂ ਨੂੰ ਅਪੀਲ ਕਰਦੀ ਹੈ ਕਿ ਇਹ ਇਤਿਹਾਸਕ ਦਿਹਾੜਾ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦੀ ਭਾਵਨਾਵਾਂ ਨਾਲ ਮਨਾਈਏ ਕਿਉਂਕਿ ਇਹੋ ਜਿਹਾ ਦਿਹਾੜਾ ਜ਼ਿੰਦਗੀ 'ਚ ਇਕ ਵਾਰ ਹੀ ਆਉਂਦਾ ਹੈ। ਉਨ੍ਹਾਂ ਕਿਹਾ ਕਿ ਇਹ ਅਕਾਲੀਆਂ ਦੇ ਹਿੱਤਾਂ ਨੂੰ ਪੂਰਾ ਨਹੀਂ ਕਰਦਾ ਜਿਹੜੇ ਇਸ ਮੁੱਦੇ 'ਤੇ ਨਿਰਾਸ਼ਾ ਤੇ ਨਿਖੇਧੀ ਫੈਲਾਉਣ 'ਤੇ ਤੁਲੇ ਹੋਏ ਹਨ।
ਗੁਰਦੁਆਰਾ ਸਾਹਿਬ ਅੰਦਰ ਅਤੇ ਕਮੇਟੀ ਅਧੀਨ ਥਾਵਾਂ ਵਿਖੇ ਹੋਣ ਵਾਲੇ ਸਮਾਗਮਾਂ ਲਈ ਸੂਬਾ ਸਰਕਾਰ ਵਲੋਂ ਸ਼੍ਰੋਮਣੀ ਕਮੇਟੀ ਨੂੰ ਪੂਰਾ ਸਹਿਯੋਗ ਦੇਣ ਦੀ ਆਪਣੀ ਸਰਕਾਰ ਦੀ ਵਚਨਬੱਧਤਾ ਦੁਹਾਰਉਂਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਇਕ ਵਾਰ ਫੇਰ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਅਪੀਲ ਕੀਤੀ ਹੈ ਕਿ ਉਹ ਉਨ੍ਹਾਂ ਦੀ ਸਰਕਾਰ ਨਾਲ ਜੁੜ ਕੇ ਇਸ ਇਤਿਹਾਸਕ ਦਿਹਾੜੇ ਨੂੰ ਰਾਜਸੀ, ਸਮਾਜਿਕ ਤੇ ਧਾਰਮਿਕ ਵਿਚਾਰਾਂ ਤੋਂ ਉਪਰ ਉਠ ਕੇ ਸਰਬ ਸਾਂਝੀਵਾਲਤਾ, ਏਕੇ ਤੇ ਆਪਸੀ ਭਾਈਚਾਰੇ ਨਾਲ ਮਨਾਉਣ। ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਲਿਖੇ ਆਪਣੇ ਪੱਤਰ 'ਚ ਮੁੱਖ ਮੰਤਰੀ ਨੇ ਪਹਿਲੇ ਸਿੱਖ ਗੁਰੂ ਵੱਲੋਂ ਵਿਸ਼ਵ ਵਿਆਪੀ ਭਾਈਚਾਰਕ ਸਾਂਝ ਦੇ ਫਲਸਫੇ ਦੀ ਲੀਹ 'ਤੇ ਇਸ ਮਹਾਨ ਸਮਾਗਮ ਨੂੰ ਧੂਮ ਧਾਮ ਨਾਲ ਮਨਾਉਣ ਲਈ ਸ਼੍ਰੋਮਣੀ ਕਮੇਟੀ ਪ੍ਰਧਾਨ ਦੇ ਖੁੱਲ੍ਹੇ ਦਿਲ ਨਾਲ ਸਹਿਯੋਗ ਦੀ ਬੇਨਤੀ ਕੀਤੀ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਪਹਿਲਾਂ ਲਿਖੇ ਪੱਤਰ ਦੀ ਲਗਾਤਾਰਤਾ 'ਚ ਕੈਪਟਨ ਅਮਰਿੰਦਰ ਸਿੰਘ ਨੇ ਭਾਈ ਲੌਂਗੋਵਾਲ ਨੂੰ ਜਾਣੂੰ ਕਰਵਾਇਆ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਦੇ ਆਦੇਸ਼ਾਂ 'ਤੇ ਸੂਬਾ ਸਰਕਾਰ ਨੇ ਸਾਂਝੀ ਯਾਦਗਾਰੀ ਕਮੇਟੀ ਲਈ ਸ਼ਾਮਲ ਕਰਨ ਲਈ ਆਪਣੇ ਦੋ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਸੁਖਜਿੰਦਰ ਸਿੰਘ ਰੰਧਾਵਾ ਨੂੰ ਨਾਮਜ਼ਦ ਕੀਤਾ ਹੋਇਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਮੈਂ ਪਹਿਲਾਂ ਹੀ ਤਿੰਨ ਮੰਤਰੀਆਂ ਨੂੰ ਗੱਲਬਾਤ ਲਈ ਅਧਿਕਾਰਤ ਕੀਤਾ ਸੀ ਜੋ ਤੁਹਾਨੂੰ ਇਸ ਪਵਿੱਤਰ ਦਿਹਾੜੇ ਲਈ ਇਕੱਠੇ ਹੋਣ ਲਈ ਮੇਰੇ ਵਲੋਂ ਨਿੱਜੀ ਤੌਰ 'ਤੇ ਤੁਹਾਡੀ ਰਿਹਾਇਸ਼ 'ਤੇ 29 ਜੂਨ, 2019 ਨੂੰ ਮਿਲੇ ਸਨ। ਇਹ ਸਾਡੇ ਲਈ ਸਨਮਾਨ ਵਾਲੀ ਗੱਲ ਹੈ ਕਿ ਅਸੀਂ ਇਸ ਇਤਿਹਾਸਕ ਦਿਹਾੜੇ ਦੇ ਗਵਾਹ ਬਣਨ ਜਾ ਰਹੇ ਹਾਂ। ਇਸ ਯਾਦਗਾਰੀ ਦਿਹਾੜੇ ਮੌਕੇ ਸੂਬਾ ਸਰਕਾਰ ਵਲੋਂ ਕੀਤੇ ਜਾ ਰਹੇ ਵੱਖ-ਵੱਖ ਵਿਕਾਸ ਕਾਰਜਾਂ ਅਤੇ ਬੁਨਿਆਦੀ ਢਾਂਚਾ ਸਥਾਪਤ ਕਰਨ ਦੇ ਚੁੱਕੇ ਜਾ ਰਹੇ ਕਦਮਾਂ ਬਾਰੇ ਚਾਨਣਾ ਪਾਉਂਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੂਬਾ ਸਰਕਾਰ ਵਲੋਂ ਵਿਸਥਾਰਤ ਪ੍ਰੋਗਰਾਮ ਪਹਿਲਾਂ ਹੀ ਤੈਅ ਕੀਤੇ ਜਾ ਚੁੱਕੇ ਹਨ, ਜਿਨ੍ਹਾਂ 'ਚ ਪਵਿੱਤਰ ਸ਼ਹਿਰ ਸੁਲਤਾਨਪੁਰ ਲੋਧੀ ਵਿਖੇ 12 ਨਵੰਬਰ, 2019 ਨੂੰ ਹੋਣ ਵਾਲਾ ਮੁੱਖ ਸਮਾਗਮ ਵੀ ਸ਼ਾਮਲ ਹੈ।


Babita

Content Editor

Related News