ਕਾਂਗਰਸ ਛੱਡਣ ਦੇ ਐਲਾਨ ਮਗਰੋਂ ਬਦਲਣ ਲੱਗਾ ''ਕੈਪਟਨ'' ਦੀ ਪੱਗ ਦਾ ਰੰਗ

Friday, Oct 01, 2021 - 11:33 AM (IST)

ਜਲੰਧਰ (ਵਿਸ਼ੇਸ਼)- ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਦੇ ਬਾਅਦ ਪੰਜਾਬ ਦੀ ਸਿਆਸਤ ਪੂਰੀ ਤਰ੍ਹਾਂ ਭੱਖੀ ਹੋਈ ਹੈ। ਕਾਂਗਰਸ ’ਚ ਹੁੰਦੇ ਹੋਏ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪੱਗ ਦਾ ਰੰਗ ਸਾਰਿਆਂ ਨੂੰ ਯਾਦ ਹੈ ਪਰ ਜਿਵੇਂ-ਜਿਵੇਂ ਕੈਪਟਨ ਅਮਰਿੰਦਰ ਸਿੰਘ ਭਾਜਪਾ ਨੇੜੇ ਜਾ ਰਹੇ ਹਨ ਤਾਂ ਉਨ੍ਹਾਂ ਦੀ ਪੱਗ ਦਾ ਰੰਗ ਵੀ ਬਦਲਣ ਲੱਗਾ ਹੈ। ਭਾਜਪਾ ਦੇ ਭਗਵਾ ਰੰਗ ਨਾਲ ਮਿਲਦੇ-ਜੁਲਦੇ ਰੰਗ ਕੈਪਟਨ ਦੀ ਪੱਗ ’ਚ ਸ਼ਾਮਲ ਹੋ ਗਏ ਹਨ, ਜੋ ਕੈਪਟਨ ਦੀ ਸੰਭਾਵੀ ਯੋਜਨਾ ਵੱਲ ਇਸ਼ਾਰਾ ਕਰ ਰਹੇ ਹਨ ਪਰ ਇਕ ਵੱਡਾ ਸਵਾਲ ਹੈ ਕਿ ਕੈਪਟਨ ਦੇ ਜੋ ਨੇੜਲੇ ਲੋਕ ਹਨ, ਜਿਨ੍ਹਾਂ ਦੇ ਦਮ ’ਤੇ ਉਹ ਭਾਜਪਾ ’ਚ ਜਾ ਕੇ ਪੰਜਾਬ ’ਤੇ ਰਾਜ ਕਰਨ ਦੀ ਪਲਾਨਿੰਗ ਕਰ ਰਹੇ ਹਨ, ਉਨ੍ਹਾਂ ਦੇ ਇਲਾਕਿਆਂ ’ਚ ਭਾਜਪਾ ਕਿਥੇ ਸਟੈਂਡ ਕਰਦੀ ਹੈ।

ਕੈਪਟਨ ਦੇ ਜਿਨ੍ਹਾਂ ਨੇੜਲੇ ਲੋਕਾਂ ਦੀ ਚਰਚਾ ਚੱਲ ਰਹੀ ਹੈ, ਉਹ ਲੋਕ ਭਾਜਪਾ ’ਚ ਖ਼ੁਦ ਨੂੰ ਕਿੰਨਾ ਸਹਿਜ ਮਹਿਸੂਸ ਕਰਨਗੇ, ਇਹ ਵੱਡੀ ਸੋਚ ਦਾ ਮਾਮਲਾ ਹੈ। ਮਿਸਾਲ ਦੇ ਤੌਰ ’ਤੇ ਹੁਸ਼ਿਆਰਪੁਰ ’ਚ ਕੈਪਟਨ ਦੇ ਨੇੜਲੇ ਕਿਸੇ ਨੇਤਾ ਨੂੰ ਭਾਜਪਾ ’ਚ ਲਿਆਂਦਾ ਜਾਂਦਾ ਹੈ ਤਾਂ ਸਾਬਕਾ ਸਿੱਖਿਆ ਮੰਤਰੀ ਤੀਕਸ਼ਣ ਸੂਦ ਦਾ ਕੀ ਬਣੇਗਾ?

ਇਹ ਵੀ ਪੜ੍ਹੋ :  'ਵੇਟ ਐਂਡ ਵਾਚ' ਦੀ ਪਾਲਿਸੀ: ਕੈਪਟਨ ਨੂੰ ਬੋਚਣ ਲਈ ਇੰਨੀ ਵੀ ਬੇਤਾਬ ਨਹੀਂ ਹੈ ਭਾਜਪਾ

PunjabKesari

ਬਿਨਾਂ ਫੌਜ ਦੇ ਕਪਤਾਨ ਕੈਪਟਨ
ਕੈਪਟਨ ਅਮਰਿੰਦਰ ਸਿੰਘ ਭਾਜਪਾ ਦੀ ਪੰਜਾਬ ’ਚ ਮਾੜੀ ਹਾਲਤ ਦੇ ਖਵੱਈਆ ਕਿਵੇਂ ਬਣਨਗੇ, ਇਹ ਸਭ ਤੋਂ ਵੱਡਾ ਸਵਾਲ ਹੈ। ਕੈਪਟਨ ਬਿਨਾਂ ਫੌਜ ਦੇ ਕਪਤਾਨ ਹਨ, ਜਿਨ੍ਹਾਂ ’ਚੋਂ ਅੱਧੇ ਸੱਜੇ ਅਤੇ ਅੱਧੇ ਖੱਬੇ ਜਾ ਚੁੱਕੇ ਹਨ। ਖਾਣ-ਪੀਣ ਦੇ ਸ਼ੌਕੀਨ ਕੈਪਟਨ ਦੇ ਨੇੜੇ ਰਹੇ ਕੁਝ ਲੋਕ ਇਸੇ ਡਰ ਕਾਰਨ ਉਨ੍ਹਾਂ ਦਾ ਸਾਥ ਨਹੀਂ ਦੇ ਰਹੇ ਕਿ ਕਿਤੇ ਉਨ੍ਹਾਂ ’ਤੇ ਕੋਈ ਪਰਚਾ ਹੀ ਨਾ ਦਰਜ ਕਰਵਾ ਦਿੱਤਾ ਜਾਵੇ। ਕੈਪਟਨ ਦਿੱਲੀ ਤੋਂ ਮੁੜੇ ਤਾਂ ਕੋਈ ਵੀ ਉਨ੍ਹਾਂ ਦਾ ਸਿਪਾਹਸਲਾਰ ਜਾਂ ਕੋਈ ਸੈਨਾਪਤੀ ਏਅਰਪੋਰਟ ’ਤੇ ਉਨ੍ਹਾਂ ਨੂੰ ਲੈਣ ਨਹੀਂ ਆਇਆ। ਕੈਪਟਨ ਦੇ ਕਈ ਮੰਤਰੀ ਅਤੇ ਸੰਤਰੀ ਮਾੜੀ ਹਾਲਤ ’ਚ ਹਨ। ਉਨ੍ਹਾਂ ਦੇ ਘਰਾਂ ਦੇ ਬਾਹਰ ਗਾਰਡ ਨਹੀਂ ਰਹੇ, ਦਫ਼ਤਰ ਖੋਹੇ ਗਏ, ਅਫ਼ਸਰਾਂ ਨੇ ਕੰਮ ਕਰਨੇ ਬੰਦ ਕਰ ਦਿੱਤੇ। ਇਸ ਸਭ ਦੇ ਵਿਚਾਲੇ ਆਖਿਰ ਕੈਪਟਨ ਕਿਵੇਂ ਅੱਗੇ ਦੀ ਸਿਆਸਤ ਕਰਨਗੇ।

ਇਹ ਵੀ ਪੜ੍ਹੋ :  ਅਹਿਮ ਖ਼ਬਰ: ਕਿਸਾਨੀ ਸੰਘਰਸ਼ ’ਚ ਜਾਨ ਗੁਆਉਣ ਵਾਲੇ ਕਿਸਾਨਾਂ ਦੇ ਪਰਿਵਾਰਾਂ ਨੂੰ ਪੰਜਾਬ ਸਰਕਾਰ ਜਲਦ ਦੇਵੇਗੀ ਨੌਕਰੀ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News