ਕੈਪਟਨ ਨੇ ਨੇਪਾਲ ਦੇ ਰਾਜਦੂਤ ਨਾਲ ਸਹਿਯੋਗ ਦੇ ਮੁੱਦਿਆਂ ''ਤੇ ਕੀਤੀ ਚਰਚਾ

Saturday, Jul 27, 2019 - 11:40 PM (IST)

ਕੈਪਟਨ ਨੇ ਨੇਪਾਲ ਦੇ ਰਾਜਦੂਤ ਨਾਲ ਸਹਿਯੋਗ ਦੇ ਮੁੱਦਿਆਂ ''ਤੇ ਕੀਤੀ ਚਰਚਾ

ਚੰਡੀਗੜ੍ਹ/ਜਲੰਧਰ,(ਅਸ਼ਵਨੀ/ਧਵਨ): ਸੂਬੇ 'ਚ ਸਾਕਾਰਾਤਮਕ ਵਪਾਰਕ ਮਾਹੌਲ ਤੋਂ ਉਤਸ਼ਾਹਤ ਹੁੰਦਿਆਂ ਨੇਪਾਲ ਨੇ ਟਰਾਂਸਪੋਰਟ, ਖੇਤੀਬਾੜੀ ਅਤੇ ਸੈਰ ਸਪਾਟੇ 'ਚ ਨਿਵੇਸ਼ ਕਰਨ 'ਚ ਦਿਲਚਸਪੀ ਦਿਖਾਈ ਹੈ। ਭਾਰਤ 'ਚ ਨੇਪਾਲ ਦੇ ਰਾਜਦੂਤ ਨਿਲੰਬਰ ਅਚਾਰਿਆ ਨੇ ਅੱਜ ਇਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਸ਼ਿਸ਼ਟਾਚਾਰ ਮਿਲਣੀ ਦੌਰਾਨ ਦੱਸਿਆ ਕਿ ਉਨ੍ਹਾਂ ਦੇ ਮੁਲਕ ਦੇ ਸਨਅਤੀ ਘਰਾਣੇ ਪੰਜਾਬ ਦੀ ਮੌਜੂਦਾ ਸਰਕਾਰ ਵਲੋਂ ਪ੍ਰਦਾਨ ਕੀਤੇ ਮੌਕਿਆਂ ਨੂੰ ਵਰਤਣ ਦੇ ਖਾਹਿਸ਼ਮੰਦ ਹਨ। ਮੁੱਖ ਮੰਤਰੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਯਾਦ 'ਚ ਸਿੱਕੇ ਅਤੇ ਟਿਕਟਾਂ ਜਾਰੀ ਕਰਨ ਲਈ ਆਪਣੇ ਵਲੋਂ ਨੇਪਾਲ ਸਰਕਾਰ ਦਾ ਧੰਨਵਾਦ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਕਰਵਾਏ ਜਾ ਰਹੇ ਸਮਾਗਮਾਂ ਲਈ ਨੇਪਾਲ ਦੇ ਪ੍ਰਧਾਨ ਮੰਤਰੀ ਨੂੰ ਸ਼ਿਰਕਤ ਕਰਨ ਦਾ ਵੀ ਸੱਦਾ ਦਿੱਤਾ।

ਰਾਜਦੂਤ ਵਲੋਂ ਕੀਤੀ ਇਕ ਅਪੀਲ ਦੇ ਜਵਾਬ 'ਚ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਸਕੱਤਰ ਨੂੰ ਨੇਪਾਲੀ ਵਿਦਿਆਰਥੀਆਂ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਗੁਰੂ ਅੰਗਦ ਦੇਵ ਵੈਟਰਨਰੀ ਐਨੀਮਲ ਸਾਇਸੰਜ਼ ਯੂਨੀਵਰਸਿਟੀ 'ਚ ਕੁਝ ਸੀਟਾਂ ਰਾਖਵੀਆਂ ਕਰਨ ਦੀ ਸੰਭਾਵਨਾ ਤਲਾਸ਼ਣ ਲਈ ਆਖਿਆ ਤਾਂ ਕਿ ਇਹ ਵਿਦਿਆਰਥੀਆਂ ਖੇਤੀਬਾੜੀ ਅਤੇ ਪਸ਼ੂ ਧਨ ਦੇ ਖੇਤਰਾਂ 'ਚ ਪੰਜਾਬ ਦੇ ਤਜਰਬੇ ਦਾ ਲਾਹਾ ਖੱਟ ਸਕਣ। ਆਪਣੀ ਨੇਪਾਲ ਫੇਰੀ ਨੂੰ ਯਾਦ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੇ ਇਸ ਦੌਰੇ ਦੇ ਸਮੇਂ ਦੀਆਂ ਬਹੁਤ ਨਿੱਘੀਆਂ ਯਾਦਾਂ ਹਨ ਅਤੇ ਉਹ ਇਕ ਵਾਰ ਫਿਰ ਇਸ ਮੁਲਕ 'ਚ ਜਾਣ ਦੀ ਇੱਛਾ ਰੱਖਦੇ ਹਨ।


Related News