ਕੈਪਟਨ ਨੇ ਸਿੱਧੂ ਵਲੋਂ ਪਾਕਿ ਦੌਰੇ ਦੀ ਮਨਜ਼ੂਰੀ ਮੰਗੇ ਜਾਣ ਦੀ ਚਿੱਠੀ ਮੁੱਖ ਸਕੱਤਰ ਨੂੰ ਭੇਜੀ
Saturday, Nov 02, 2019 - 09:10 PM (IST)
ਜਲੰਧਰ,(ਧਵਨ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਨਵਜੋਤ ਸਿੱਧੂ ਵਲੋਂ ਪਾਕਿਸਤਾਨ 'ਚ ਕਰਤਾਰਪੁਰ ਕੋਰੀਡੋਰ ਦੇ ਉਦਘਾਟਨ ਸਮਾਗਮ 'ਚ ਸ਼ਾਮਲ ਹੋਣ ਬਾਰੇ ਇਜਾਜ਼ਤ ਮੰਗਣ ਦੀ ਚਿੱਠੀ ਜ਼ਰੂਰੀ ਕਾਰਵਾਈ ਲਈ ਮੁੱਖ ਸਕੱਤਰ ਨੂੰ ਭੇਜ ਦਿੱਤੀ ਹੈ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਨੂੰ ਅੱਜ ਸਵੇਰੇ ਹੀ ਸਿੱਧੂ ਦੀ ਚਿੱਠੀ ਮਿਲੀ ਤੇ ਉਨ੍ਹਾਂ ਇਸ ਨੂੰ ਤੁਰੰਤ ਸੂਬੇ ਦੇ ਮੁੱਖ ਸਕੱਤਰ ਨੂੰ ਭੇਜ ਦਿੱਤਾ। ਮੁੱਖ ਮੰਤਰੀ ਰਿਹਾਇਸ਼ 'ਤੇ ਹੋਰਨਾਂ ਵਿਧਾਇਕਾਂ ਦੀ ਮੌਜੂਦਗੀ 'ਚ ਕਿਹਾ ਕਿ ਸਿੱਧੂ ਨੂੰ 9 ਨਵੰਬਰ ਨੂੰ ਸ੍ਰੀ ਕਰਤਾਰਪੁਰ ਸਾਹਿਬ ਜਾਣ ਵਾਲੇ ਆਨ ਪਾਰਟੀ ਜਥੇ 'ਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਗਿਆ ਸੀ। ਡਿਪਟੀ ਕਮਿਸ਼ਨਰਾਂ ਨੇ ਆਪਣੇ ਜ਼ਿਲਿਆਂ ਦੇ ਵਿਧਾਇਕਾਂ ਨਾਲ ਸੰਪਰਕ ਕੀਤਾ ਸੀ ਤੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਵੀ ਸਿੱਧੂ ਦੇ ਦਫਤਰ ਨਾਲ ਸੰਪਰਕ ਬਣਾਏ ਹੋਏ ਸਨ ਪਰ ਉਨ੍ਹਾਂ ਕੋਈ ਜਵਾਬ ਨਹੀਂ ਦਿੱਤਾ।
ਕੈਪਟਨ ਅਮਰਿੰਦਰ ਸਿੰਘ ਨੇ ਕਰਤਾਰਪੁਰ ਕੋਰੀਡੋਰ ਨੂੰ ਲੈ ਕੇ ਰਾਜਨੀਤੀ ਕਰਨ ਵਾਲਿਆਂ 'ਤੇ ਤਿੱਖਾ ਵਾਰ ਕਰਦਿਆਂ ਕਿਹਾ ਕਿ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਮਹਾਨ ਵਿਚਾਰਧਾਰਾ ਦੀ ਉਲੰਘਣਾ ਕਰ ਰਹੇ ਹਨ ਜਦੋਂਕਿ ਪੂਰਾ ਦੇਸ਼ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਮਨਾ ਰਿਹਾ ਹੈ। ਭਾਰਤ ਨੂੰ ਇਸ ਮੌਕੇ ਇਕਜੁੱਟ ਹੋਣਾ ਚਾਹੀਦਾ ਸੀ ਤੇ ਪਾਕਿਸਤਾਨ ਦੇ ਕੋਰੀਡੋਰ ਨੂੰ ਲੈ ਕੇ ਲੁਕੇ ਡੂੰਘੇ ਏਜੰਡੇ ਦੇ ਪਿੱਛੇ ਸਾਜ਼ਿਸ਼ਾਂ ਨੂੰ ਬੇਨਕਾਬ ਕਰਨਾ ਚਾਹੀਦਾ ਸੀ ਪਰ ਇਸ ਪੂਰੇ ਮੁੱਦੇ 'ਤੇ ਸਵਾਰਥੀ ਰਾਜਨੀਤੀ ਹੋ ਰਹੀ ਹੈ। ਮੁੱਖ ਮੰਤਰੀ ਨੇ ਆਪਣਾ ਸਟੈਂਡ ਦੁਹਰਾਉਂਦਿਆਂ ਕਿਹਾ ਕਿ ਰਾਜਨੀਤੀ ਨੂੰ ਵੱਖਰਾ ਰੱਖਦੇ ਹੋਏ ਸ੍ਰੀ ਗੁਰੂ ਨਾਨਕ ਜੀ ਦੇ ਪ੍ਰਕਾਸ਼ ਪੁਰਬ 'ਤੇ ਹੋਣ ਵਾਲੇ ਮਹਾਨ ਪ੍ਰੋਗਰਾਮਾਂ ਨੂੰ ਸੂਬਾ ਸਰਕਾਰ ਦੇ ਅਧੀਨ ਮਨਾਇਆ ਜਾਣਾ ਚਾਹੀਦਾ ਹੈ ਜਿਵੇਂ ਕਿ ਪਹਿਲਾਂ ਵੀ ਹੁੰਦਾ ਆਇਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਹ ਹੋਰ ਸਿੱਖ ਸੰਗਤ ਵਾਂਗ ਹੀ ਸ੍ਰੀ ਕਰਤਾਰਪੁਰ ਸਾਹਿਬ ਗੁਰਦੁਆਰੇ ਦੇ ਦਰਸ਼ਨਾਂ ਲਈ ਜਾਣ ਨੂੰ ਲੈ ਬੇਹੱਦ ਖੁਸ਼ ਹਨ ਕਿਉਂਕਿ ਉਹ ਸ਼ੁਰੂ ਤੋਂ ਹੀ ਇਸ ਲਈ ਅਰਦਾਸ ਕਰਦੇ ਰਹੇ ਹਨ।