ਮੁੱਖ ਮੰਤਰੀ ਦੇ ਆਪਣੇ ਜ਼ਿਲੇ ''ਚ ਮਾਈਨਿੰਗ ਜ਼ੋਰਾਂ ''ਤੇ

09/28/2019 4:38:13 PM

ਬਨੂੜ (ਗੁਰਪਾਲ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੂਬੇ ਵਿਚ ਨਾਜਾਇਜ਼ ਮਾਈਨਿੰਗ ਨੂੰ ਪੂਰੀ ਤਰ੍ਹਾਂ ਬੰਦ ਕਰਨ ਦੇ ਦਾਅਵੇ ਕਰਦੇ ਨਹੀਂ ਥੱਕਦੇ ਜਦਕਿ ਉਨ੍ਹਾਂ ਦੇ ਜੱਦੀ ਜ਼ਿਲੇ ਪਟਿਆਲਾ ਅਧੀਨ ਪੈਂਦੇ ਹਲਕਾ ਘਨੌਰ ਦੇ ਪਿੰਡ ਸ਼ੰਭੂ ਕਲਾਂ ਵਿਚ ਧੜੱਲੇ ਨਾਲ ਨਾਜਾਇਜ਼ ਮਾਈਨਿੰਗ ਹੋ ਰਹੀ ਹੈ, ਇਸ ਮਾਈਨਿੰਗ ਬਾਰੇ ਜਾਣਕਾਰੀ ਦਿੰਦੇ ਹੋਏ ਭਾਰਤੀ ਕਿਸਾਨ ਯੂਨੀਅਨ ਦੇ ਜ਼ਿਲਾ ਪ੍ਰਧਾਨ ਬਲਵੰਤ ਸਿੰਘ ਨਡਿਆਲੀ ਨੇ ਆਖਿਆ ਕਿ ਮਾਨਸੂਨੀ ਸੀਜ਼ਨ ਦੇ ਚੱਲਦੇ ਸੂਬੇ ਵਿਚ ਇਕ ਜੁਲਾਈ ਤੋਂ ਲੈ ਕੇ 30 ਸਤੰਬਰ ਤੱਕ ਮਾਈਨਿੰਗ ਬਿਲਕੁਲ ਬੰਦ ਹੁੰਦੀ ਹੈ ਪ੍ਰੰਤੂ ਫਿਰ ਵੀ ਸ਼ੰਭੂ ਕਲਾਂ ਦੇ ਸਰਕਾਰੀ ਸਕੂਲ ਦੇ ਨੇੜਿਓਂ ਧੜੱਲੇ ਨਾਲ ਮਿੱਟੀ ਪੁੱਟੀ ਜਾ ਰਹੀ ਹੈ, ਉਨ੍ਹਾਂ ਦੱਸਿਆ ਕਿ ਮਾਈਨਿੰਗ ਮਾਫੀਆ ਵੱਲੋਂ ਚੁੱਕੀ ਜਾ ਰਹੀ ਮਿੱਟੀ ਕਾਰਨ ਇਸ ਥਾਂ 15-15 ਫੁੱਟ ਡੂੰਘੇ ਟੋਏ ਪਾਏ ਜਾ ਰਹੇ ਹਨ ਜੋ ਕਿ ਦੂਜੇ ਪਿੰਡਾਂ ਵਿਚੋਂ ਸਕੂਲ ਪੜ੍ਹਨ ਆਉਣ ਵਾਲੇ ਬੱਚੇ ਕਦੇ ਵੀ ਹਾਦਸੇ ਦਾ ਸ਼ਿਕਾਰ ਬਣ ਸਕਦੇ ਹਨ ਕਿਉਂਕਿ ਜਿੱਥੋਂ ਮਾਈਨਿੰਗ ਮਾਫੀਆ ਵੱਲੋਂ ਮਿੱਟੀ ਚੁੱਕੀ ਜਾ ਰਹੀ ਹੈ, ਉਹ ਥਾਂ ਸਕੂਲ ਦੇ ਬਿਲਕੁਲ ਨੇੜੇ ਤੇ ਲਿੰਕ ਸੜਕ ਦੇ ਉੱਤੇ ਹੈ ।
ਕਿਸਾਨ ਆਗੂ ਨੇ ਕਿਹਾ ਕਿ ਜੇਕਰ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਇਸ ਥਾਂ ਤੋਂ ਹੋ ਰਹੀ ਨਾਜਾਇਜ਼ ਮਾਈਨਿੰਗ ਨੂੰ ਬੰਦ ਨਾ ਕਰਵਾਇਆ ਤਾਂ ਉਹ ਇਸ ਮਾਮਲੇ ਬਾਰੇ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦਾ ਦਰਵਾਜ਼ਾ ਖੜਕਾਉਣਗੇ ਤੇ ਸੰਬੰਧਤ ਵਿਭਾਗ ਦੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਕੀਤੇ ਜਾ ਰਹੇ ਇਸ ਗੋਰਖ ਧੰਦੇ ਨੂੰ ਬੰਦ ਕਰਵਾਇਆ ਜਾਵੇਗਾ ਤੇ ਇਸ ਵਿਚ ਸ਼ਾਮਲ ਦੋਸ਼ੀਆਂ ਨੂੰ ਕਾਨੂੰਨ ਦੇ ਕਟਹਿਰੇ ਵਿਚ ਖੜ੍ਹਾ ਕਰ ਕੇ ਹੀ ਰਹਿਣਗੇ ।ਇਸ ਮਾਮਲੇ ਬਾਰੇ ਪਿੰਡ ਸ਼ੰਭੂ ਕਲਾਂ ਦੇ ਕੁਝ ਵਸਨੀਕਾਂ ਨੇ ਦੱਸਿਆ ਕਿ ਇਸ ਥਾਂ ਤੋਂ ਮਿੱਟੀ ਚੁੱਕਣ ਵਾਲੇ ਟਿੱਪਰਾਂ ਕਾਰਨ ਪਿੰਡ ਦੀ ਪੱਚੀ ਸਾਲ ਬਾਅਦ ਕੁਝ ਮਹੀਨੇ ਪਹਿਲਾਂ ਬਣਾਈ ਗਈ ਫਿਰਨੀ ਵੀ ਥਾਂ-ਥਾਂ ਤੋਂ ਟੁੱਟਣੀ ਸ਼ੁਰੂ ਹੋ ਚੁੱਕੀ ਹੈ।ਉਨ੍ਹਾਂ ਦੱਸਿਆ ਕਿ ਇਨ੍ਹਾਂ ਟਿੱਪਰਾਂ ਕਾਰਨ ਉੱਡਦੀ ਮਿੱਟੀ ਕਾਰਨ ਵੀ ਉਨ੍ਹਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਪਿੰਡ ਦੇ ਸਾਬਕਾ ਪੰਚਾਇਤ ਮੈਂਬਰ ਬਹਾਦਰ ਸਿੰਘ, ਹਰਜੰਟ ਸਿੰਘ, ਕਸ਼ਮੀਰ ਸਿੰਘ, ਅਵਤਾਰ ਸਿੰਘ ਤੋਂ ਇਲਾਵਾ ਹੋਰ ਬਹੁਤ ਸਾਰੇ ਵਸਨੀਕਾਂ ਨੇ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਪਿੰਡ ਚ ਹੁੰਦੀ ਨਾਜਾਇਜ਼ ਮਾਈਨਿੰਗ ਨੂੰ ਬੰਦ ਕਰਵਾਉਣ ਦੀ ਅਪੀਲ ਕੀਤੀ ਹੈ।ਇਸ ਸਬੰਧੀ ਗਲਬਾਤ ਹਲਕਾ ਘਨੌਰ ਦੇ ਡੀਐਸਪੀ ਮਨਪ੍ਰੀਤ ਸਿੰਘ ਨੇ ਕਿਹਾਕਿ ਇਹ ਮਾਮਲਾ ਸਾਡੇ ਧਿਆਨ ਵਿਚ ਆ ਗਿਆ ਹੈ ਅਤੇ ਜਲਦ ਹੀ ਮੋਕੇ ਤੇ ਮੁਲਾਜਮਾਂ ਨੂੰ ਭੇਜ ਕੇ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।


Gurminder Singh

Content Editor

Related News