ਕੈਪਟਨ ਅਮਰਿੰਦਰ ਸਿੰਘ ਨੂੰ ਮਿਲੇ ਫਾਰੂਕ ਅਬਦੁੱਲਾ
Wednesday, Jul 31, 2019 - 11:11 PM (IST)

ਜਲੰਧਰ,(ਧਵਨ): ਸਾਬਕਾ ਕੇਂਦਰੀ ਮੰਤਰੀ ਤੇ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਮੁੱਖ ਮੰਤਰੀ ਰਿਹਾਇਸ਼ ਚੰਡੀਗੜ੍ਹ ਵਿਚ ਮੁਲਾਕਾਤ ਕੀਤੀ। ਦੋਵੇਂ ਆਗੂ ਲਗਭਗ ਇਕ ਘੰਟਾ ਇਕੱਠੇ ਰਹੇ। ਸਰਕਾਰੀ ਹਲਕਿਆਂ ਤੋਂ ਪਤਾ ਲੱਗਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਖੁਦ ਹੀ ਫਾਰੂਕ ਅਬਦੁੱਲਾ ਨੂੰ ਦੁਪਹਿਰ ਦੇ ਭੋਜਨ ਮੌਕੇ ਆਪਣੀ ਰਿਹਾਇਸ਼ 'ਤੇ ਸੱਦਾ ਦਿੱਤਾ ਸੀ। ਜ਼ਿਕਰਯੋਗ ਹੈ ਕਿ ਫਾਰੂਕ ਅਬਦੁੱਲਾ ਨੇ ਕੁਝ ਦਿਨ ਪਹਿਲਾਂ ਦਿੱਲੀ 'ਚ ਵੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕੀਤੀ ਸੀ। ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਦਿਆਂ ਕਿਹਾ ਕਿ ਉਹ ਹਮੇਸ਼ਾ ਫਾਰੂਕ ਅਬਦੁੱਲਾ ਨੂੰ ਮਿਲ ਕੇ ਪ੍ਰਸੰਨ ਹੁੰਦੇ ਹਨ ਅਤੇ ਆਪਣੇ ਮਿੱਤਰ ਦੇ ਨਾਲ ਸਮਾਂ ਬਿਤਾਉਣਾ ਉਨ੍ਹਾਂ ਨੂੰ ਚੰਗਾ ਲੱਗਦਾ ਹੈ। ਉਨ੍ਹਾਂ ਕਿਹਾ ਕਿ ਮੁਲਾਕਾਤ ਦੌਰਾਨ 1980 ਦੇ ਦਹਾਕੇ 'ਚ ਫਾਰੂਕ ਅਬਦੁੱਲਾ ਨਾਲ ਸੰਸਦ 'ਚ ਬਿਤਾਏ ਪਲਾਂ 'ਤੇ ਵੀ ਖੁਲ੍ਹ ਕੇ ਚਰਚਾ ਹੋਈ। 1980 ਦੇ ਦਹਾਕੇ 'ਚ ਫਾਰੂਕ ਅਬਦੁੱਲਾ ਵੀ ਸੰਸਦ ਦੇ ਮੈਂਬਰ ਸਨ ਤੇ ਕੈਪਟਨ ਅਮਰਿੰਦਰ ਸਿੰਘ ਵੀ ਉਸ ਸਮੇਂ ਸੰਸਦ ਮੈਂਬਰ ਸਨ।