ਪੰਜਾਬ ਨੂੰ ਭੁੱਖੇ ਸ਼ੇਰਾਂ ਵਾਂਗ ਲੁੱਟਣ ਲੱਗੇ ਕਾਂਗਰਸੀ : ਸੁਖਬੀਰ
Monday, Jun 12, 2017 - 07:01 PM (IST)
ਲੁਧਿਆਣਾ (ਮੁੱਲਾਂਪੁਰੀ/ਪਾਲੀ) : ਪੰਜਾਬ ਦੀ ਕਾਂਗਰਸ ਪੱਖੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੇਸ਼ ਦੀ ਪਹਿਲੀ ਸਰਕਾਰ ਹੈ ਜੋ ਸਤਾ 'ਚ ਆਉਣ ਤੇ ਦੋ ਮਹੀਨੇ 'ਚ ਹੀ ਬਦਨਾਮ ਹੋ ਗਈ ਹੈ। ਇਥੇ ਹੀ ਬੱਸ ਨਹੀਂ ਇਸ ਸਰਕਾਰ ਦੇ ਮੰਤਰੀ ਵਿਧਾਇਕ ਤੇ ਕਾਂਗਰਸੀ ਭੁੱਖੇ ਸ਼ੇਰਾਂ ਵਾਂਗ ਪੰਜਾਬ ਨੂੰ ਲੁੱਟਣ ਲੱਗ ਪਏ ਹਨ। ਇਹ ਸ਼ਬਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਸੋਮਵਾਰ ਨੂੰ ਅਕਾਲੀ ਦਲ ਵੱਲੋਂ ਜ਼ਿਲਾ ਹੈਡ ਕੁਆਟਰ ਤੇ ਦਿੱਤੇ ਜਾਣ ਵਾਲੇ ਧਰਨੇ ਦੇ ਸਬੰਧ ਵਿਚ ਲੁਧਿਆਣੇ 'ਚ ਧਰਨੇ ਦੀ ਅਗਵਾਈ ਕਰਦਿਆਂ ਭਾਰੀ ਇਕੱਠ ਵਿਚ ਕਹੇ। ਬਾਦਲ ਨੇ ਕਿਹਾ ਕਿ ਰੇਤੇ ਦੇ ਮਾਮਲੇ, ਸ਼ਰਾਬ ਦੇ ਮਾਮਲੇ ਤੇ ਹੋਰ ਕਈ ਘਪਲਿਆਂ ਵਿਚ ਇਹ ਸਰਕਾਰ ਇਸ ਕਦਰ ਫਸ ਗਈ ਹੈ। ਲੋਕਾਂ ਦਾ ਸਰਕਾਰ ਤੋਂ ਵਿਸ਼ਵਾਸ ਉਠ ਗਿਆ ਹੈ। ਪੰਜਾਬ ਵਿਚ ਅਮਨ ਕਾਨੂੰਨ ਦੀ ਸਥਿਤੀ ਲੜਖ਼ੜਾ ਗਈ ਹੈ। ਪੁਲਸ ਦੀਆਂ ਕਾਂਸਟੇਬਲ ਲੜਕੀਆਂ ਥਾਣਿਆਂ ਵਿਚ ਫਾਹਾ ਲੈ ਰਹੀਆਂ ਹਨ। ਗੈਂਗਸਟਰਾਂ ਦਾ ਬੋਲਬਾਲਾ ਹੈ। ਉਨ੍ਹਾਂ ਅੱਗੇ ਕਿਹਾ ਕਿ ਕਾਂਗਰਸੀਆਂ ਨੇ ਸਾਨੂੰ ਬਦਨਾਮ ਕਰਨ ਕਾਰਨ ਸੱਤਾ ਹਾਸਲ ਕੀਤੀ ਹੈ ਪਰ ਬਦਨਾਮੀ ਆਖਰ ਕਾਂਗਰਸ ਦੇ ਮੱਥੇ ਦਾ ਕਲੰਕ ਬਣੀ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਤੋਂ ਪਹਿਲਾਂ ਮੂਰਖ ਬਣਾ ਕੇ ਵੋਟਰਾਂ ਨੂੰ ਠੱਗਿਆ। ਕਿਸਾਨਾਂ ਦੇ ਕਰਜ਼ੇ ਦੀ ਮੁਆਫੀ, ਹਰ ਘਰ ਵਿਚ ਨੌਕਰੀ ਤੇ ਸਮਾਰਟ ਟੈਲੀਫੋਨ ਦੇਣ ਦੇ ਵਾਅਦੇ ਅੱਜ ਹਵਾ ਵਿਚ ਦਿਖਾਈ ਦੇ ਰਹੇ ਹਨ। ਬਾਦਲ ਨੇ ਕਿਹਾ ਕਿ ਕਾਂਗਰਸ ਸਰਕਾਰ ਖਜ਼ਾਨਾ ਖਾਲੀ ਹੋਣ ਦਾ ਰੌਲਾ ਪਾ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਸਭ ਪਤਾ ਸੀ ਖਜ਼ਾਨੇ ਦੀ ਕੀ ਹਾਲਤ ਹੈ ਜਾਂ ਖਜ਼ਾਨਾ ਖਾਲੀ ਹੈ, ਕਿਉਂਕਿ ਮਨਪ੍ਰੀਤ ਬਾਦਲ 4 ਸਾਲ ਸਾਡੀ ਸਰਕਾਰ ਵਿਚ ਮੰਤਰੀ ਰਿਹਾ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਚੋਣ ਮੈਨੀਫੈਸਟੋ ਦਾ ਕਰਤਾ-ਧਰਤਾ ਮਨਪ੍ਰੀਤ ਬਾਦਲ ਸੀ ਜਿਨ੍ਹਾਂ ਨੇ ਲੋਕਾਂ ਨੂੰ ਗੁੰਮਰਾਹ ਕਰਕੇ ਠੱਗਿਆ ਅਤੇ ਮੂਰਖ ਬਣਾਇਆ। ਬਾਦਲ ਨੇ ਅੱਗੇ ਬੋਲਦਿਆਂ ਕਿਹਾ ਕਿ ਪੰਜਾਬ ਵਿਚ ਬਿਜਲੀ ਦੀ ਮਾੜੀ ਹਾਲਤ, ਨੀਲਾ ਕਾਰਡ, ਆਟਾ ਦਾਲ ਬੰਦ, ਪੈਨਸ਼ਨਾਂ ਬੰਦ ਹਨ ਤੇ ਵਿਕਾਸ ਬੰਦ ਗੱਲ ਕਿ ਅਕਾਲੀ ਸਰਕਾਰ ਵੱਲੋਂ ਸਾਰੇ ਵਿਕਾਸ ਕਾਰਜਾਂ 'ਤੇ ਵੱਡੀ ਸੱਟ ਮਾਰੀ ਹੈ।
ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਬਾਰੇ ਕਿਹਾ ਕਿ ਮੁੱਖ ਮੰਤਰੀ 3 ਮਹੀਨੇ ਹੋ ਗਏ ਪਟਿਆਲੇ ਤੇ ਪੰਜਾਬ ਦੇ ਕਿਸੇ ਸ਼ਹਿਰ ਬਠਿੰਡਾ, ਜਲੰਧਰ, ਲੁਧਿਆਣਾ ਜਾਂ ਹੋਰ ਕਿਸੇ ਸ਼ਹਿਰ ਨਹੀਂ ਗਏ। ਸਿਰਫ ਆਪਣੀ ਦੋਸਤ ਦਾ ਜਨਮ ਦਿਨ ਮਨਾਉਣ ਲਈ ਪਹਾੜਾਂ ਵਿਚ ਜ਼ਰੂਰ ਗਏ ਸਨ। ਇਸ ਧਰਨੇ ਵਿਚ ਭਾਜਪਾ ਦੇ ਸੂਬਾ ਪ੍ਰਧਾਨ ਵਿਜੇ ਸਾਂਪਲਾ, ਕੇਂਦਰੀ ਮੰਤਰੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਤਿੰਨ ਮਹੀਨੇ ਵਿਚ ਸਰਕਾਰ ਦਾ ਜਨਾਜਾ ਨਿਕਲ ਗਿਆ ਹੈ। ਨਸ਼ੇ ਨੂੰ ਕਾਬੂ ਕਰਨ ਵਿਚ ਬੁਰੀ ਤਰ੍ਹਾਂ ਨਾਕਾਮ, ਰੇਤ ਘਪਲੇ ਕੈਪਟਨ ਸਰਕਾਰ ਦੇ ਹਿੱਸੇ ਆਏ ਹਨ। ਅਸੀਂ ਇਸ ਸੁੱਤੀ ਤੇ ਬੋਲੀ ਸਰਕਾਰ ਦੇ ਕੰਨ ਖੋਲ੍ਹਣ ਲਈ ਇੱਟ ਨਾਲ ਇੱਟ ਖੜਕਾ ਦੇਵਾਂਗੇ। ਇਸ ਧਰਨੇ ਵਿਚ ਸਾਬਕਾ ਮੰਤਰੀ ਸ਼ਰਨਜੀਤ ਸਿੰਘ ਢਿੱਲੋ, ਸਾਬਕਾ ਮੰਤਰੀ ਹੀਰਾ ਸਿੰਘ ਗਾਬੜੀਆ, ਜਗਦੀਸ਼ ਸਿੰਘ ਗਰਚਾ, ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਮੱਕੜ, ਸਾਬਕਾ ਐਮ.ਐਲ.ਏ. ਰਣਜੀਤ ਸਿੰਘ ਢਿੱਲੋਂ ਤੋਂ ਇਲਾਵਾ ਅਕਾਲੀ ਤੇ ਭਾਜਪਾ ਦੇ ਕਈ ਆਗੂ ਸ਼ਾਮਲ ਸਨ।
