ਕੈਪਟਨ ਦੇ ਸ਼ਹਿਰ ’ਚ ਨਾਈਟ ਕਰਫਿਊ ਦੌਰਾਨ ਗੁੰਡਾਗਰਦੀ, ਇੱਟਾਂ-ਰੋੜਿਆਂ ਤੇ ਰਾਡਾਂ ਨਾਲ ਹਮਲਾ

Friday, Jun 18, 2021 - 12:47 PM (IST)

ਪਟਿਆਲਾ (ਬਲਜਿੰਦਰ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜੱਦੀ ਸ਼ਹਿਰ ਵਿਖੇ ਸ਼ਰਾਰਤੀ ਅਤੇ ਗੁੰਡਾ ਅਨਸਰ ਪੁਲਸ ਪ੍ਰਸ਼ਾਸਨ ਨੂੰ ਅੰਗੂਠਾ ਦਿਖਾਉਂਦੇ ਹੋਏ ਸ਼ਰੇਆਮ ਗੁੰਡਾਗਰਦੀ ਦਾ ਨੰਗਾ-ਨਾਚ ਖੇਡ ਰਹੇ ਹਨ। ਗੁੰਡਾ ਅਨਸਰਾਂ ਦੇ ਹੌਂਸਲੇ ਇੰਨੇ ਵੱਧ ਚੁੱਕੇ ਹਨ ਕਿ ਨਾਈਟ ਕਰਫਿਊ ਹੋਣ ਦੇ ਬਾਵਜੂਦ ਇਹ ਲੋਕ ਸ਼ਰੇਆਮ ਕਾਨੂੰਨ ਦੀਆਂ ਧੱਜੀਆਂ ਉੁਡਾ ਰਹੇ ਹਨ। ਲੋਕਾਂ ਦੇ ਘਰਾਂ ’ਤੇ ਹਮਲੇ ਤਕ ਕਰ ਰਹੇ ਹਨ, ਜਿਸ ਦੀ ਤਾਜ਼ਾ ਮਿਸਾਲ ਉਸ ਸਮੇਂ ਹੋਈ ਜਦੋਂ ਸ਼ਹੀਦ ਊਧਮ ਸਿੰਘ ਨਗਰ ਸਥਿਤ ਹਰਵਿੰਦਰ ਸਿੰਘ ਲਾਲੀ ਦੇ ਘਰ ਦੇ ਬਾਹਰ ਅਣਪਛਾਤੇ ਹਮਲਾਵਰਾਂ ਵੱਲੋਂ ਇੱਟਾਂ-ਰੋੜਿਆਂ ਅਤੇ ਰਾਡਾਂ ਨਾਲ ਹਮਲਾ ਕਰ ਕੇ ਘਰ ਦੇ ਬਾਹਰ ਖੜ੍ਹੀ ਗੱਡੀ ਨੂੰ ਭਾਰੀ ਨੁਕਸਾਨ ਪਹੁੰਚਾਇਆ ਗਿਆ।

ਜਾਣਕਾਰੀ ਦਿੰਦਿਆਂ ਹਰਵਿੰਦਰ ਲਾਲੀ ਨੇ ਆਖਿਆ ਕਿ ਰੋਜ਼ਾਨਾ ਦੀ ਤਰ੍ਹਾਂ ਜਦੋਂ ਉਹ 16 ਜੂਨ ਨੂੰ ਜਦੋਂ ਰਾਤ ਤਕਰੀਬਨ 12 ਵਜੇ ਘਰ ਪਹੁੰਚੇ ਤਾਂ 5 ਕੁ ਮਿੰਟਾਂ ਬਾਅਦ ਹੀ ਉਨ੍ਹਾਂ ਘਰ ਦੇ ਬਾਹਰ ਭੰਨ੍ਹ-ਤੋਡ਼ ਦੀਆਂ ਆਵਾਜ਼ਾਂ ਆਉਣ ਲੱਗੀਆਂ। ਜਦੋਂ ਉਨ੍ਹਾਂ ਅਤੇ ਉਨ੍ਹਾਂ ਦੀ ਪਤਨੀ ਵੱਲੋਂ ਹਮਲਾਵਰਾਂ ਨੂੰ ਲਲਕਾਰਿਆ ਤਾਂ ਹਮਲਾਵਰਾਂ ਨੇ ਉਨ੍ਹਾਂ ਦੇ ਘਰ ਅਤੇ ਸਾਹਮਣੇ ਰਹਿੰਦੇ ਰਾਜੀਵ ਕੁਮਾਰ ਦੇ ਘਰ ਦੇ ਗੇਟ ’ਤੇ ਇੱਟਾਂ ਚਲਾਈਆਂ। ਨਾਲ ਹੀ ਘਰ ਦੇ ਬਾਹਰ ਖੜ੍ਹੀ ਉਨ੍ਹਾਂ ਦੀ ਗੱਡੀ ਮਾਰੂਤੀ ਨੰਬਰ ਪੀ. ਯੂ. ਪੀ. 23 ਨੂੰ ਰਾਡਾਂ ਨਾਲ ਬੁਰੀ ਤਰ੍ਹਾਂ ਭੰਨ੍ਹ ਦਿੱਤਾ। ਉਨ੍ਹਾਂ ਆਖਿਆ ਕਿ ਜਦੋਂ ਤੱਕ ਉਹ ਘਰ ਦਾ ਗੇਟ ਖੋਲ੍ਹ ਕੇ ਬਾਹਰ ਪਹੁੰਚੇ ਤਾਂ ਉਸ ਸਮੇਂ ਤੱਕ ਹਮਲਾਵਰ ਫਰਾਰ ਹੋ ਚੁੱਕੇ ਸਨ। ਅੱਜ ਘਟਨਾ ਵਾਲੀ ਥਾਂ ਤ੍ਰਿਪੜੀ ਥਾਣਾ ਇੰਚਾਰਜ ਹੈਰੀ ਬੋਪਾਰਾਏ ਅਤੇ ਡਿਊਟੀ ਅਫਸਰ ਸਰਨ ਸਿੰਘ ਵੱਲੋਂ ਸਮੇਤ ਪੁਲਸ ਪਾਰਟੀ ਨਾਲ ਮੌਕੇ ਦਾ ਮੁਆਇਨਾ ਕੀਤਾ ਗਿਆ। ਘਟਨਾ ਦੀ ਜਾਂਚ ਕਰ ਕੇ ਦੋਸ਼ੀਆਂ ਖਿਲਾਫ਼ ਬਣਦੀ ਕਾਰਵਾਈ ਕਰਨ ਦੀ ਗੱਲ ਕਹੀ ਗਈ ਹੈ।

 


Gurminder Singh

Content Editor

Related News