ਪੰਜਾਬ ਮੰਤਰੀ ਮੰਡਲ ''ਚ ਵੱਡੇ ਫੇਰ ਬਦਲ ਦੀ ਤਿਆਰੀ, ਇਨ੍ਹਾਂ ਮੰਤਰੀਆਂ ਦੇ ਬਦਲ ਸਕਦੇ ਨੇ ਵਿਭਾਗ

Tuesday, Jan 21, 2020 - 06:53 PM (IST)

ਪੰਜਾਬ ਮੰਤਰੀ ਮੰਡਲ ''ਚ ਵੱਡੇ ਫੇਰ ਬਦਲ ਦੀ ਤਿਆਰੀ, ਇਨ੍ਹਾਂ ਮੰਤਰੀਆਂ ਦੇ ਬਦਲ ਸਕਦੇ ਨੇ ਵਿਭਾਗ

ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਦਿੱਲੀ 'ਚ ਪਾਰਟੀ ਦੀ ਕੌਮੀ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਕੀਤੀ। ਕਾਂਗਰਸ ਪ੍ਰਧਾਨ ਨਾਲ ਕੈਪਟਨ ਦੀ ਇਸ ਮੁਲਾਕਾਤ ਤੋਂ ਬਾਅਦ ਦਿੱਲੀ ਤੋਂ ਪਰਤਦੇ ਹੀ ਪੰਜਾਬ ਮੰਤਰੀ ਮੰਡਲ ਦਾ ਵਿਸਤਾਰ ਲਗਭਗ ਤੈਅ ਮੰਨਿਆ ਜਾ ਰਿਹਾ ਹੈ। ਸੂਤਰਾਂ ਮੁਤਾਬਕ ਮੰਤਰੀ ਮੰਡਲ ਵਿਚ ਜਿੱਥੇ ਪੁਰਾਣੇ ਮੰਤਰੀਆਂ ਦਾ ਵਿਭਾਗ ਬਦਲਿਆ ਜਾ ਸਕਦਾ ਹੈ, ਉਥੇ ਹੀ ਨਵੇਂ ਚਿਹਰਿਆਂ ਨੂੰ ਵੀ ਜਗ੍ਹਾ ਮਿਲ ਸਕਦੀ ਹੈ। ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ 'ਤੇ ਵਿਰੋਧੀਆਂ ਦੇ ਦੋਸ਼ਾਂ ਦੇ ਚੱਲਦੇ ਉਨ੍ਹਾਂ ਦੇ ਵਿਭਾਗ 'ਚ ਫੇਰਬਦਲ ਕੀਤਾ ਜਾ ਸਕਦਾ ਹੈ। ਉਥੇ ਹੀ ਮੰਤਰੀ ਭਾਰਤ ਭੂਸ਼ਣ ਆਸ਼ੂ ਦਾ ਵਿਭਾਗ ਵੀ ਬਦਲਿਆ ਜਾ ਸਕਦਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਦੋ ਦਲਿਤ ਮੰਤਰੀਆਂ ਚਰਨਜੀਤ ਸਿੰਘ ਚੰਨੀ ਅਤੇ ਅਰੁਣਾ ਚੌਧਰੀ ਵਿਚੋਂ ਵੀ ਕਿਸੇ ਇਕ ਨੂੰ ਬਦਲਿਆ ਜਾ ਸਕਦਾ ਹੈ, ਬਦਲਾਅ ਦੇ ਰੂਪ ਵਿਚ ਦਲਿਤ ਆਗੂ ਰਾਜ ਕੁਮਾਰ ਵੇਰਕਾ ਨੂੰ ਮੰਤਰੀ ਮੰਡਲ ਵਿਚ ਜਗ੍ਹਾ ਮਿਲ ਸਕਦੀ ਹੈ। 

ਇਸ ਬੈਠਕ 'ਚ ਮੁੱਖ ਮੰਤਰੀ ਨੇ ਆਪਣੇ|ਮੰਤਰੀਆਂ ਦੀ ਕਾਰਗੁਜ਼ਾਰੀ ਦੀ ਜਾਣਕਾਰੀ ਵੀ ਸੋਨੀਆ ਗਾਂਧੀ ਨੂੰ ਦਿੱਤੀ ਹੈ ਅਤੇ ਨਾਲ ਹੀ ਪੰਜਾਬ ਮੰਤਰੀ ਮੰਡਲ 'ਚ ਖਾਲੀ ਪਏ ਇਕ ਅਹੁਦੇ ਨੂੰ ਭਰਨ ਦੇ ਵਿਸ਼ੇ ਵਿਚ ਵੀ ਸੋਨੀਆ ਦੇ ਨਾਲ ਚਰਚਾ ਕੀਤੀ ਹੈ। ਪੰਜਾਬ ਮੰਤਰੀ ਮੰਡਲ 'ਚ ਇਕ ਅਹੁਦਾ ਨਵਜੋਤ ਸਿੰਘ ਵਲੋਂ ਅਸਤੀਫਾ ਦੇਣ ਤੋਂ ਬਾਅਦ ਖਾਲੀ ਹੋਇਆ ਸੀ, ਉਦੋਂ ਤੋਂ ਇਸ ਅਹੁਦੇ ਨੂੰ ਭਰਿਆ ਨਹੀਂ ਜਾ ਸਕਿਆ ਹੈ ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਅਹੁਦੇ ਨੂੰ ਭਰਨ ਦੇ ਨਾਲ-ਨਾਲ ਕੁਝ ਮੰਤਰੀਆਂ ਦੇ ਵਿਭਾਗਾਂ 'ਚ ਫੇਰਬਦਲ ਕਰਨ ਦੇ ਚਾਹਵਾਨ ਦੱਸੇ ਜਾ ਰਹੇ ਹਨ ਤਾਂ ਕਿ ਪਾਰਟੀ ਜਾਂ ਸਰਕਾਰ ਨੂੰ 2022 'ਚ ਹੋਣ ਵਾਲੀਆਂ ਸੂਬਾਈ ਵਿਧਾਨ ਸਭਾ ਦੀਆਂ ਆਮ ਚੋਣਾਂ ਲਈ ਤਿਆਰ ਕੀਤਾ ਜਾ ਸਕੇ। ਸੋਨੀਆ ਨਾਲ ਮੁਲਾਕਾਤ ਤੋਂ ਬਾਅਦ ਮੁੱਖ ਮੰਤਰੀ ਨੇ ਦਿੱਲੀ 'ਚ ਮੀਡੀਆ ਨਾਲ ਗੱਲਬਾਤ ਨਹੀਂ ਕੀਤੀ। ਅੰਦਰ ਦੀਆਂ ਗੱਲਾਂ ਨੂੰ ਗੁਪਤ ਰੱਖਿਆ ਗਿਆ ਹੈ।


author

Gurminder Singh

Content Editor

Related News