ਕੈਪਟਨ ਦੇ ਕਰਜ਼ਾ ਮੁਆਫ਼ੀ ਦੇ ਐਲਾਨ ਨਾਲ ਪੰਜਾਬ ਸਰਕਾਰ ਦੇ ਬੈਂਕ ਹੀ ਸੰਕਟ ''ਚ ਘਿਰੇ

07/16/2017 7:23:14 PM

ਚੰਡੀਗੜ, ਮਾਛੀਵਾੜਾ ਸਾਹਿਬ (ਟੱਕਰ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਚੋਣਾਂ ਤੋਂ ਪਹਿਲਾਂ ਕਿਸਾਨਾਂ ਦਾ ਬੈਂਕਾਂ ਅਤੇ ਆੜ੍ਹਤੀਆਂ ਦਾ ਸਾਰਾ ਕਰਜ਼ ਮੁਆਫ਼ ਕਰਨ ਦੇ ਐਲਾਨ ਕਾਰਣ ਹੁਣ ਸਰਕਾਰ ਬਣਨ ਤੋਂ ਬਾਅਦ ਪੰਜਾਬ ਸਰਕਾਰ ਦਾ ਆਪਣਾ ਬੈਂਕ ਹੀ ਇਸ ਕਰਜ਼ਾ ਮੁਆਫ਼ੀ ਦੇ ਐਲਾਨ ਨਾਲ ਸੰਕਟ ਵਿਚ ਘਿਰ ਗਿਆ ਹੈ ਕਿਉਂਕਿ ਕਿਸਾਨਾਂ ਵਲੋਂ ਕਰਜ਼ਾ ਮੁਆਫ਼ੀ ਦੇ ਚੱਕਰ ਵਿਚ ਆਪਣੀ ਕਰੋੜਾਂ ਰੁਪਏ ਲੋਨ ਦੀ ਕਿਸ਼ਤ ਅਦਾ ਨਾ ਕੀਤੀ ਗਈ। ਪੰਜਾਬ ਦੇ ਕਿਸਾਨਾਂ ਨੂੰ ਖੇਤੀਬਾੜੀ ਲਈ ਹਰ ਤਰ੍ਹਾਂ ਦਾ ਕਰਜ਼ਾ ਦੇਣ ਵਾਲਾ ਖੇਤੀਬਾੜੀ ਸਹਿਕਾਰੀ ਵਿਕਾਸ ਬੈਂਕ (ਲੈਂਡ ਮਾਰਗੇਜ਼ ਬੈਂਕ) ਦੀਆਂ ਸਾਰੇ ਸੂਬੇ 'ਚ ਕਰੀਬ 89 ਬ੍ਰਾਂਚਾ ਹਨ। ਪੰਜਾਬ ਸਰਕਾਰ ਦੇ ਇਸ ਬੈਂਕ ਵਲੋਂ ਨਬਾਰਡ ਤੋਂ ਕਰਜ਼ਾ ਲੈ ਕੇ ਪੰਜਾਬ ਦੇ ਕਿਸਾਨਾਂ ਨੂੰ ਕਰੀਬ 2800 ਕਰੋੜ ਰੁਪਏ ਕਰਜ਼ੇ ਦੇ ਰੂਪ ਵਿਚ ਵੰਡਿਆ ਹੋਇਆ ਹੈ। ਬੇਸ਼ੱਕ ਇਹ ਬੈਂਕ ਜਦੋਂ ਤੋਂ ਖੁੱਲ੍ਹੇ ਹਨ ਉਦੋਂ ਤੋਂ ਲਾਭ ਵਿਚ ਜਾ ਰਹੇ ਹਨ ਅਤੇ ਜਿਸ ਦਾ ਕਿਸਾਨਾਂ ਨੂੰ ਵੀ ਬੇਹੱਦ ਲਾਭ ਰਿਹਾ ਹੈ ਪਰ ਜਦੋਂ ਤੋਂ ਕੈਪਟਨ ਅਮਰਿੰਦਰ ਸਿੰਘ ਨੇ ਕਰਜ਼ਾ ਮੁਆਫ਼ੀ ਦਾ ਐਲਾਨ ਕੀਤਾ ਉਸ ਤੋਂ ਬਾਅਦ ਇਸ ਬੈਂਕ ਨਾਲ ਜੁੜੇ ਕਿਸਾਨਾਂ ਵਲੋਂ ਆਪਣੇ ਕਰਜ਼ੇ ਦੀਆਂ ਕਿਸ਼ਤਾਂ ਦੇਣ ਤੋਂ ਘਸੇਲ ਵੱਟ ਲਈ ਜਿਸ ਕਾਰਣ ਹੁਣ ਇਸ ਬੈਂਕ 'ਤੇ ਸੰਕਟ ਦੇ ਬੱਦਲ ਛਾਏ ਹੋਏ ਹਨ।
ਕਾਂਗਰਸ ਦੇ ਕਰਜ਼ਾ ਮੁਆਫ਼ੀ ਦੇ ਐਲਾਨ ਤੋਂ ਬਾਅਦ ਖੇਤੀਬਾੜੀ ਸਹਿਕਾਰੀ ਵਿਕਾਸ ਬੈਂਕ ਦੀ ਜੋ ਰਿਕਵਰੀ ਦੇ ਹੈਰਾਨੀਜਨਕ ਅੰਕੜੇ ਪ੍ਰਾਪਤ ਹੋਏ ਹਨ ਉਸ ਵਿਚ ਬੈਂਕ ਨੂੰ ਲੰਘੀ ਝੋਨੇ ਦੀ ਫਸਲ ਦੌਰਾਨ 1550 ਕਰੋੜ ਰੁਪਏ ਕਿਸਾਨਾਂ ਨੇ ਕਰਜ਼ੇ ਦੀਆਂ ਕਿਸ਼ਤਾਂ ਦੇ ਰੂਪ ਵਿਚ ਮੋੜਨਾ ਸੀ ਪਰ ਸਿਰਫ ਰਿਕਵਰੀ 165 ਕਰੋੜ ਰੁਪਏ ਹੋਈ ਜਿਸ ਕਾਰਣ ਬੈਂਕ ਦੇ ਅਧਿਕਾਰੀਆਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਅਤੇ ਉਹ ਪਿੰਡ-ਪਿੰਡ ਕਿਸਾਨਾਂ ਕੋਲ ਰਿਕਵਰੀ ਲਈ ਹੋ ਤੁਰੇ। ਬੈਂਕਾਂ ਦੇ ਅਧਿਕਾਰੀਆਂ ਦੀਆਂ ਅਣਥੱਕ ਕੋਸ਼ਿਸ਼ਾਂ ਦੇ ਬਾਵਜ਼ੂਦ ਵੀ ਕਿਸਾਨਾਂ ਦੇ ਦਿਮਾਗ 'ਚ ਇਕ ਗੱਲ ਘਰ ਕਰ ਚੁੱਕੀ ਹੈ ਕਿ ਕੈਪਟਨ ਸਰਕਾਰ ਵਲੋਂ ਜਲਦ ਹੀ ਕਿਸਾਨਾਂ ਦਾ ਸਾਰਾ ਕਰਜ਼ਾ ਮੁਆਫ਼ ਕੀਤਾ ਜਾਵੇਗਾ ਜਿਸ ਕਾਰਣ ਉਹ ਕਰਜ਼ੇ ਦੀਆਂ ਕਿਸ਼ਤਾਂ ਦੇਣ ਤੋਂ ਕਿਨਾਰਾ ਕਰੀ ਬੈਠੇ ਹਨ।


Related News