ਕੈਪਟਨ ਦੇ ਚੋਣ ਬਜਟ ਦਾ ਪਿਟਾਰਾ ਵੀ ਪਹਿਲਾਂ ਦੇ ਬਜਟ ਵਾਂਗ ਖਾਲੀ : ਚੁੱਘ
Tuesday, Mar 09, 2021 - 12:54 AM (IST)
ਚੰਡੀਗੜ੍ਹ,(ਸ਼ਰਮਾ)- ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਮੰਤਰੀ ਤਰੁਣ ਚੁੱਘ ਨੇ ਪੰਜਾਬ ਵਿਧਾਨਸਭਾ ਵਿਚ ਕੈਪਟਨ ਸਰਕਾਰ ਦੇ ਵਿਤ ਮੰਤਰੀ ਮਨਪ੍ਰੀਤ ਬਾਦਲ ਵਲੋਂ ਪੇਸ਼ ਕੀਤੇ ਗਏ ਆਪਣੇ ਕਾਰਜਕਾਲ ਦੇ ਆਖਰੀ ਬਜਟ ਨੂੰ ਰੋਂਦਾ ਪੰਜਾਬ ਦਾ ਦਸਤਾਵੇਜ਼ ਕਰਾਰ ਦਿੰਦਿਆਂ ਕਿਹਾ ਦੀ ਕੈਪਟਨ ਸਰਕਾਰ ਦਾ ਬਜਟ ਕਾਂਗਰਸ ਸਰਕਾਰ ਦੇ ਪਤਨ ਵਿਚ ਆਖਰੀ ਕਿੱਲ ਸਾਬਿਤ ਹੋਵੇਗਾ।
ਚੁੱਘ ਨੇ ਕਿਹਾ ਦੀ ਕੈਪਟਨ ਸਰਕਾਰ ਨੇ ਆਪਣੇ ਚੋਣ ਮੈਨੀਫੈਸਟੋ ਵਿਚ ਕਿਸਾਨਾਂ ਨੂੰ ਪ੍ਰਤੀ ਏਕੜ ਘੱਟ ਤੋਂ ਘੱਟ ਕਮਾਈ ਦੇਣ ਦਾ ਵਾਅਦਾ ਕੀਤਾ ਸੀ, ਪੰਜ ਏਕੜ ਤੋਂ ਘੱਟ ਜ਼ਮੀਨ ਵਾਲੇ ਕਿਸਾਨ ਨੂੰ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ। ਕਿਸਾਨਾਂ ਦੇ ਹਿਤ ਵਿਚ ਪੰਜਾਬ ਰਾਜ ਖੇਤੀਬਾੜੀ ਬੀਮਾ ਕਮਿਸ਼ਨ ਦਾ ਗਠਨ ਕੀਤੇ ਜਾਣ ਦਾ ਵਾਅਦਾ ਵੀ ਅਧੂਰਾ ਛੱਡ ਦਿੱਤਾ ਗਿਆ।
ਜਿਨ੍ਹਾਂ ਕਿਸਾਨਾਂ ਨੇ ਕਰਜ਼ਾ ਮੁਆਫ਼ੀ ਨਾ ਹੋਣ ਦੇ ਕਾਰਣ ਆਤਮ ਹੱਤਿਆ ਕੀਤੀ ਸੀ, ਉਨ੍ਹਾਂ ਦੇ ਪਰਿਵਾਰਾਂ ਵਿਚ ਨੌਕਰੀ ਦੇਣ ਦਾ ਵਾਅਦਾ ਕੀਤਾ ਗਿਆ ਸੀ, ਜੋ ਅਜੇ ਤਕ ਪੂਰਾ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਇਨਕਮ ਟੈਕਸ ਦੀ ਤਰਜ ’ਤੇ ਪ੍ਰੋਫੈਸ਼ਨਲ ਟੈਕਸ ਲਗਾ ਕੇ ਆਮ ਜਨਤਾ, ਵਪਾਰੀ, ਉਦਯੋਗਪਤੀ, ਕਰਮਚਾਰੀਆਂ ਦਾ ਲੱਕ ਤੋੜ ਕੇ ਆਪਣੀ ਸਰਕਾਰ ਦੀ ਫਜ਼ੂਲਖਰਚੀ ’ਤੇ ਉਦਾਰਤਾ ਨਾਲ ਖਰਚ ਕਰਨ ਦਾ ਰੋਡ ਮੈਪ ਤਿਆਰ ਕਰਕੇ ਪੰਜਾਬ ਦੀ ਜਨਤਾ ਨਾਲ ਧੋਖਾ ਕੀਤਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਦੇ ਚੋਣ ਬਜਟ ਦਾ ਪਿਟਾਰਾ ਵੀ ਪਹਿਲਾਂ ਦੇ ਬਜਟ ਵਾਂਗ ਖਾਲੀ ਹੀ ਹੈ।