ਪ੍ਰਧਾਨ ਮੰਤਰੀ ਸਾਹਮਣੇ ਕੈਪਟਨ ਦੀ ਕਿਸਾਨ ਅੰਦੋਲਨ ਸਬੰਧੀ ਦਲੀਲ ਨਿੰਦਣਯੋਗ : ਮਾਨ
Friday, Aug 13, 2021 - 01:39 AM (IST)
ਚੰਡੀਗੜ੍ਹ(ਰਮਨਜੀਤ)- ਆਮ ਆਦਮੀ ਪਾਰਟੀ ਨੇ ਪੰਜਾਬ ਦੇ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਹੋਈ ਬੈਠਕ ਮੌਕੇ ਖੇਤੀ ਕਾਨੂੰਨ ਰੱਦ ਕਰਨ ਦੀ ਦਲੀਲ ’ਤੇ ਸਖ਼ਤ ਇਤਰਾਜ਼ ਜਤਾਇਆ ਹੈ। ‘ਆਪ’ ਨੇ ਤਰਕ ਦਿੱਤਾ ਹੈ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਦੇ ਕਿਸਾਨ ਅੰਦੋਲਨ ਤੇ ਕਿਸਾਨਾਂ ਨੂੰ ਲੈ ਕੇ ਇਰਾਦੇ ਸਪੱਸ਼ਟ ਹੁੰਦੇ, ਤਾਂ ਉਹ ਵਾਰ-ਵਾਰ ਦੇਸ਼ ਦੀ ਸੁਰੱਖਿਆ ਤੇ ਪਾਕਿਸਤਾਨ ਦੀ ਗੱਲ ਨਾ ਕਰਦੇ।
ਇਹ ਵੀ ਪੜ੍ਹੋ- ਪੰਜਾਬ ਸਰਕਾਰ ਨੇ ਓਲੰਪਿਕ ਖਿਡਾਰੀਆਂ ਨੂੰ 28.36 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਨਾਲ ਕੀਤਾ ਸਨਮਾਨਿਤ
ਬਿਆਨ ਰਾਹੀਂ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਉਪਰੰਤ ਕੈਪਟਨ ਅਮਰਿੰਦਰ ਸਿੰਘ ਨੇ ਬਿਆਨ ਜਾਰੀ ਕਰਕੇ ਜਾਣਕਾਰੀ ਦਿੱਤੀ ਕਿ ਨਰਿੰਦਰ ਮੋਦੀ ਕੋਲ ਉਨ੍ਹਾਂ ਕਿਹੜੇ-ਕਿਹੜੇ ਮੁੱਦੇ ਉਠਾਏ। ਭਗਵੰਤ ਮਾਨ ਨੇ ਕਿਹਾ ਕਿ ਮੁੱਖ ਮੰਤਰੀ ਨੇ ਪੂਰੇ ਬਿਆਨ ਵਿਚ ਇਹ ਵੀ ਸਪੱਸ਼ਟ ਨਹੀਂ ਕੀਤਾ ਕਿ ਕੇਂਦਰ ਸਰਕਾਰ ਵਲੋਂ ਖੇਤੀ ਸੁਧਾਰਾਂ ਦੇ ਨਾਂ ’ਤੇ ਥੋਪੇ ਗਏ ਤਿੰਨੇ ਕਾਨੂੰਨ, ਪੰਜਾਬ ਸਮੇਤ ਦੇਸ਼ ਭਰ ਦੇ ਅੰਨਦਾਤਾ ਦੀ ਹੋਂਦ ਲਈ ਹੀ ਖ਼ਤਰਾ ਹਨ।
ਉਨ੍ਹਾਂ ਕੈਪਟਨ ’ਤੇ ਦੋਹਰੀ ਰਾਜਨੀਤੀ ਕਰਨ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਕੈਪਟਨ ਕਿਸਾਨਾਂ ਨੂੰ ਛੱਡ ਕੇ ਸਿਰਫ਼ ਕਾਰਪੋਰੇਟ ਘਰਾਣਿਆ ਦੇ ਹਿੱਤਾਂ ਸਾਰੇ ਹੀ ਸੋਚਦੇ ਹਨ। ਸਭ ਤੋਂ ਵੱਡੀ ਗੱਲ ਕਿਸਾਨਾਂ ਵਲੋਂ ਕਦੇ ਵੀ ਇਸ ਤਰ੍ਹਾਂ ਦੇ ਕਥਿਤ ਖੇਤੀ ਸੁਧਾਰਾਂ ਦੀ ਮੰਗ ਨਹੀਂ ਕੀਤੀ ਗਈ।
ਇਹ ਵੀ ਪੜ੍ਹੋ- ਬੇਰੁਜ਼ਗਾਰਾਂ ਦੀ ਜੇਬ ’ਤੇ ਡਾਕਾ ਮਾਰ ਰਹੀ ਸੱਤਾਧਾਰੀ ਕਾਂਗਰਸ : ਮੀਤ ਹੇਅਰ
ਭਗਵੰਤ ਮਾਨ ਨੇ ਦੋਸ਼ ਲਗਾਇਆ ਕਿ ਕੈਪਟਨ ਸਰਕਾਰ 2022 ਦੀਆਂ ਚੋਣਾਂ ਦੇ ਮੱਦੇਨਜ਼ਰ ਸੂਬੇ ਵਿਚ ਦਹਿਸ਼ਤ ਦਾ ਮਾਹੌਲ ਸਿਰਜਣ ਦੀ ਸਾਜ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਕੈਪਟਨ ਅਮਰਿੰਦਰ ਸਿੰਘ ਅਤੇ ਨਰਿੰਦਰ ਮੋਦੀ ਦੀ ਇਸ ਤਰ੍ਹਾਂ ਦੀ ਖ਼ਤਰਨਾਕ ਜੁਗਲਬੰਦੀ ਤੋਂ ਸੁਚੇਤ ਰਹਿਣਾ ਚਾਹੀਦਾ ਹੈ, ਜੋ ਇਕ ਪਾਸੇ ਹਰੇਕ ਵਰਗ ਜਾਂ ਧਰਮ ਦੀ ਸ਼ਮੂਲੀਅਤ ਵਾਲੇ ਸ਼ਾਂਤਮਈ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਦਾ ਮੌਕਾ ਨਹੀਂ ਛੱਡਦੀ। ਉਥੇ ਹੀ ਦੂਜੇ ਪਾਸੇ ਚੋਣਾਂ, ਇਹ ਸਮਾਜ ਵਿਚ ਵੰਡੀਆਂ ਅਤੇ ਭੈਅ ਪੈਦਾ ਕਰਕੇ ਕਿਸੇ ਖ਼ਾਸ ਵਰਗ ਨੂੰ ਵੋਟ ਬੈਂਕ ਵਜੋਂ ਵਰਤਦੀ ਹੈ।