ਕੈਪਟਨ ਸਰਕਾਰ ਬੇਅਦਬੀ ਦੀਆਂ ਘਟਨਾਵਾਂ ’ਚ ਸ਼ਾਮਲ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ''ਚ ਅਸਫ਼ਲ ਰਹੀ : ਚੁੱਘ

Wednesday, Apr 21, 2021 - 12:59 AM (IST)

ਕੈਪਟਨ ਸਰਕਾਰ ਬੇਅਦਬੀ ਦੀਆਂ ਘਟਨਾਵਾਂ ’ਚ ਸ਼ਾਮਲ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ''ਚ ਅਸਫ਼ਲ ਰਹੀ : ਚੁੱਘ

ਚੰਡੀਗੜ੍ਹ, (ਸ਼ਰਮਾ)- ਭਾਰਤੀ ਜਨਤਾ ਪਾਰਟੀ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਪੰਜਾਬ ਵਿਚ ਲਗਾਤਾਰ ਚੱਲ ਰਹੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਬੇਅਦਬੀ ਦੀਆਂ ਲੜੀਵਾਰ ਘਟਨਾਵਾਂ ਦੇ ਜ਼ਿੰਮੇਵਾਰ ਮੁਲਜ਼ਮਾਂ ਨੂੰ ਸਜ਼ਾ ਦਿਵਾਉਣ ਵਿਚ ਅਸਫ਼ਲ ਰਹਿਣ ਲਈ ਪੰਜਾਬ ਦੇ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਨੂੰ ਜ਼ਿੰਮੇਵਾਰ ਠਹਿਰਾਇਆ। ਚੁੱਘ ਨੇ ਕਿਹਾ ਦੀ ਪੰਜਾਬ ਦੇ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਦੀ ਰਾਜਸ਼ਾਹੀ ਸਰਕਾਰ ਅਜੇ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਵਿਚ ਸ਼ਾਮਲ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਵਿਚ ਅਸਫਲ ਰਹੀ ਹੈ। ਉਨ੍ਹਾਂ ਪੰਜਾਬ ਸਰਕਾਰ ਨੂੰ ਸਾਰੇ ਮੋਰਚਿਆਂ ’ਤੇ ਅਸਫ਼ਲ ਕਰਾਰ ਦਿੰਦਿਆਂ ਕਿਹਾ ਕਿ ਜੋ ਮੁੱਖ ਮੰਤਰੀ ਆਪਣੇ ਰਾਜ ਦੇ ਜ਼ਿਲਾ ਮੁੱਖ ਦਫ਼ਤਰਾਂ ਤੱਕ ਵੀ ਨਹੀਂ ਪਹੁੰਚ ਸਕੇ ਅਤੇ ਲੋਕੰਤਰਿਕ ਸਰਕਾਰ ਨੂੰ ਆਪਣੀ ਜਾਗੀਰ ਸਮਝਦੇ ਹੋਏ ਦੋਸਤਾਂ-ਯਾਰਾਂ ਦੇ ਨਾਲ ਸ਼ਿਮਲਾ ਦੀਆਂ ਹਸੀਨ ਵਾਦੀਆਂ ਤੱਕ ਹੀ ਸਿਮਟ ਕਰ ਕੇ ਰਹਿ ਜਾਵੇ, ਉਸ ਸੂਬੇ ਦਾ ਰੱਬ ਹੀ ਰਾਖਾ ਹੈ। ਕੈ. ਅਮਰਿੰਦਰ ਸਿੰਘ ਨੇ ਪੰਜਾਬ ਅਤੇ ਇੱਥੋਂ ਦੀ ਜਨਤਾ ਦੀ ਕਿਸਮਤ ਰੱਬ ਦੇ ਭਰੋਸੇ ਹੀ ਛੱਡੀ ਹੋਈ ਹੈ।
ਚੁੱਘ ਨੇ ਸਾਰੀਆਂ ਸਿਆਸੀ ਪਾਰਟੀਆਂ, ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਅਤੇ ਪੰਜਾਬ ਦੇ ਬੁੱਧੀਜੀਵੀਆਂ ਨੂੰ ਅਪੀਲ ਕੀਤੀ ਕਿ ਉਹ ਅਜਿਹੀ ਰਾਜਨੀਤੀ ਤੋਂ ਉਪਰ ਉੱਠ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦੀ ਬੇਅਦਬੀ ਕਰਨ ਵਾਲਿਆਂ ਅਤੇ ਅਜਿਹਾ ਕਰਨ ਦੀ ਸਾਜਿਸ਼ ਕਚਣ ਵਾਲਿਆਂ ਨੂੰ ਬੇਨਕਾਬ ਕਰਨ, ਉਨ੍ਹਾਂ ਨੂੰ ਗ੍ਰਿਫ਼ਤਾਰ ਕਰਕੇ ਸਖ਼ਤ ਤੋਂ ਸਖ਼ਤ ਸਜ਼ਾ ਦਿਵਾਉਣ ਲਈ ਕੈਪਟਨ ਸਰਕਾਰ ’ਤੇ ਦਬਾਅ ਬਣਾਉਣ ਅਤੇ ਇਸ ਪੁੰਨ ਦੇ ਕੰਮ ਵਿਚ ਆਪਣਾ ਸਹਿਯੋਗ ਦੇ ਕੇ ਦੇਸ਼ਧ੍ਰੋਹੀ ਅਨਸਰਾਂ ਨੂੰ ਬੇਨਕਾਬ ਕਰਨ ਵਿਚ ਆਪਣਾ ਮਹੱਤਵਪੂਰਣ ਯੋਗਦਾਨ ਦੇਣ। ਚੁਘ ਨੇ ਐੱਸ.ਆਈ.ਟੀ. ਰਿਪੋਰਟ ਨੂੰ ਜਨਤਕ ਕੀਤੇ ਜਾਣ ਦੀ ਮੰਗ ਕਰਦਿਆਂ ਕਿਹਾ ਕਿ ਇਸ ਐੱਸ.ਆਈ.ਟੀ. ਰਿਪੋਰਟ ਨੂੰ ਪੂਰਾ ਕਰਨ ਵਿਚ ਚਾਰ ਸਾਲ ਤੋਂ ਜ਼ਿਆਦਾ ਦਾ ਸਮਾਂ ਲੱਗਾ, ਕੈਪਟਨ ਅਮਰਿੰਦਰ ਸਰਕਾਰ ਹੁਣ ਇਸ ਨੂੰ ਵਿਧਾਨਸਭਾ ’ਚ ਪੇਸ਼ ਕਰਨ।


author

Bharat Thapa

Content Editor

Related News