ਪੰਜਾਬ ਦੇ ਕਿਸਾਨਾਂ ਨਾਲ ਗੱਦਾਰੀ ਕਰਨ ਵਾਲੇ ਕੈਪਟਨ ਅਮਰਿੰਦਰ ਸਿੰਘ ਦੇਣ ਅਸਤੀਫਾ : ‘ਆਪ’

01/06/2021 10:57:18 PM

ਚੰਡੀਗੜ੍ਹ,(ਰਮਨਜੀਤ)- ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਵਲੋਂ ਖੇਤੀ ਬਾਰੇ ਕੇਂਦਰੀ ਕਾਲੇ ਕਾਨੂੰਨ ਸੂਬੇ ਵਿਚ ਲਾਗੂ ਕਰ ਕੇ ਅਤੇ ਉਸ ਤੋਂ ਬਾਅਦ ਕਿਸਾਨਾਂ ਨੂੰ ਇਸ ਸਬੰਧੀ ਝੂਠ ਬੋਲ ਕੇ ਉਨ੍ਹਾਂ ਨਾਲ ਗੱਦਾਰੀ ਕਰਨ ਲਈ ਆਮ ਆਦਮੀ ਪਾਰਟੀ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਅਸਤੀਫੇ ਦੀ ਮੰਗ ਕੀਤੀ ਹੈ।
ਨੇਤਾ ਵਿਰੋਧੀ ਧਿਰ ਦੀ ਅਧਿਕਾਰਤ ਰਿਹਾਇਸ਼ ’ਤੇ ਪ੍ਰੈੱਸ ਕਾਨਫਰੰਸ ਦੌਰਾਨ ਸੀਨੀਅਰ ਨੇਤਾ ਅਤੇ ‘ਆਪ’ ਪੰਜਾਬ ਦੇ ਸਹਿ-ਇੰਚਾਰਜ ਰਾਘਵ ਚੱਢਾ ਅਤੇ ਪੰਜਾਬ ਕਿਸਾਨ ਵਿੰਗ ਦੇ ਪ੍ਰਧਾਨ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਕੈਬਨਿਟ ਮੰਤਰੀ ਭਾਰਤ ਭੁਸ਼ਣ ਆਸ਼ੂ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਆਸ਼ੂ ਵਲੋਂ ਕੀਤਾ ਗਿਆ ਕਬੂਲਨਾਮਾ ਕਿ ਪੰਜਾਬ ਵਿਚ ਕੇਂਦਰ ਦੇ ਤਿੰਨੇ ਹੀ ਖੇਤੀ ਕਾਨੂੰਨ ਲਾਗੂ ਹਨ, ਇਹ ਸਿੱਧ ਕਰਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਹੁਣ ਤਕ ਪੰਜਾਬ ਦੇ ਕਿਸਾਨਾਂ ਅਤੇ ਆਮ ਲੋਕਾਂ ਨੂੰ ਝੂਠ ਹੀ ਬੋਲ ਰਹੇ ਸਨ। ਅਸਲ ਵਿਚ ਕੈਪਟਨ ਅਮਰਿੰਦਰ ਸਿੰਘ ਆਪਣੇ ਪੁੱਤਰ ਰਣਇੰਦਰ ਸਿੰਘ ਨੂੰ ਈ. ਡੀ. ਦੇ ਮਾਮਲਿਆਂ ਤੋਂ ਬਚਾਉਣ ਲਈ ਮੋਦੀ ਅਤੇ ਅਮਿਤ ਸ਼ਾਹ ਦੇ ਇਸ਼ਾਰਿਆਂ ’ਤੇ ਕੰਮ ਕਰ ਰਹੇ ਹਨ। ਇੱਕ ਪਾਸੇ ਕਿਸਾਨ ਆਪਣੀ ਹੋਂਦ ਬਚਾਉਣ ਲਈ ਕੜਾਕੇ ਦੀ ਸਰਦੀ ਵਿਚ ਅੰਦੋਲਨ ਕਰ ਰਹੇ ਹਨ, ਉਥੇ ਹੀ ਦੂਜੇ ਪਾਸੇ ਖੇਤੀ ਪ੍ਰਧਾਨ ਸੂਬੇ ਦੇ ਮੁੱਖ ਮੰਤਰੀ ਕੈਪਟਨ ਆਪਣੇ ਨਿੱਜੀ ਹਿੱਤਾਂ ਦੀ ਪੂਰਤੀ ਲਈ ਕਿਸਾਨਾਂ ਨਾਲ ਗ਼ੱਦਾਰੀ ਕਰ ਰਹੇ ਹਨ।
ਚੱਢਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਡਰਾਮੇਬਾਜ਼ੀ ਕਰਦੇ ਹੋਏ ਵਿਧਾਨਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾ ਕੇ ਇਹ ਕਾਨੂੰਨ ਰੱਦ ਕਰਦੇ ਹੋਏ ਨਵੇਂ ਖੇਤੀ ਕਾਨੂੰਨ ਸੂਬੇ ਵਿਚ ਲਾਗੂ ਨਾ ਕਰਨ ਦਾ ਦਾਅਵਾ ਕੀਤਾ ਸੀ ਪਰ ਉਸ ਤੋਂ ਬਾਅਦ ਨਾ ਤਾਂ ਵਿਧਾਨਸਭਾ ਦੀ ਕਾਰਵਾਈ ਨੂੰ ਰਾਸ਼ਟਰਪਤੀ ਤਕ ਭੇਜਿਆ ਅਤੇ ਨਾ ਹੀ ਉਨ੍ਹਾਂ ਦੇ ਐਡਵੋਕੇਟ ਜਨਰਲ ਨੇ ਇਸ ਨੂੰ ਆਧਾਰ ਬਣਾ ਕੇ ਅਦਾਲਤ ਵਿਚ ਕੋਈ ਕੋਸ਼ਿਸ਼ ਕੀਤੀ। ਹੁਣ ‘ਆਪ’ ਵਲੋਂ ਹਰ ਪਿੰਡ, ਮੁਹੱਲੇ, ਗਲੀ ਵਿਚ ਕੈਪਟਨ ਅਮਰਿੰਦਰ ਸਿੰਘ ਨੇ ਜੋ ਪੰਜਾਬ ਵਾਸੀਆਂ ਨਾਲ ਗ਼ੱਦਾਰੀ ਕੀਤੀ ਹੈ ਉਸਦਾ ਕੱਚਾ ਚਿੱਠਾ ਖੋਲ੍ਹਿਆ ਜਾਵੇਗਾ।


Bharat Thapa

Content Editor

Related News