ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ''ਚ ਕੀਤੇ ਹਰੇਕ ਵਾਅਦੇ ਨੂੰ ਕੀਤਾ ਪੂਰਾ : ਸੋਨੀ
Tuesday, Sep 14, 2021 - 08:03 PM (IST)
ਅੰਮ੍ਰਿਤਸਰ(ਵਿਪਨ ਅਰੋੜਾ)- ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ਆਪਣੇ ਸਾਢੇ ਚਾਰ ਸਾਲਾਂ ਦੌਰਾਨ ਚੋਣਾਂ ਵਿਚ ਕੀਤੇ ਗਏ ਆਪਣੇ ਹਰੇਕ ਵਾਅਦੇ ਨੂੰ ਪੂਰਾ ਕੀਤਾ ਹੈ, ਚਾਹੇ ਉਹ ਬਜ਼ੂਰਗਾਂ ਦੀ ਪੈਨਸ਼ਨ ਵਿਚ ਵਾਧਾ, ਆਸ਼ੀਰਵਾਦ ਸਕੀਮ ਵਿਚ ਵਾਧਾ, ਔਰਤਾਂ ਲਈ ਮੁਫਤ ਬੱਸ ਸਹੂਲਤ ਆਦਿ ਵਾਅਦੇ ਹੋਣ। ਇੰਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਓਮ ਪ੍ਰਕਾਸ਼ ਸੋਨੀ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਪੰਜਾਬ ਨੇ ਅੱਜ ਆਪਣੀ ਰਿਹਾਇਸ਼ 'ਤੇ ਕੇਦਰੀ ਵਿਧਾਨ ਸਭਾ ਹਲਕੇ ਦੇ ਕੋਸਲਰਾਂ ਨਾਲ ਵਿਕਾਸ ਕਾਰਜਾਂ ਸਬੰਧੀ ਮੀਟਿੰਗ ਕਰਦਿਆਂ ਕੀਤਾ।
ਸੋਨੀ ਨੇ ਕਿਹਾ ਕਿ ਚੋਣਾਂ ਵਿਚ ਲੋਕਾਂ ਨਾਲ ਜੋ ਵੀ ਵਾਅਦੇ ਕੀਤੇ ਗਏ ਸਨ, ਉਹ 90 ਫੀਸਦੀ ਦੇ ਕਰੀਬ ਪੂਰੇ ਕੀਤੇ ਜਾ ਚੁੱਕੇ ਹਨ ਅਤੇ ਬਾਕੀ ਦੇ ਰਹਿੰਦੇ ਵਾਅਦੇ ਵੀ ਜ਼ਲਦ ਪੂਰੇ ਹੋ ਜਾਣਗੇ। ਉਨ੍ਹਾਂ ਕਿਹਾ ਕਿ ਕੋਰੋਨਾ ਕਾਲ ਦੌਰਾਨ ਵੀ ਸਾਡੀ ਸਰਕਾਰ ਨੇ ਲੋਕਾਂ ਦੇ ਇਲਾਜ਼ ਵਿਚ ਕੋਈ ਕਸਰ ਨਹੀ ਛੱਡੀ ਅਤੇ ਲੋੜਵੰਦ ਲੋਕਾਂ ਨੂੰ ਮੁਫਤ ਅਨਾਜ ਵੀ ਮੁਹੱਈਆ ਕਰਵਾਇਆ ਜਾਂਦਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਸਾਰੇ ਸਰਕਾਰੀ ਹਸਪਤਾਲਾਂ ਵਿਚ ਕੋਰੋਨਾ ਮਹਾਮਾਰੀ ਦਾ ਮੁਫਤ ਇਲਾਜ ਕੀਤਾ ਜਾਂਦਾ ਰਿਹਾ ਹੈ ਅਤੇ ਸਾਡੇ ਗੁਆਂਢੀ ਰਾਜ ਦਿੱਲੀ ਤੋਂ ਵੀ ਲੋਕਾਂ ਨੇ ਆ ਕੇ ਪੰਜਾਬ ਵਿਖੇ ਆਪਣਾ ਇਲਾਜ਼ ਕਰਵਾਇਆ ਹੈ। ਸੋਨੀ ਨੇ ਕੋਸਲਰਾਂ ਨੂੰ ਕਿਹਾ ਕਿ ਉਹ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਘਰ-ਘਰ ਤੱਕ ਪਹੁੰਚਾਉਣ ਤਾਂ ਜੋ ਲੋੜਵੰਦ ਲੋਕ ਸਰਕਾਰ ਵੱਲੋਂ ਚਲਾਈਆਂ ਜਾਂਦੀਆਂ ਭਲਾਈ ਸਕੀਮਾਂ ਦਾ ਲਾਭ ਲੈ ਸਕਣ।
ਸੋਨੀ ਨੇ ਕੋਸਲਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਆਪੋ-ਆਪਣੇ ਖੇਤਰਾਂ ਵਿਚ ਚੱਲ ਰਹੇ ਵਿਕਾਸ ਕਾਰਜਾਂ ਦਾ ਖੁਦ ਜਾਇਜ਼ਾ ਲੈਣ ਅਤੇ ਜਿਥੇ ਕੋਈ ਕਮੀ ਧਿਆਨ ਵਿਚ ਆਉਦੀ ਹੈ ਤਾਂ ਤੁਰੰਤ ਉਨ੍ਹਾਂ ਦੇ ਧਿਆਨ ਵਿਚ ਲਿਆਂਦਾ ਜਾਵੇ। ਉਨ੍ਹਾਂ ਕਿਹਾ ਕਿ ਇਸ ਗੱਲ ਦਾ ਖਾਸ ਤੌਰ 'ਤੇ ਧਿਆਨ ਰੱਖਿਆ ਜਾਵੇ ਕਿ ਵਿਕਾਸ ਦੇ ਕੰਮਾਂ ਵਿਚ ਸਾਰੇ ਕੰਮ ਗੁਣਵਤਾ ਭਰਪੂਰ ਹੋਣੇ ਚਾਹੀਦੇ ਹਨ। ਉਨ੍ਹਾਂ ਕੋਸਲਰਾਂ ਨੂੰ ਕਿਹਾ ਕਿ ਉਹ ਸਬੰਧਤ ਠੇਕੇਦਾਰ ਨਾਲ ਹਰ ਸਮੇ ਰਾਬਤਾ ਕਾਇਮ ਰੱਖਣ ਤਾਂ ਜੋ ਵਿਕਾਸ ਕਾਰਜਾਂ ਨੂੰ ਮਿੱਥੇ ਸਮੇ ਦੇ ਅੰਦਰ ਅੰਦਰ ਪੂਰਾ ਕੀਤਾ ਜਾ ਸਕੇ।
ਇਸ ਮੌਕੇ ਸੋਨੀ ਨੇ ਕੇਦਰੀ ਵਿਧਾਨ ਸਭਾ ਹਲਕੇ ਦੇ 10 ਪਰਿਵਾਰਾਂ ਨੂੰ 15-15 ਹਜ਼ਾਰ ਰੁਪਏ ਦੇ ਮੈਡੀਕਲ ਚੈੱਕ ਵੀ ਭੇਟ ਕੀਤੇ। ਸੋਨੀ ਨੇ ਮਿਲਣ ਆਏ ਹੋਏ ਲੋਕਾਂ ਦੀਆਂ ਮੁਸ਼ਕਲਾਂ ਨੂੰ ਵੀ ਸੁਣੀਆਂ ਅਤੇ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਤੁਰੰਤ ਇੰਨ੍ਹਾਂ ਦੀਆਂ ਮੁਸ਼ਕਲਾਂ ਦਾ ਨਿਪਟਾਰਾ ਕੀਤਾ ਜਾਵੇ। ਇਸ ਮੌਕੇ ਡਿਪਟੀ ਮੇਅਰ ਯੂਨਸ ਕੁਮਾਰ, ਚੇਅਰਮੈਨ ਮਹੇਸ ਖੰਨਾ,ਕੋਸਲਰ ਵਿਕਾਸ ਸੋਨੀ, ਅਸ਼ਵਨੀ ਕੁਮਾਰ ਪੱਪੂ, ਕੋਸਲਰ ਸ੍ਰੀਮਤੀ ਰਾਜਬੀਰ ਕੋਰ, ਕੋਸਲਰ ਸੰਨੀ ਕੁੰਦਰਾ, ਕੋਸਲਰ ਤਾਹਿਰ ਸ਼ਾਹ, ਸੁਰਿੰਦਰ ਕੁਮਾਰ ਛਿੰਦਾ,ਸੁਨੀਲ ਕੁਮਾਰ ਕਾਊਟੀ,ਪਰਮਜੀਤ ਸਿੰਘ ਚੋਪੜਾ, ਇਕਬਾਲ ਸਿੰਘ ਸੈਰੀ, ਸ: ਲਖਵਿੰਦਰ ਸਿੰਘ ਲੱਖਾ, ਇੰਦਰ ਖੰਨਾ, ਸ: ਸਰਬਜੀਤ ਸਿੰਘ ਲਾਟੀ, ਰਵੀਕਾਂਤ, ਸਰਪੰਚ ਪ੍ਰਗਟ ਸਿੰਘ,ਸ: ਗੁਰਦੇਵ ਸਿੰਘ ਦਾਰਾ ਵੀ ਹਾਜਰ ਸਨ।