ਕਾਂਗਰਸ ਦੇ ਨਸ਼ਿਆਂ ਖਿਲਾਫ ਸਹੁੰ ਚੁੱਕ ਸਮਾਗਮ ''ਚ ਹੋਇਆ ਭਾਜਪਾ ਦਾ ''ਪ੍ਰਚਾਰ''

Saturday, Mar 24, 2018 - 07:23 AM (IST)

ਕਾਂਗਰਸ ਦੇ ਨਸ਼ਿਆਂ ਖਿਲਾਫ ਸਹੁੰ ਚੁੱਕ ਸਮਾਗਮ ''ਚ ਹੋਇਆ ਭਾਜਪਾ ਦਾ ''ਪ੍ਰਚਾਰ''

ਤਪਾ ਮੰਡੀ(ਗਰਗ, ਸ਼ਾਮ)-ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਉਦੇਸ਼ ਨਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ਼ਹੀਦ ਭਗਤ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨਸ਼ਿਆਂ ਖਿਲਾਫ ਸਹੁੰ ਚੁੱਕ ਸਮਾਗਮ ਸਬ-ਡਵੀਜ਼ਨ ਦੇ ਤਹਿਸੀਲ ਕੰਪਲੈਕਸ 'ਚ ਐੱਸ. ਡੀ. ਐੱਮ. ਤਪਾ ਸੰਦੀਪ ਕੁਮਾਰ ਅਤੇ ਡੀ. ਐੱਸ. ਪੀ. ਅੱਛਰੂ ਰਾਮ ਸ਼ਰਮਾ ਦੀ ਅਗਵਾਈ 'ਚ ਕਰਵਾਇਆ ਗਿਆ। ਇਸ ਦੌਰਾਨ ਕਾਂਗਰਸ ਪਾਰਟੀ ਦੇ ਸਥਾਨਕ ਆਗੂਆਂ, ਸਿਵਲ ਅਤੇ ਪੁਲਸ ਪ੍ਰਸ਼ਾਸਨ ਸਣੇ ਖੇਤਰ ਦੇ ਸਮੂਹ, ਕਾਲਜਾਂ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ-ਕਰਮਚਾਰੀਆਂ ਨੇ ਸ਼ਮੂਲੀਅਤ ਕੀਤੀ।
ਸਮਾਗਮ ਦੀ ਸ਼ੁਰੂਆਤ ਸਮੇਂ ਹੀ ਕੁਝ ਕਾਂਗਰਸੀ ਆਗੂਆਂ 'ਚ ਚਰਚਾ ਸ਼ੁਰੂ ਹੋ ਗਈ ਕਿ ਇਹ ਸਮਾਗਮ ਪੰਜਾਬ ਦੀ ਸੱਤਾ 'ਤੇ ਕਾਬਜ਼ ਕਾਂਗਰਸ ਪਾਰਟੀ ਵੱਲੋਂ ਕਰਵਾਇਆ ਜਾ ਰਿਹਾ ਹੈ ਤਾਂ ਇਸ ਸਹੁੰ ਚੁੱਕ ਸਮਾਗਮ ਦੌਰਾਨ ਹਾਲ 'ਚ ਲਾਈ ਗਈ ਸਕ੍ਰੀਨ 'ਤੇ ਕੇਂਦਰ ਦੀ ਭਾਜਪਾ ਦਾ ਪ੍ਰਚਾਰ ਕਿਉਂ ਸ਼ੁਰੂ ਹੋ ਗਿਆ। ਜਦੋਂ ਇਸ ਗੱਲ ਨੂੰ ਪ੍ਰਸ਼ਾਸਨਿਕ ਅਧਿਕਾਰੀਆਂ ਸਣੇ ਹਾਲ 'ਚ ਬੈਠੇ ਲੋਕਾਂ ਨੇ ਨੋਟਿਸ ਕੀਤਾ ਤਾਂ ਸਕ੍ਰੀਨ 'ਤੇ ਸੱਚਮੁਚ ਹੀ ਭਾਜਪਾ ਦੀ ਕੈਬਨਿਟ ਮੰਤਰੀ ਸਮ੍ਰਿਤੀ ਈਰਾਨੀ ਆਪਣੀ ਪਾਰਟੀ ਦੀਆਂ ਯੋਜਨਾਵਾਂ ਨੂੰ ਦਿਖਾਉਂਦੀ ਨਜ਼ਰ ਆ ਰਹੀ ਸੀ। ਇਸ ਤੋਂ ਇਲਾਵਾ ਸਮਾਗਮ ਦੌਰਾਨ ਕਾਂਗਰਸ ਪਾਰਟੀ ਦੀ ਸਥਾਨਕ ਲੀਡਰਸ਼ਿਪ ਦੋਫਾੜ ਨਜ਼ਰ ਆਈ, ਜਿਸ ਕਾਰਨ ਹਲਕਾ ਭਦੌੜ ਦੇ ਵੱਡੇ ਆਗੂ ਇਸ ਸਮਾਗਮ 'ਚ ਨਜ਼ਰ ਨਹੀਂ ਆਏ, ਸਗੋਂ ਕੁਝ ਕਾਂਗਰਸੀ ਵਰਕਰ ਇਸ ਗੱਲ ਨੂੰ ਲੈ ਕੇ ਸਥਾਨਕ ਲੀਡਰਸ਼ਿਪ ਤੋਂ ਖਫਾ ਨਜ਼ਰ ਆਏ ਕਿ ਇਹ ਸਮਾਗਮ ਸਰਕਾਰੀ ਹਦਾਇਤਾਂ ਅਨੁਸਾਰ ਪ੍ਰਸ਼ਾਸਨ ਅਤੇ ਨਗਰ ਕੌਂਸਲ ਵੱਲੋਂ ਕਰਵਾਇਆ ਤਾਂ ਜਾ ਰਿਹਾ ਹੈ ਪਰ ਇਸ 'ਚ ਕੋਈ ਪ੍ਰਬੰਧ ਨਜ਼ਰ ਨਹੀਂ ਆ ਰਿਹਾ, ਜਿਥੇ ਲੋਕਾਂ ਨੂੰ ਪਾਣੀ ਤੱਕ ਵੀ ਨਹੀਂ ਪੁੱਛਿਆ ਗਿਆ, ਉਥੇ ਬੈਠਣ ਦੇ ਪੁੱਖਤਾ ਪ੍ਰਬੰਧ ਨਾ ਹੋਣ ਕਾਰਨ ਸਕੂਲਾਂ ਦੀਆਂ ਵਿਦਿਆਰਥਣਾਂ ਜ਼ਮੀਨ ਅਤੇ ਪੌੜੀਆਂ 'ਤੇ ਬੈਠੀਆਂ ਦੇਖੀਆਂ ਗਈਆਂ। ਜਦੋਂ ਇਸ ਸਬੰਧੀ ਐੱਸ. ਡੀ. ਐੱਮ. ਸਾਧੂ ਸੰਦੀਪ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਮੀਦ ਤੋਂ ਜ਼ਿਆਦਾ ਲੋਕਾਂ ਦੇ ਆਉਣ ਕਾਰਨ ਕੁਝ ਮੁਸ਼ਕਲਾਂ ਜ਼ਰੂਰ ਆਈਆਂ ਹਨ। ਪੀਣ ਵਾਲੇ ਪਾਣੀ ਦੇ ਪ੍ਰਬੰਧ ਲਈ ਸਕੱਤਰ ਮਾਰਕੀਟ ਕਮੇਟੀ ਦੀ ਡਿਊਟੀ ਲਾਈ ਹੋਈ ਸੀ। ਜ਼ਿਕਰਯੋਗ ਹੈ ਕਿ ਨਸ਼ਿਆਂ ਖਿਲਾਫ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਆਯੋਜਿਤ ਸਮਾਗਮ 'ਚ ਉਹ ਲੋਕ ਵੀ ਦੇਖੇ ਗਏ, ਜਿਨ੍ਹਾਂ 'ਤੇ ਖੁਦ ਨਸ਼ਾ ਵੇਚਣ ਦੇ ਮਾਮਲੇ ਦਰਜ ਹਨ।


Related News