ਵਿਧਾਇਕ ਕੁਲਬੀਰ ਨੇ ਕੈਪਟਨ ਅਮਰਿੰਦਰ ਸਿੰਘ ਨਾਲ ਕੀਤੀ ਮੁਲਾਕਾਤ
Thursday, Mar 15, 2018 - 12:43 AM (IST)

ਜ਼ੀਰਾ(ਗੁਰਮੇਲ)—ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਵਿਸ਼ੇਸ਼ ਮੁਲਾਕਾਤ ਹਲਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੇ ਕੀਤਾ ਅਤੇ ਇਸ ਦੌਰਾਨ ਸਹਿਕਾਰੀ ਖੰਡ ਮਿੱਲ ਜ਼ੀਰਾ ਨੂੰ ਮੁੜ ਚਾਲੂ ਕਰਨ ਦੀ ਮੰਗ ਰੱਖੀ ਤਾਂ ਜੋ ਇਲਾਕੇ ਦੇ ਲੋਕਾਂ ਨੂੰ ਖੇਤੀ ਵਿਭਿੰਨਤਾ ਨਾਲ ਜੋੜਿਆ ਜਾ ਸਕੇ ਅਤੇ ਨੌਜਵਾਨਾਂ ਲਈ ਰੋਜ਼ਗਾਰ ਪੈਦਾ ਕੀਤਾ ਜਾ ਸਕੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਇੰਦਰਜੀਤ ਸਿੰਘ ਜ਼ੀਰਾ ਮੁੱਖ ਬੁਲਾਰਾ ਕਾਂਗਰਸ ਪੰਜਾਬ ਨੇ ਦੱਸਿਆ ਕਿ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਲਿਖਤੀ ਪੱਤਰ ਸੌਂਪ ਕੇ ਦੱਸਿਆ ਗਿਆ ਕਿ ਜ਼ੀਰਾ ਸਹਿਕਾਰੀ ਖੰਡ ਮਿੱਲ 102 ਏਕੜ ਵਿਚ ਬਣੀ ਹੋਈ ਹੈ ਅਤੇ ਖੰਡ ਮਿੱਲ ਦੀ ਸਮਰਥਾ 2500 ਟਨ ਸੀ, ਜੋ ਕਿ ਅਪ੍ਰੈਲ 2005 ਵਿਚ ਬੰਦ ਹੋ ਗਈ ਸੀ ਅਤੇ ਇਸ ਮਿੱਲ ਵਿਚ 162 ਰੈਗੂਲਰ, 275 ਸੀਜ਼ਨਲ ਕਰਮਚਾਰੀ ਕੰਮ ਕਰਦੇ ਸਨ। ਇਸ ਤੋਂ ਇਲਾਵਾ 5726 ਕਿਸਾਨ ਇਸ ਦੇ ਮੈਂਬਰ ਹਨ, ਜੋ ਖੰਡ ਮਿੱਲ 'ਚ ਗੰਨੇ ਦੀ ਪੈਦਾਵਾਰ ਕਰ ਕੇ ਲਿਆਉਂਦੇ ਸਨ ਪਰ ਅਫਸੋਸ ਕਿ ਇਹ ਖੰਡ ਮਿੱਲ ਬੰਦ ਹੋ ਗਈ, ਜਿਸ ਨਾਲ ਇਲਾਕੇ ਦੇ ਕਿਸਾਨਾਂ ਨੂੰ ਫਸਲੀ ਵਿਭਿੰਨਤਾ ਤੋਂ ਵਾਂਝੇ ਹੋਣਾ ਪਿਆ ਅਤੇ ਇਥੇ ਕੰਮ ਕਰਦੇ ਪੱਕੇ ਅਤੇ ਸੀਜ਼ਨ ਦੇ ਮੁਲਾਜ਼ਮਾਂ ਤੋਂ ਇਲਾਵਾ ਲੇਬਰ ਵਜੋਂ ਕੰਮ ਕਰਦੇ ਇਲਾਕੇ ਦੇ ਲੋਕਾਂ ਹੱਥੋਂ ਰੋਜ਼ਗਾਰ ਖੁੱਸ ਗਿਆ। ਇੰਦਰਜੀਤ ਸਿੰਘ ਜ਼ੀਰਾ ਨੇ ਅੱਗੇ ਦੱਸਿਆ ਕਿ ਕੁਲਬੀਰ ਸਿੰਘ ਜ਼ੀਰਾ ਵੱਲੋਂ ਇਸ ਖੰਡ ਮਿੱਲ ਰਾਹੀਂ ਕੋ-ਜਨਰੇਸ਼ਨ ਬਿਜਲੀ ਪੈਦਾ ਕਰਨ ਦੇ ਪ੍ਰਾਜੈਕਟ ਦੀ ਵੀ ਤਜਵੀਜ਼ ਰੱਖੀ, ਜਿਸ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਖੰਡ ਮਿੱਲ ਦੀ ਜਾਂਚ-ਪੜਤਾਲ ਕਰ ਕੇ ਰਿਪੋਰਟ ਲੈਣ ਸਬੰਧੀ ਉੱਚ ਅਧਿਕਾਰੀਆਂ ਨੂੰ ਹੁਕਮ ਜਾਰੀ ਕੀਤੇ।