ਸੰਨੀ ਦਿਓਲ ਦੇ ਚੋਣ ਮੈਦਾਨ ''ਚ ਆਉਣ ਦਾ ਜਾਖੜ ''ਤੇ ਕੋਈ ਅਸਰ ਨਹੀਂ: ਅਮਰਿੰਦਰ

Friday, Apr 26, 2019 - 02:54 PM (IST)

ਸੰਨੀ ਦਿਓਲ ਦੇ ਚੋਣ ਮੈਦਾਨ ''ਚ ਆਉਣ ਦਾ ਜਾਖੜ ''ਤੇ ਕੋਈ ਅਸਰ ਨਹੀਂ: ਅਮਰਿੰਦਰ

ਜਲੰਧਰ/ਬਠਿੰਡਾ (ਧਵਨ) – ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਸੂਬੇ 'ਚ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦੀਆਂ ਅਕਾਲੀ ਦਲ ਦੇ ਰਾਜਪਾਲ 'ਚ ਵਾਪਰੀਆਂ ਘਟਨਾਵਾਂ, ਪੰਜਾਬ ਨਾਲ ਧੋਖਾ ਅਤੇ ਹੰਕਾਰ ਕਾਰਨ ਬਠਿੰਡਾ ਇਸ ਵਾਰ ਕੇਂਦਰੀ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਨੂੰ ਸਜ਼ਾ ਦੇਵੇਗਾ। ਮੁੱਖ ਮੰਤਰੀ ਨੇ ਟਵੀਟ ਕਰਦਿਆਂ ਕਿਹਾ ਕਿ ਬਠਿੰਡਾ ਦੇ ਲੋਕਾਂ ਨੂੰ ਹਰਸਿਮਰਤ ਕੌਰ ਬਾਦਲ ਨੇ ਧੋਖਾ ਦਿੱਤਾ ਹੈ। ਕੇਂਦਰ 'ਚ ਮੰਤਰੀ ਹੋਣ ਦੇ ਬਾਵਜੂਦ ਉਨ੍ਹਾਂ ਪੰਜਾਬ ਦੇ ਕਿਸੇ ਵੀ ਮਸਲੇ ਨੂੰ ਮੋਦੀ ਸਰਕਾਰ ਦੇ ਸਾਹਮਣੇ ਨਹੀਂ ਉਠਾਇਆ। ਮੁੱਖ ਮੰਤਰੀ ਨੇ ਬਠਿੰਡਾ ਪ੍ਰੈੱਸ ਕਾਨਫਰੰਸ ਕਰਦਿਆਂ ਕਿਹਾ ਕਿ ਸਾਬਕਾ ਅਕਾਲੀ ਸਰਕਾਰ ਦੇ ਰਾਜਕਾਲ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ 113 ਘਟਨਾਵਾਂ ਵਾਪਰੀਆਂ ਹਨ। ਇਸ ਤਰ੍ਹਾਂ ਗੀਤਾ ਦੀ ਬੇਅਦਬੀ ਦੀਆਂ 5 ਘਟਨਾਵਾਂ ਅਤੇ ਕੁਰਾਨ ਸ਼ਰੀਫ ਦੇ ਪੰਨਿਆਂ ਨੂੰ ਵੀ ਪਾੜਿਆ ਗਿਆ। ਮੁੱਖ ਮੰਤਰੀ ਨੇ ਪੰਜਾਬ ਨੂੰ ਬਾਦਲਾਂ ਤੋਂ ਮੁਕਤ ਕਰਨ ਦਾ ਐਲਾਨ ਕਰਦਿਆਂ ਕਿਹਾ ਕਿ ਸਾਬਕਾ ਸਰਕਾਰ ਦੇ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਨੂੰ ਭੁੱਲੇ ਨਹੀਂ ਹਨ। ਭਾਜਪਾ ਵਲੋਂ ਗੁਰਦਾਸਪੁਰ 'ਚ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਦੇ ਮੁਕਾਬਲੇ ਫਿਲਮ ਅਭਿਨੇਤਾ ਸੰਨੀ ਦਿਓਲ ਨੂੰ ਚੋਣ ਮੈਦਾਨ 'ਚ ਉਤਾਰੇ ਮੁੱਖ ਮੰਤਰੀ ਨੇ ਕਿਹਾ ਕਿ ਜ਼ਮੀਨੀ ਪੱਧਰ 'ਤੇ ਕਾਂਗਰਸ ਦੇ ਹੱਕ 'ਚ ਹਵਾ ਚੱਲ ਰਹੀ ਹੈ। ਕਾਂਗਰਸ ਸੂਬੇ 'ਚ ਵਧੇਰੇ ਸੀਟਾਂ ਜਿੱਤ ਕੇ 'ਮਿਸ਼ਨ-13' ਨੂੰ ਪੂਰਾ ਕਰੇਗੀ। ਸੰਨੀ ਦਿਓਲ ਦੇ ਚੋਣ ਮੈਦਾਨ 'ਚ ਆਉਣ ਨਾਲ ਜਾਖੜ 'ਤੇ ਕੋਈ ਅਸਰ ਨਹੀਂ ਪਵੇਗਾ।

ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਨਾਲ ਵਿੱਤ ਮੰਤਰੀ ਮਨਪ੍ਰੀਤ ਬਾਦਲ ਵੀ ਮੌਜੂਦ ਸਨ, ਜਿਨ੍ਹਾਂ ਨੇ ਕਿਹਾ ਕਿ ਪੰਜਾਬ ਅਜੇ ਵੀ ਬਰਗਾੜੀ, ਕੋਟਕਪੂਰਾ ਅਤੇ ਬਹਿਬਲ ਕਲਾਂ ਕਾਂਡਾਂ ਨੂੰ ਭੁੱਲਿਆ ਨਹੀਂ। ਇਹ ਕਾਂਡ ਜਾਣ ਬੁੱਝ ਕੇ ਸੂਬੇ 'ਚ ਫਿਰਕੂ ਖਿਚਾਅ ਪੈਦਾ ਕਰਨ ਲਈ ਕਰਵਾਏ ਗਏ ਸਨ। ਕੈਪਟਨ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਬਰਗਾੜੀ ਦੀ ਘਟਨਾ ਦੀ ਚੱਲ ਰਹੀ ਜਾਂਚ 'ਚ ਦਖਲ ਦੇਣ ਦਾ ਕੋਈ ਅਧਿਕਾਰ ਨਹੀਂ। ਕੇਂਦਰੀ ਚੋਣ ਕਮਿਸ਼ਨ ਨੇ ਵੀ ਐੱਸ. ਆਈ. ਟੀ. ਦੇ ਮੈਂਬਰ ਅਤੇ ਆਈ. ਜੀ. ਕੁੰਵਰ ਵਿਜੇ ਪ੍ਰਤਾਪ ਨੂੰ ਤਬਦੀਲ ਕਰਕੇ ਆਪਣੀਆਂ ਹੱਦਾਂ ਨੂੰ ਪਾਰ ਕੀਤਾ ਹੈ। ਇਨ੍ਹਾਂ ਘਟਨਾਵਾਂ ਨੂੰ ਦੇਖਦਿਆਂ ਲੋਕ ਕਿਵੇਂ ਬਾਦਲਾਂ ਨੂੰ ਮੁਆਫ ਕਰਨਗੇ। ਕੈਪਟਨ ਨੇ ਕਿਹਾ ਕਿ ਉਨ੍ਹਾਂ ਦਾ ਅਮਨ ਕਾਨੂੰਨ ਲਾਗੂ ਕਰਨ ਵਾਲੀ ਮਸ਼ੀਨਰੀ 'ਤੇ ਪੂਰਾ ਭਰੋਸਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਸੱਤਾ 'ਚ ਆਉਂਦਿਆਂ ਹੀ ਸਭ ਤੋਂ ਪਹਿਲਾਂ ਨਸ਼ਿਆਂ ਦੀ ਸਪਲਾਈ ਲਾਈਨ ਨੂੰ ਤੋੜਿਆ।ਮੌੜ ਮੰਡੀ ਬੰਬ ਧਮਾਕੇ ਬਾਰੇ ਮੁੱਖ ਮੰਤਰੀ ਨੇ ਕਿਹਾ ਕਿ ਐੱਸ. ਆਈ. ਟੀ. ਵਲੋਂ ਇਸ ਸਬੰਧੀ ਜਾਂਚ ਕੀਤੀ ਜਾ ਰਹੀ ਹੈ। 

ਚੋਣਾਂ 'ਚ ਸੀਨੀਅਰ ਆਗੂ ਦੀ ਜ਼ਿੰਮੇਵਾਰੀ ਤੈਅ ਕਰਨੀ ਪਾਰਟੀ ਦਾ ਕੰਮ
ਮੁੱਖ ਮੰਤਰੀ ਕੋਲੋਂ ਜਦੋਂ ਪੁੱਛਿਆ ਗਿਆ ਕਿ ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਹੈ ਕਿ ਚੋਣਾਂ 'ਚ ਮੰਤਰੀਆਂ ਅਤੇ ਵਿਧਾਇਕਾਂ ਦੀ ਜ਼ਿੰਮੇਵਾਰੀ ਤੈਅ ਨਹੀਂ ਕੀਤੀ ਜਾ ਸਕਦੀ ਤਾਂ ਮੁੱਖ ਮੰਤਰੀ ਨੇ ਕਿਹਾ ਕਿ ਚੋਣਾਂ 'ਚ ਪਾਰਟੀ ਦੀ ਜਿੱਤ ਜਾਂ ਹਾਰ ਸਮੁੱਚੀ ਪਾਰਟੀ ਦੀ ਜ਼ਿੰਮੇਵਾਰੀ ਹੁੰਦੀ ਹੈ। ਸੀਨੀਅਰ ਆਗੂਆਂ ਨੂੰ ਇਸ ਲਈ ਵਧੇਰੇ ਜਵਾਬਦੇਹ ਬਣਾਇਆ ਗਿਆ ਹੈ। ਜੋ ਵੀ ਸੀਨੀਅਰ ਨੇਤਾ ਪਾਰਟੀ ਦੇ ਅਧਿਕਾਰਤ ਉਮੀਦਵਾਰ ਦੀ ਜਿੱਤ ਦੀ ਸੰਭਾਵਨਾ ਦੇ ਰਾਹ 'ਚ ਰੋੜੇ ਅਟਕਾਏਗਾ, ਵਿਰੁੱਧ ਕਾਰਵਾਈ ਕੀਤੀ ਜਾਵੇਗੀ।


author

rajwinder kaur

Content Editor

Related News