ਕੈਪਟਨ ਸਰਕਾਰ 2076 ਇੰਸਪੈਕਟਰਾਂ ਨੂੰ ਬਣਾਏਗੀ ਡੀ. ਐੱਸ. ਪੀ.

Friday, Dec 21, 2018 - 08:03 AM (IST)

ਕੈਪਟਨ ਸਰਕਾਰ 2076 ਇੰਸਪੈਕਟਰਾਂ ਨੂੰ ਬਣਾਏਗੀ ਡੀ. ਐੱਸ. ਪੀ.

ਜਲੰਧਰ (ਧਵਨ)— ਪੰਜਾਬ ਦੀ ਕੈਪਟਨ ਸਰਕਾਰ ਨੇ 2076 ਇੰਸਪੈਕਟਰਾਂ ਨੂੰ ਡੀ. ਐੱਸ. ਪੀ. ਬਣਾਉਣ ਦਾ ਫੈਸਲਾ ਕੀਤਾ ਹੈ। ਇਨ੍ਹਾਂ ਤਰੱਕੀ ਹਾਸਲ ਕਰਨ ਵਾਲੇ ਡੀ. ਐੱਸ. ਪੀਜ਼ ਨੂੰ ਬਿਊਰੋ ਆਫ ਇਨਵੈਸਟੀਗੇਸ਼ਨ 'ਚ ਨਿਯੁਕਤ ਕੀਤਾ ਜਾਏਗਾ।

ਦੱਸਿਆ ਜਾਂਦਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਸਬੰਧੀ ਪੰਜਾਬ ਪੁਲਸ ਦੇ ਚੋਟੀ ਦੇ ਅਧਿਕਾਰੀਆਂ ਨੂੰ ਹਰੀ ਝੰਡੀ ਦੇ ਦਿੱਤੀ ਹੈ। ਹੁਣ ਇਹ ਪ੍ਰਸਤਾਵ ਜਲਦੀ ਹੀ ਗ੍ਰਹਿ ਵਿਭਾਗ ਦੀ ਵਿਭਾਗੀ ਤਰੱਕੀ ਕਮੇਟੀ ਦੇ ਸਾਹਮਣੇ ਰੱਖਿਆ ਜਾਏਗਾ। ਮੰਨਿਆ ਜਾਂਦਾ ਹੈ ਕਿ 1991 ਜਾਂ ਉਸ ਤੋਂ ਪਹਿਲਾਂ ਭਰਤੀ ਹੋਏ 1968 ਇੰਸਪੈਕਟਰਾਂ ਨੂੰ ਤਰੱਕੀ  ਦਿੱਤੀ ਜਾਏਗੀ। ਪ੍ਰਸਤਾਵ ਤਿਆਰ ਕਰ ਲਿਆ ਗਿਆ ਹੈ ਅਤੇ ਜਲਦੀ ਹੀ ਪ੍ਰਵਾਨਗੀ ਲਈ ਮੁੱਖ ਮੰਤਰੀ ਦੇ ਦਫਤਰ ਨੂੰ ਭੇਜਿਆ ਜਾਏਗਾ। 30 ਦਸੰਬਰ ਨੂੰ ਪੰਚਾਇਤਾਂ ਚੋਣਾਂ ਦੇ ਸੰਪੰਨ ਹੋ ਜਾਣ ਪਿੱਛੋਂ ਤਰੱਕੀ ਹਾਸਲ ਕਰਨ ਵਾਲੇ ਡੀ. ਐੱਸ. ਪੀਜ਼ ਦੀ ਸੂਚੀ ਜਾਰੀ ਕਰ ਦਿੱਤੀ ਜਾਏਗੀ। ਦੂਜੇ ਪੜਾਅ 'ਚ ਪੰਜਾਬ ਸਰਕਾਰ ਨੇ 108 ਹੋਰਨਾਂ  ਡੀ. ਐੱਸ. ਪੀਜ਼ ਨੂੰ ਤਰੱਕੀ ਦੇਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਨੂੰ ਵੀ ਬਿਊਰੋ ਆਫ ਇਨਵੈਸਟੀਗੇਸ਼ਨ ਵਿਖੇ ਨਿਯੁਕਤ ਕੀਤਾ ਜਾਏਗਾ। ਸੂਬੇ ਦੀ ਮਾੜੀ ਵਿੱਤੀ ਹਾਲਤ ਦੇ ਬਾਵਜੂਦ ਸਰਕਾਰ ਵਲੋਂ ਪੁਲਸ ਨਾਲ ਸਬੰਧਿਤ ਸਭ ਪ੍ਰਸਤਾਵਾਂ ਨੂੰ ਪ੍ਰਵਾਨਗੀ ਦਿੱਤੀ ਜਾ ਰਹੀ ਹੈ। ਮੰਨਿਆ ਜਾਂਦਾ ਹੈ ਕਿ ਉਕਤ ਤਰੱਕੀਆਂ ਦੌਰਾਨ 1992 ਬੈਚ ਦੇ ਇੰਸਪੈਕਟਰਾਂ ਨੂੰ ਕਵਰ ਕਰ ਲਿਆ ਜਾਏਗਾ।

ਪੰਜਾਬ ਪੁਲਸ ਫੋਰਸ ਦੀ ਗਿਣਤੀ 90 ਹਜ਼ਾਰ ਤਕ ਪੁੱਜੀ :  ਪੰਜਾਬ 'ਚ ਇਸ ਸਮੇਂ  ਡੀ. ਜੀ. ਪੀ. ਰੈਂਕ ਦੇ 10 ਅਧਿਕਾਰੀ ਹਨ। 20 ਏ. ਡੀ. ਜੀ. ਪੀ. ਅਤੇ 37 ਇੰਸਪੈਕਟਰ ਜਨਰਲ ਰੈਂਕ ਦੇ ਹਨ। ਸੂਬੇ ਵਿਚ ਪੁਲਸ ਫੋਰਸ ਦੀ ਕੁਲ ਗਿਣਤੀ 90 ਹਜ਼ਾਰ ਤਕ ਪਹੁੰਚ ਚੁੱਕੀ ਹੈ। ਜਿਥੋਂ  ਤਕ ਤਰੱਕੀਆਂ ਦਾ ਮਾਮਲਾ ਹੈ, ਮੁੱਖ ਮੰਤਰੀ ਇਸ ਸਬੰਧੀ ਪਿੱਛੇ ਹਟਣ ਵਾਲੇ ਨਹੀਂ ਹਨ। ਅਮਨ ਕਾਨੂੰਨ ਦੀ ਹਾਲਤ ਨੂੰ ਲੈ ਕੇ ਉਹ ਕੋਈ ਵੀ ਢਿੱਲ ਪਸੰਦ ਨਹੀਂ ਕਰਦੇ।


author

cherry

Content Editor

Related News