ਨਸ਼ੇ ਦੇ ਮੁੱਦੇ ''ਤੇ ਬੋਲੇ ਕੈਪਟਨ, ਕਿਹਾ ਅਸੀਂ ਤੋੜਿਆ ਨਸ਼ਿਆਂ ਦਾ ਲੱਕ
Thursday, Mar 07, 2019 - 04:13 PM (IST)

ਮੋਗਾ—ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਲੋਕ ਸਭਾ ਚੋਣਾਂ ਨੂੰ ਲੈ ਕੇ ਅੱਜ ਯਾਨੀ ਵੀਰਵਾਰ ਨੂੰ ਪੰਜਾਬ ਦੇ ਮੋਗਾ ਪੁੱਜੇ। ਇੱਥੇ ਰਾਹੁਲ ਨੇ ਰੈਲੀ ਨੂੰ ਸੰਬੋਧਨ ਕੀਤਾ। ਰੈਲੀ 'ਚ ਸੀ.ਐੱਮ. ਸਮੇਤ ਕਈ ਮੰਤਰੀ ਮੌਜੂਦ ਹਨ। ਮੋਗਾ ਰੈਲੀ ਦਾ ਨਾਂ 'ਵਧਦਾ ਪੰਜਾਬ ਬਦਲਦਾ ਪੰਜਾਬ' ਰੱਖਿਆ ਗਿਆ। ਉੱਥੇ ਕੈਪਟਨ ਅਮਰਿੰਦਰ ਨੇ ਬੋਲਦਿਆਂ ਕਿਹਾ ਕਿ ਪਿਛਲੀ ਅਕਾਲੀ–ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਹੋਰ ਧਰਮ–ਗ੍ਰੰਥਾਂ ਦੀਆਂ 43 ਵਾਰ ਬੇਅਦਬੀਆਂ ਹੋਈਆਂ ਪਰ ਉਸ ਸਰਕਾਰ ਨੇ ਕੁਝ ਨਹੀਂ ਕੀਤਾ ਪਰ ਹੁਣ ਬੇਅਦਬੀ ਦੇ ਸਾਰੇ ਦੋਸ਼ੀਆਂ ਨੂੰ ਛੇਤੀ ਸਜ਼ਾਵਾਂ ਮਿਲਣਗੀਆਂ।ਕੈਪਟਨ ਨੇ ਕਿਹਾ ਕਿ ਭਾਰਤ ਦੇ ਅਗਲੇ ਪ੍ਰਧਾਨ ਮੰਤਰੀ ਰਾਹੁਲ ਗਾਂਧੀ ਹੋਣਗੇ। ਉਨ੍ਹਾਂ ਕਿਹਾ ਕਿ ਛੋਟੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੇ ਕਰਜ਼ੇ ਮੁਆਫ਼ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ 17 ਲੱਖ ਕਿਸਾਨ ਕਰਜ਼ੇ ਹੇਠਾਂ ਦੱਬੇ ਹੋਏ ਹਨ। ਉਨ੍ਹਾਂ
'ਚੋਂ 10 ਲੱਖ ਕਿਸਾਨਾਂ ਦੇ ਦੋ–ਦੋ ਲੱਖ ਰੁਪਏ ਦੇ ਕਰਜ਼ੇ ਮੁਆਫ਼ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਸ ਕਰਜ਼ਾ–ਮੁਆਫ਼ੀ ਪ੍ਰੋਗਰਾਮ ਦੇ ਚੌਥੇ ਗੇੜ ਦੀ ਸ਼ੁਰੂਆਤ ਹੁਣ ਰਾਹੁਲ ਗਾਂਧੀ ਕਰਨਗੇ।ਕੈਪਟਨ ਨੇ ਅੱਗੇ ਕਿਹਾ ਕਿ ਉਹ ਕਈ ਵਾਰ ਕਿਸਾਨਾਂ ਦੇ ਕਰਜ਼ਿਆਂ ਦਾ ਮੁੱਦਾ ਪ੍ਰਧਾਨ ਮੰਤਰੀ
ਕੋਲ ਚੁੱਕ ਚੁੱਕੇ ਹਨ ਪਰ ਉਨ੍ਹਾਂ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਦਾ ਅਨਾਜ ਵੀ ਛੇਤੀ ਕਿਤੇ ਖ਼ਰੀਦ ਨਹੀਂ ਰਹੀ। ਉਨ੍ਹਾਂ ਕਿਹਾ ਕਿ ਜੇ ਕੇਂਦਰ ਨੇ ਪੰਜਾਬ ਦਾ ਕਣਕ ਤੇ ਝੋਨਾ ਅਤੇ ਹੋਰ ਫ਼ਸਲਾਂ ਨਾ ਖ਼ਰੀਦੀਆਂ, ਤਾਂ ਪੰਜਾਬ ਸਾਡੇ ਕਿਸਾਨਾਂ
ਦੀ ਫ਼ਸਲ ਖ਼ਰੀਦੇਗਾ ਤੇ ਲੋੜ ਪੈਣ ਉੱਤੇ ਸਾਰੀਆਂ ਫ਼ਸਲਾਂ ਵਿਦੇਸ਼ਾਂ ਨੂੰ ਦਰਾਮਦ ਵੀ ਕੀਤੀਆਂ ਜਾਣਗੀਆਂ।ਨਸ਼ੇ ਦੇ ਮੁੱਦੇ 'ਤੇ ਬੋਲਦੇ ਹੋਏ ਕੈਪਟਨ ਨੇ ਕਿਹਾ ਕਿ ਅਸੀਂ ਨਸ਼ਿਆਂ ਦਾ ਲੱਕ ਤੋੜਿਆ ਹੈ ਅਤੇ ਪੰਜਾਬ 'ਚੋਂ ਨਸ਼ੇ ਨੂੰ ਖਤਮ ਕਰ ਦਿੱਤਾ ਹੈ।