ਕੈਪਟਨ ਅਮਰਿੰਦਰ ਨੂੰ ਭਾਜਪਾ-ਪੰਜਾਬ ਲੋਕ ਕਾਂਗਰਸ-ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੀ ਜਿੱਤ ਦਾ ਭਰੋਸਾ

Monday, Dec 27, 2021 - 10:03 PM (IST)

ਕੈਪਟਨ ਅਮਰਿੰਦਰ ਨੂੰ ਭਾਜਪਾ-ਪੰਜਾਬ ਲੋਕ ਕਾਂਗਰਸ-ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੀ ਜਿੱਤ ਦਾ ਭਰੋਸਾ

ਚੰਡੀਗਡ਼੍ਹ- ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਰੋਸਾ ਪ੍ਰਗਟਾਇਆ ਹੈ ਕਿ ਪੰਜਾਬ ਲੋਕ ਕਾਂਗਰਸ ਸਣੇ ਤਿੰਨੇ ਪਾਰਟੀਆਂ ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਆਉਂਦੀਆਂ ਵਿਧਾਨ ਸਭਾ ਚੋਣਾਂ 'ਚ ਸ਼ਾਨਦਾਰ ਬਹੁਮਤ ਹਾਸਿਲ ਕਰਕੇ ਪੰਜਾਬ 'ਚ ਅਗਲੀ ਸਰਕਾਰ ਬਣਾਉਣਗੀਆਂ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਭਾਜਪਾ ਪ੍ਰਧਾਨ ਜੇਪੀ ਨੱਡਾ, ਭਾਜਪਾ ਪੰਜਾਬ ਇੰਚਾਰਜ ਗਜੇਂਦਰ ਸਿੰਘ ਸ਼ੇਖਾਵਤ ਅਤੇ ਸ਼੍ਰੋਮਣੀ ਅਕਾਲ ਦਲ ਸੰਯੁਕਤ ਦੇ ਮੁਖੀ ਸੁਖਦੇਵ ਸਿੰਘ ਢੀਂਡਸਾ ਨਾਲ ਦਿੱਲੀ 'ਚ ਮੀਟਿੰਗ ਤੋਂ ਬਾਅਦ ਕੈਪਟਨ ਅਮਰਿੰਦਰ ਨੇ ਇਕ ਬਿਆਨ ਜਾਰੀ ਕਰਕੇ ਕਿਹਾ ਕਿ ਉਹ ਦੇਸ਼ ਦੀ ਸੁਰੱਖਿਆ ਅਤੇ ਪੰਜਾਬ ਦੀ ਭਲਾਈ ਤੇ ਤਰੱਕੀ ਲਈ ਇਕੱਠੇ ਆ ਕੇ ਖੁਸ਼ ਹਨ।

ਇਹ ਵੀ ਪੜ੍ਹੋ- ਪੁਲਸ ਵਾਲੇ ਬਿਆਨ ਨੂੰ ਲੈ ਕੇ DSP ਚੰਦੇਲ ਨੇ ਨਵਜੋਤ ਸਿੱਧੂ ਨੂੰ ਭੇਜਿਆ ਮਾਣਹਾਨੀ ਨੋਟਿਸ
ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਉਹ ਖੁਸ਼ ਹਨ ਕਿ ਤਿੰਨੇ ਪਾਰਟੀਆਂ ਪੰਜਾਬ ਨੂੰ ਇੱਕ ਵਾਰ ਫਿਰ ਤੋਂ ਖੁਸ਼ਹਾਲੀ ਦੇ ਮਾਰਗ ਤੇ ਲਿਆਉਣ ਲਈ ਇਕੱਠੇ ਚੋਣ ਲੜਨ ਤੇ ਰਾਜ਼ੀ ਹੋ ਗਈਆਂ ਹਨ। ਉਨ੍ਹਾਂ ਕਿਹਾ ਕਿ ਕੇਂਦਰ ਤੇ ਪੰਜਾਬ 'ਚ ਭਾਜਪਾ ਦੀਆਂ ਸਰਕਾਰਾਂ ਨਾਲ ਡਬਲ ਇੰਜਣ ਰਾਹੀਂ ਪੰਜਾਬ ਇੱਕ ਵਾਰ ਫਿਰ ਤੋਂ ਤਰੱਕੀ ਅਤੇ ਵਿਕਾਸ ਦੇ ਮਾਰਗ ਤੇ ਪਰਤੇਗਾ। ਉਨ੍ਹਾਂ ਕਿਹਾ ਕਿ ਸੂਬੇ ਦੇ ਸਾਰੇ ਵਰਗਾਂ ਦੀਆਂ ਲੋੜਾਂ ਦੇ ਮੱਦੇਨਜ਼ਰ ਮੈਨੀਫੈਸਟੋ ਤਿਆਰ ਕੀਤਾ ਜਾ ਰਿਹਾ ਹੈ।
ਕੈਪਟਨ ਅਮਰਿੰਦਰ ਨੇ ਸਪੱਸ਼ਟ ਕੀਤਾ ਕਿ ਤਿੰਨਾਂ ਪਾਰਟੀਆਂ ਵਿਚਾਲੇ ਸੀਟਾਂ ਸਬੰਧੀ ਤਾਲਮੇਲ ਜਲਦ ਹੀ ਪੂਰਾ ਕਰ ਲਿਆ ਜਾਵੇਗਾ। ਉਨ੍ਹਾਂ ਨੇ ਇਕ ਵਾਰ ਫਿਰ ਤੋਂ ਦੁਹਰਾਇਆ ਕਿ ਉਮੀਦਵਾਰਾਂ ਦੀ ਚੋਣ ਉਨ੍ਹਾਂ ਦੀ ਜਿੱਤਣ ਦੀ ਕਾਬਲੀਅਤ ਦੇ ਆਧਾਰ ਤੇ ਹੋਵੇਗੀ ਨਾ ਕਿ ਉਹ ਕਿਸ ਪਾਰਟੀ ਤੋਂ ਚੋਣ ਲੜਦੇ ਹਨ। ਉਨ੍ਹਾਂ ਖੁਲਾਸਾ ਕੀਤਾ ਕਿ ਪਾਰਟੀ ਤੋਂ ਨਾਮਜ਼ਦਗੀ ਹਾਸਲ ਕਰਨ ਲਈ ਉਨ੍ਹਾਂ ਨੂੰ ਸੂਬੇ ਭਰ ਤੋਂ ਭਾਰੀ ਸਮਰਥਨ ਅਤੇ ਉਤਸ਼ਾਹ ਮਿਲ ਰਿਹਾ ਹੈ। ਉਨ੍ਹਾਂ ਭਰੋਸਾ ਹੈ ਕਿ ਪੰਜਾਬ 'ਚ ਨਵੀਂ ਸਿਆਸਤ ਦੀ ਸ਼ੁਰੂਆਤ ਹੋਵੇਗੀ। ਅਸੀਂ ਸ਼ਾਨਦਾਰ ਚੋਣਾਂ ਦੀ ਜਿੱਤ ਦਾ ਰਿਕਾਰਡ ਕਾਇਮ ਕਰਾਂਗੇ।

ਇਹ ਵੀ ਪੜ੍ਹੋ : ਪ੍ਰਧਾਨ ਮੰਤਰੀ ਮੋਦੀ 5 ਜਨਵਰੀ ਨੂੰ ਆਉਣਗੇ ਪੰਜਾਬ, ਕਰ ਸਕਦੇ ਹਨ ਵੱਡੇ ਐਲਾਨ
ਇਸ ਦੌਰਾਨ ਉਨ੍ਹਾਂ ਨੇ ਨੌਜਵਾਨਾਂ ਅਤੇ ਕਿਸਾਨਾਂ ਸਣੇ ਪੰਜਾਬ ਦੇ ਸਾਰੇ ਵਰਗਾਂ ਪ੍ਰਤੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਕਿਹਾ ਕਿ ਉਨ੍ਹਾਂ ਦੇ ਹਿੱਤਾਂ ਦੀ ਕਿਸੇ ਵੀ ਕੀਮਤ ਤੇ ਰਾਖੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਖੇਤੀ ਪੰਜਾਬ ਦੀ ਤਰੱਕੀ ਦਾ ਇਕ ਅਭਿੰਨ ਅੰਗ ਹੈ ਅਤੇ ਇਸ ਖੇਤਰ ਤੇ ਜ਼ਿਆਦਾ ਜ਼ੋਰ ਦਿੱਤਾ ਜਾਵੇਗਾ। ਪੰਜਾਬ 'ਚ ਰੋਜ਼ਗਾਰ ਪੈਦਾ ਕਰਨ ਲਈ ਨਵੇਂ ਸਰੋਤ ਸਥਾਪਿਤ ਕੀਤੇ ਜਾਣਗੇ, ਤਾਂ ਜੋ ਨੌਜਵਾਨਾਂ ਨੂੰ ਵਿਦੇਸ਼ਾਂ ਦਾ ਰੁਖ ਨਾ ਕਰਨਾ ਪਵੇ।

ਨੋਟ-ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰ ਕੇ ਦੱਸੋ


author

Bharat Thapa

Content Editor

Related News