ਕੈਪਟਨ ਤੇ ਬਾਦਲ ਕਿਸਾਨਾਂ ਦੇ ਗੰਭੀਰ ਮਸਲਿਆਂ ''ਤੇ ਕਰਦੇ ਰਹੇ ਕੋਝੀ ਸਿਆਸਤ: ਢੀਂਡਸਾ

9/18/2020 4:45:46 PM

ਸੰਗਰੂਰ (ਵਿਜੈ ਕੁਮਾਰ ਸਿੰਗਲਾ): ਸ਼੍ਰੋਮਣੀ ਅਕਾਲੀ ਦਲ ਡੈਮੋਕਰੇਟਿਕ ਦੇ ਪ੍ਰਧਾਨ ਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਪੰਜਾਬ ਦੀ ਕਿਸਾਨੀ ਤੇ ਜਵਾਨੀ ਨੂੰ ਬਚਾਉਣ ਵਾਸਤੇ ਸਾਰੀਆਂ ਸੁਹਿਰਦ ਧਿਰਾਂ ਨੂੰ ਇੱਕਜੁਟ ਹੋ ਕੇ ਸੰਘਰਸ਼ ਸ਼ੁਰੂ ਕਰਨ ਦਾ ਸੱਦਾ ਦਿੱਤਾ ਹੈ।ਇਸ ਵੇਲੇ ਪੰਜਾਬ ਬਹੁਤ ਹੀ ਨਾਜ਼ੁਕ ਦੌਰ 'ਚੋਂ ਗੁਜ਼ਰ ਰਿਹਾ ਹੈ ਜੇਕਰ ਹੁਣ ਵੀ ਨਾ ਸੰਭਲੇ ਤਾਂ ਆਉਣ ਵਾਲੀਆਂ ਪੀੜੀਆਂ ਸਾਨੂੰ ਕਦੇ ਮੁਆਫ ਨਹੀਂ ਕਰਨਗੀਆਂ। ਉਨ੍ਹਾਂ ਕਿਹਾ ਕਿ ਦੇਸ਼ ਇਸ ਮੁਕਾਮ ਤੱਕ ਲੈ ਕੇ ਆਉਣ 'ਚ ਕਿਸਾਨਾਂ ਦਾ ਬਹੁਤ ਵੱਡਾ ਯੋਗਦਾਨ ਹੈ। ਕਿਸਾਨਾਂ ਨਾਲ ਜੋ ਹੋ ਰਿਹਾ ਹੈ ਇਸ ਨਾਲ ਦੁਨੀਆ ਪੱਧਰ ਤੇ ਨਿੰਦਾ ਹੋਵੇਗੀ।

ਉਨ੍ਹਾਂ ਕਿਹਾ ਕਿ ਜੂਝ ਰਹੇ ਕਿਸਾਨਾਂ ਤੇ ਨੌਜਵਾਨਾਂ ਨੂੰ ਇਹ ਪਛਾਣ ਕਰਨ ਦੀ ਲੋੜ ਹੈ ਕਿ ਉਪਰੋਂ ਦਿਖਾਵਾ ਕੌਣ ਕਰਦਾ ਹੈ ਤੇ ਹਕੀਕਤਾਂ ਨਾਲ ਕੌਣ ਖੜ੍ਹਾ ਹੈ।ਇਥੇ ਬਿਆਨ ਜਾਰੀ ਕਰਦਿਆਂ ਢੀਂਡਸਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਤੇ ਸੁਖਬੀਰ ਸਿੰਘ ਬਾਦਲ ਕਿਸਾਨਾਂ ਤੇ ਨੌਜਵਾਨਾਂ ਦੇ ਗੰਭੀਰ ਮਸਲਿਆਂ ਉਪਰ ਪਿਛਲੇ ਸਮੇਂ ਤੋਂ ਇਕ ਦੂਜੇ ਨੂੰ ਨੀਵਾਂ ਦਿਖਾਉਣ ਦੀ ਕੋਝੀ ਸਿਆਸਤ ਕਰਦੇ ਰਹੇ, ਜਿਸ ਕਾਰਨ ਇਹ ਮਸਲੇ ਹੋਰ ਪੇਚੀਦਾ ਹੁੰਦੇ ਗਏ । ਇਸ ਕਰਕੇ ਇਨ੍ਹਾਂ ਦਾ ਲੋਕ ਹੱਕਾਂ ਲਈ ਧੇਲੇ ਦਾ ਯੋਗਦਾਨ ਨਹੀਂ ਹੈ।

ਉਨ੍ਹਾਂ ਕਿਹਾ ਕਿ ਇਕ ਪੰਜਾਬ ਦਾ ਮੁੱਖ ਮੰਤਰੀ ਹੈ ਤੇ ਦੂਸਰੀ ਧਿਰ ਕੇਂਦਰ ਦੀ ਕੈਬਨਿਟ ਮੰਤਰੀ ਹੈ । ਉੱਚੀਆਂ ਪੱਦਵੀਆਂ ਉੱਤੇ ਬੈਠ ਕੇ ਵੀ ਇਹ ਨਹੀਂ ਜਾਣ ਸਕੇ ਕਿ ਪੰਜਾਬ ਤੇ ਕਿਸਾਨਾਂ ਉਪਰ ਵੱਡਾ ਖਤਰਨਾਕ ਆਰਥਿਕ ਹਮਲਾ ਕਰਨ ਲਈ ਬਕਾਇਦਾ ਖਰੜਾ ਤਿਆਰ ਕੀਤਾ ਜਾ ਰਿਹਾ ਹੈ। ਇਹ ਮੀਟਿੰਗ 'ਚ ਸ਼ਾਮਲ ਹੋ ਕੇ ਸਹਿਮਤੀ ਵੀ ਦਿੰਦੇ ਰਹੇ।ਫ਼ਿਰ ਇਨ੍ਹਾਂ ਦੀ ਜ਼ਿੰਮੇਵਾਰੀ ਕਿੱਥੇ ਹੈ ਤੇ ਕਾਬਲੀਅਤ ਕਿੱਥੇ ਹੈ।ਢੀਂਡਸਾ ਨੇ ਦੋਸ਼ ਲਾਇਆ ਕਿ ਪੰਜਾਬ ਦੇ ਇਹ ਨੁਮਾਇੰਦੇ ਕਾਰਪੋਰੇਟ ਘਰਾਣਿਆਂ ਨਾਲ ਮਿਲੇ ਹੋਏ ਹਨ। ਜੇਕਰ ਸਮੇਂ ਸਿਰ ਖੇਤੀ ਆਰਡੀਨੈੱਸਾਂ ਬਾਰੇ ਕਿਸਾਨਾਂ ਤੇ ਫੈਡਰਲ ਢਾਂਚੇ ਪੱਖੀ ਧਿਰਾਂ ਨਾਲ ਕੇਂਦਰ 'ਚ ਬਣ ਰਹੀਆਂ ਲੋਕ ਵਿਰੋਧੀ ਨੀਤੀਆਂ ਸਾਂਝੀਆਂ ਕਰਦੇ ਤਾਂ ਸ਼ਾਇਦ ਹਾਲਾਤ ਹੋਰ ਹੁੰਦੇ। ਢੀਂਡਸਾ ਨੇ ਕਿਹਾ ਕਿ ਪੰਜਾਬ ਦੀ ਜ਼ਰਖੇਜ ਧਰਤੀ ਤੋਂ ਬੇਇਨਸਾਫੀ ਤੇ ਖੇਤੀ ਵਿਰੋਧੀ ਆਰਡੀਨੈੱਸਾਂ ਖਿਲਾਫ਼ ਉੱਠੇ ਜ਼ਬਰਦਸਤ ਕਿਸਾਨ ਅੰਦੋਲਨ ਨੇ ਸੁਖਬੀਰ ਬਾਦਲ ਦੀ ਕੁਫਰ ਤੋਲਣ, ਪੰਜਾਬ ਵਿਰੋਧੀ ਤੇ ਝੂਠੀ ਸਿਆਸਤ ਨੂੰ ਮੂਧੇ ਮੂੰਹ ਸੁੱਟ ਦਿੱਤਾ।

ਉਨ੍ਹਾਂ ਦੋਸ਼ ਲਾਇਆ ਕਿ ਪਹਿਲਾਂ ਹਰਸਿਮਰਤ ਕੌਰ ਬਾਦਲ ਤੇ ਫਿਰ ਸੁਖਬੀਰ ਬਾਦਲ ਨੇ ਖੇਤੀ ਵਿਰੋਧੀ ਆਰਡੀਨੈੱਸਾਂ ਦੇ ਹੱਕ 'ਚ ਧੂੰਆਂ ਧਾਰ ਪ੍ਰਚਾਰ ਕਰਕੇ ਕਿਸਾਨਾਂ ਦੀ ਆਵਾਜ਼ ਨੂੰ ਦਬਾਕੇ ਅੰਦੋਲਨ ਫ਼ੇਲ ਕਰਨ ਦਾ ਯਤਨ ਕੀਤਾ ਤੇ ਫਿਰ ਪ੍ਰਕਾਸ ਸਿੰਘ ਬਾਦਲ ਜ਼ਰੀਏ ਕਿਸਾਨ ਵਿਰੋਧੀ ਲੋਕਾਂ ਨੂੰ ਹੌਸਲਾ ਦੇਣ ਦਾ ਯਤਨ ਕੀਤਾ।ਜਦੋਂ ਕੋਈ ਵਾਹ ਨਾ ਚੱਲੀ ਤਾਂ ਖੇਤੀ ਮੰਤਰੀ ਦੀ ਗਿੱਦੜ ਚਿੱਠੀ ਨੂੰ ਢਾਲ ਬਣਾ ਕੇ ਕਿਸਾਨਾਂ ਨੂੰ ਦੋਫਾੜ ਕਰਕੇ ਅੰਦੋਲਨ ਕਮਜ਼ੋਰ ਕਰਨ ਦਾ ਕੋਝਾ ਯਤਨ ਕੀਤਾ। ਢੀਂਡਸਾ ਨੇ ਕਿਹਾ ਕਿ ਜਦੋਂ ਕਿਸਾਨਾਂ ਦੋ ਰੋਹ ਹੋਰ ਪ੍ਰਚੰਡ ਹੋਣ ਦੇ ਦਬਾਅ ਹੇਠ ਪੈਰਾਂ ਹੇਠੋਂ  ਸਿਆਸੀ ਜ਼ਮੀਨ ਖਿਸਕਣ ਲੱਗੀ ।ਫਿਰ ਇਸ ਖਿਸਕਦੀ ਸਿਆਸੀ ਜਮੀਨ ਨੂੰ ਬਚਾਉਣ ਦੇ ਨਾਪਾਕ ਇਰਾਦੇ ਨਾਲ ਅਸਤੀਫਾ ਦੇ ਦਿੱਤਾ।

ਸਿਤਮ ਦੀ ਗੱਲ ਤਾਂ ਇਹ ਹੈ ਕਿ ਬਾਦਲ ਪਰਿਵਾਰ ਚੀਚੀ ਨੂੰ ਖੂਨ ਲਾਕੇ ਕੁਰਬਾਨੀ ਦੇਣ ਦੀ ਗੱਲ ਕਰਦੇ ਹਨ ਇਹਨਾਂ ਪਤਾ ਹੀ ਨਹੀਂ ਕੁਰਬਾਨੀ ਦੀ ਕੀ ਪਰਿਭਾਸ਼ਾ ਹੁੰਦੀ ਹੈ । ਹਕੀਕਤ ਇਹ ਵੀ ਕਿ ਜਦੋਂ ਅਸਤੀਫਾ ਦਿੱਤਾ। ਉਸ ਵਕਤ ਬਿਲ ਪਾਸ ਹੋ ਗਿਆ ਸੀ । ਮੇਰਾ ਇਹ ਸਭ ਕਹਿਣ ਦਾ ਭਾਵ ਰਾਜਨੀਤੀ ਤੋਂ ਨਹੀਂ ਸਗੋਂ ਲੋਕਾਂ ਨੂੰ ਖਰੇ ਖੋਟੇ ਤੇ ਕੁਰਸੀਆਂ ਦੇ ਲਾਲਚ ਵਿੱਚ ਰੰਗ ਬਦਲਦੇ ਦੇ ਆਗੂਆਂ ਦੇ ਕਿਰਦਾਰ ਬਾਰੇ ਜਾਣੂ ਕਰਵਾਉਣਾ ਹੈ ਤਾਂ ਲੋਕ ਮੁੜ ਅਜਿਹੇ ਰੰਗ ਬਦਲਦੇ ਆਗੂਆਂ ਤੋਂ ਗੁੰਮਰਾਹ ਨਾ ਹੋਣ।ਸ੍ਰ ਢੀਂਡਸਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਡੈਮੋਕਰੇਟਿਕ ਕਿਸਾਨੀ ਤੇ ਜਵਾਨੀ ਨੂੰ ਬਚਾਉਣ ਦੇ ਹਰ ਸੰਘਰਸ਼ ਲਈ ਹਰ ਜਥੇਬੰਦੀ ਨਾਲ ਗੱਲਬਾਤ ਕਰਨ ਦਾ ਇਛੁੱਕ ਹੈ ਜੋ ਰਾਜਸੀ ਵਖਰੇਵਿਆਂ ਤੋਂ ਉਪਰ ਉੱਠਕੇ ਪੂਰੀ ਸੁਹਿਰਦਤਾ ਨਾਲ ਸੰਘਰਸ਼ ਵਿੱਚ ਆਵੇਗੀ । ਉਹਨਾਂ ਪੰਜਾਬ ਦੀਆਂ ਸਮੂਹ ਜਥੇਬੰਦੀਆਂ ਨੂੰ ਪੂਰੀ ਏਕਤਾ ਨਾਲ ਅੱਗੇ ਆਕੇ ਇਸ ਸੰਕਟ ਦੀ ਘੜੀ ਕਿਸਾਨਾਂ  ਨਾਲ ਹਿੱਕ ਡਾਹਕੇ ਖੜਣ ਦੀ ਅਪੀਲ ਵੀ ਕੀਤੀ।


Shyna

Content Editor Shyna