ਤਿੰਨ ਦਿਨ ਪਹਿਲਾਂ ਨਹਿਰ ’ਚ ਛਾਲ ਮਾਰਨ ਵਾਲੇ ਕੰਪਿਊਟਰ ਸਾਇੰਸ ਦੇ ਵਿਦਿਆਰਥੀ ਦੀ ਮਿਲੀ ਲਾਸ਼

Saturday, Aug 10, 2024 - 05:43 PM (IST)

ਬਟਾਲਾ (ਮਠਾਰੂ) : ਅੱਜ ਤੋਂ ਤਿੰਨ ਦਿਨ ਪਹਿਲਾਂ ਇਕ 22 ਸਾਲਾ ਨੌਜਵਾਨ ਵੱਲੋਂ ਨਹਿਰ ’ਚ ਛਾਲ ਮਾਰ ਦਿੱਤੀ ਗਈ ਸੀ। ਅੱਜ ਉਕਤ ਨੌਜਵਾਨ ਦੀ ਲਾਸ਼ ਨਹਿਰ ’ਚੋਂ ਬਰਾਮਦ ਹੋ ਗਈ ਹੈ। ਇਸ ਸਬੰਧੀ ਪਿੰਡ ਰੰਗੀਲਪੁਰ ਦੇ ਸਰਪੰਚ ਰਜਿੰਦਰ ਸਿੰਘ ਰਾਜੂ ਨੇ ਦੱਸਿਆ ਕਿ ਪਿੰਡ ਰੰਗੀਲਪੁਰ ਦੇ ਸੁਖਮਨਦੀਪ ਸਿੰਘ (22) ਪੁੱਤਰ ਧਰਮਿੰਦਰ ਸਿੰਘ ਨੇ 7 ਅਗਸਤ ਨੂੰ ਅੰਮ੍ਰਿਤਸਰ-ਪਠਾਨਕੋਟ ਹਾਈਵੇਅ ਦੇ ਪੁਲ ਤੋਂ ਨਹਿਰ ’ਚ ਛਾਲ ਮਾਰ ਦਿੱਤੀ ਸੀ। ਸਰਪੰਚ ਰਜਿੰਦਰ ਸਿੰਘ ਰਾਜੂ ਨੇ ਦੱਸਿਆ ਕਿ ਬੀ. ਐੱਸ. ਸੀ. ਕੰਪਿਊਟਰ ਸਾਇੰਸ ਕਰ ਰਹੇ ਵਿਦਿਆਰਥੀ ਸੁੱਖਮਨਦੀਪ ਸਿੰਘ ਨੇ ਨਹਿਰ ’ਚ ਛਾਲ ਮਾਰਨ ਤੋਂ ਪਹਿਲਾਂ ਆਪਣੇ ਇਕ ਦੋਸਤ ਨੂੰ ਵਾਇਸ ਕਾਲ ਰਾਹੀਂ ਦੱਸਿਆ ਕਿ ਉਹ ਆਪਣੀ ਜੀਵਨ ਲੀਲਾ ਸਮਾਪਤ ਕਰਨ ਜਾ ਰਿਹਾ ਹੈ। ਜਦਕਿ ਮੌਕੇ ’ਤੇ ਚਸ਼ਮਦੀਦਾਂ ਵੱਲੋਂ ਵੀ ਨੌਜਵਾਨ ਨੂੰ ਨਹਿਰ ’ਚ ਛਾਲ ਮਾਰਦਿਆਂ ਵੇਖਿਆ ਗਿਆ ਸੀ। ਇਸ ਦੌਰਾਨ ਨੌਜਵਾਨ ਦਾ ਮੋਟਰਸਾਈਕਲ ਵੀ ਨਹਿਰ ਦੇ ਪੁਲ ਤੋਂ ਬਰਾਮਦ ਹੋਇਆ ਸੀ।

ਸਰਪੰਚ ਰਜਿੰਦਰ ਸਿੰਘ ਰਾਜੂ ਨੇ ਦੱਸਿਆ ਕਿ ਸੁੱਖਮਨਦੀਪ ਸਿੰਘ ਦੇ ਪਿਤਾ ਧਰਮਿੰਦਰ ਸਿੰਘ ਜੋ ਕਿ ਵਿਦੇਸ਼ ’ਚ ਕੰਮ ਕਰਦੇ ਹਨ ਜਦ ਇਸ ਬਾਰੇ ਉਨ੍ਹਾਂ ਨੂੰ ਦੱਸਿਆ ਤਾਂ ਉਹ ਵੀ ਤੁਰੰਤ ਪਿੰਡ ਪਹੁੰਚ ਗਏ। ਸਰਪੰਚ ਰਜਿੰਦਰ ਸਿੰਘ ਨੇ ਦੱਸਿਆ ਕਿ ਲਗਾਤਾਰ ਤਿੰਨ ਦਿਨਾਂ ਤੋਂ ਸਾਰੇ ਪਿੰਡ ਵਾਸੀ ਪਰਿਵਾਰ ਸਮੇਤ ਨੌਜਵਾਨ ਸੁੱਖਮਨਦੀਪ ਸਿੰਘ ਦੀ ਭਾਲ ਕਰ ਰਹੇ ਸਨ। ਅੱਜ ਤਿੰਨ ਦਿਨਾਂ ਬਾਅਦ ਨੌਜਵਾਨ ਦੀ ਲਾਸ਼ ਅਪਰਪਾਰੀ ਦੁਆਬ ਨਹਿਰ ’ਤੇ ਪੁੱਲ ਕੁੰਜਰ ਤੋਂ ਬਰਾਮਦ ਹੋਈ ਹੈ। ਸਰਪੰਚ ਰਜਿੰਦਰ ਸਿੰਘ ਨੇ ਦੱਸਿਆ ਕਿ ਸੁੱਖਮਨਦੀਪ ਸਿੰਘ ਪੜ੍ਹਿਆ ਲਿਖਿਆ ਅਤੇ ਸੂਝਵਾਨ ਨੌਜਵਾਨ ਸੀ ਪਰ ਇਸ ਗੱਲ ਦੀ ਸਮਝ ਨਹੀਂ ਆ ਰਹੀ ਕਿ ਉਸਨੇ ਅਜਿਹਾ ਕਦਮ ਕਿਉਂ ਚੁੱਕਿਆ।


Gurminder Singh

Content Editor

Related News