ਕੈਨੇਡਾ ਹਾਦਸਾ: ਵਿਸਾਖੀ ਵਾਲੇ ਦਿਨ ਘਰੋਂ ਤੋਰਿਆ ਸੀ ਪੁੱਤ, ਹੁਣ ਲਾਸ਼ ਬਣ ਪਰਤੇਗਾ ਘਰ (ਵੀਡੀਓ)

Sunday, Oct 06, 2019 - 02:57 PM (IST)

ਜਲੰਧਰ (ਸੋਨੂੰ,ਵਰੁਣ)— ਕੈਨੇਡਾ ਦੇ ਓਂਟਾਰੀਓ 'ਚ ਬੀਤੇ ਦਿਨ ਸੜਕ ਹਾਦਸੇ 'ਚ ਮਾਰੇ ਗਏ ਤਿੰਨ ਵਿਦਿਆਰਥੀਆਂ 'ਚੋਂ ਇਕ ਜਲੰਧਰ ਦਾ ਤਨਵੀਰ ਸਿੰਘ ਵੀ ਸ਼ਾਮਲ ਸੀ। ਤਨਵੀਰ ਦੇ ਘਰ ਮਾਤਮ ਛਾਇਆ ਹੋਇਆ ਹੈ। ਤਨਵੀਰ ਜਲੰਧਰ ਦੇ ਮਾਡਲ ਹਾਊਸ ਦੀ ਬੈਂਕ ਕਾਲੋਨੀ 'ਚ ਰਹਿੰਦੇ ਕਾਰੋਬਾਰੀ ਭੁਪਿੰਦਰ ਸਿੰਘ ਘੁੰਮਣ ਉਰਫ ਲਾਲੀ ਘੁੰਮਣ ਦਾ ਬੇਟਾ ਸੀ। ਤਨਵੀਰ ਅਪ੍ਰ੍ਰੈਲ ਦੇ ਮਹੀਨੇ ਸੈਂਟ ਕਲੇਅਰ ਕਾਲਜ 'ਚ ਦਾਖਲਾ ਲੈ ਕੇ ਕੈਨੇਡਾ ਲਈ ਰਵਾਨਾ ਹੋਇਆ ਸੀ। ਪੁੱਤ ਦੀ ਮੌਤ ਦੀ ਖਬਰ ਸੁਣ ਕੇ ਪਿਤਾ ਭੁਪਿੰਦਰ ਸਿੰਘ ਅਤੇ ਮਾਂ ਹਰਜੋਤ ਦਾ ਰੋ-ਰੋ ਕੇ ਬੁਰਾ ਹਾਲ ਹੈ।

PunjabKesari
ਪਰਿਵਾਰ ਨੂੰ ਇੰਝ ਲੱਗਾ ਪਤਾ
ਪਿਤਾ ਭੁਪਿੰਦਰ ਸਿੰਘ ਨੇ ਦੱਸਿਆ ਕਿ ਅਪ੍ਰੈਲ 'ਚ ਵਿਸਾਖੀ ਵਾਲੇ ਦਿਨ ਉਨ੍ਹਾਂ ਦਾ 18 ਸਾਲਾ ਬੇਟਾ ਤਨਵੀਰ ਸਟਡੀ ਵੀਜ਼ੇ 'ਤੇ ਵਿਦੇਸ਼ ਗਿਆ ਸੀ। ਉਨ੍ਹਾਂ ਦੱਸਿਆ ਕਿ ਕੈਨੇਡਾ ਤੋਂ ਇਕ ਪੁਲਸ ਮੁਲਾਜ਼ਮ ਨੇ ਫੋਨ ਕਰਕੇ ਹਾਦਸੇ ਦੀ ਜਾਣਕਾਰੀ ਦਿੱਤੀ। ਉਸ ਨੇ ਫੋਨ ਕਰ ਕੇ ਦੱਸਿਆ ਕਿ ਤਨਵੀਰ ਦੀ ਰੋਡ ਐਕਸੀਡੈਂਟ 'ਚ ਮੌਤ ਹੋ ਗਈ ਹੈ। ਭੁਪਿੰਦਰ ਸਿੰਘ ਨੇ ਸੋਚਿਆ ਕਿ ਕੋਈ ਮਜ਼ਾਕ ਕਰ ਰਿਹਾ ਹੈ, ਜਿਸ ਕਾਰਨ ਉਨ੍ਹਾਂ ਨੇ ਫੋਨ ਕਰਨ ਵਾਲੇ ਨੂੰ ਗਾਲ੍ਹਾਂ ਕੱਢ ਦਿੱਤੀਆਂ। ਜਦੋਂ ਕੈਨੇਡਾ ਦੇ ਪੁਲਸ ਅਧਿਕਾਰੀ ਨੇ ਤਨਵੀਰ ਸਿੰਘ ਦੇ ਜਨਮ ਦੀ ਤਰੀਕ, ਸਾਲ, ਪਿਤਾ ਦਾ ਨਾਂ ਅਤੇ ਐਡਰੈੱਸ ਦੱਸਿਆ ਤਾਂ ਭੁਪਿੰਦਰ ਸਿੰਘ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਤਨਵੀਰ ਸਿੰਘ ਦੀ ਮੌਤ ਦੀ ਖ਼ਬਰ ਸੁਣ ਕੇ ਘਰ 'ਚੋਂ ਚੀਕਾਂ ਦੀਆਂ ਆਵਾਜ਼ਾਂ ਆਉਣ ਲੱਗੀਆਂ। ਦੇਖਦੇ ਹੀ ਦੇਖਦੇ ਇਲਾਕੇ ਦੇ ਲੋਕ ਇਕੱਠੇ ਹੋ ਗਏ।
ਭੁਪਿੰਦਰ ਸਿੰਘ ਉਰਫ ਲਾਲੀ ਘੁੰਮਣ ਦੱਸਦੇ ਹਨ ਕਿ ਉਨ੍ਹਾਂ ਨੂੰ ਬੇਟੇ ਦੀ ਮੌਤ ਦਾ ਬਿਲਕੁਲ ਵਿਸ਼ਵਾਸ ਨਹੀਂ ਹੋ ਰਿਹਾ ਸੀ, ਜਿਸ ਕਾਰਨ ਉਨ੍ਹਾਂ ਨੇ ਤਨਵੀਰ ਦੇ ਕਾਲਜ ਅਤੇ ਜਿਸ ਗੁਰਦੁਆਰਾ ਸਾਹਿਬ 'ਚ ਉਨ੍ਹਾਂ ਦੇ ਜਾਣਕਾਰ ਰਹਿੰਦੇ ਹਨ, ਉਥੇ ਫੋਨ ਕੀਤਾ, ਉਥੋਂ ਹੀ ਤਨਵੀਰ ਦੀ ਮੌਤ ਦਾ ਪਤਾ ਲੱਗਾ। ਲਾਲੀ ਘੁੰਮਣ ਦੇ ਦੋ ਬੇਟਿਆਂ 'ਚੋਂ ਤਨਵੀਰ ਘੁੰਮਣ ਵੱਡਾ ਸੀ। ਲਾਲੀ ਘੁੰਮਣ ਦੱਸਦੇ ਹਨ ਕਿ ਤਨਵੀਰ ਸਮੇਤ ਗੱਡੀ 'ਚ ਸਵਾਰ 5 ਲੋਕ ਕੰਮ ਤੋਂ ਵਾਪਸ ਆ ਕੇ ਕਾਲਜ ਕਲਾਸ ਲਗਾਉਣ ਜਾ ਰਹੇ ਸਨ। ਇਸ ਦੌਰਾਨ ਸੜਕ ਹਾਦਸਾ ਹੋ ਗਿਆ। ਹਾਦਸਾ ਇੰਨਾ ਭਿਆਨਕ ਸੀ ਕਿ ਗੱਡੀ 100 ਫ਼ੀਸਦੀ ਨੁਕਸਾਨੀ ਗਈ। ਤਨਵੀਰ ਸਮੇਤ ਟਾਂਡਾ ਦਾ ਇਕ ਨੌਜਵਾਨ ਅਤੇ ਉਸ ਦੀ ਪਤਨੀ ਵੀ ਹਾਦਸੇ 'ਚ ਮਾਰੇ ਗਏ ਹਨ।

ਬੇਟੇ ਦੀ ਮੌਤ ਦੀ ਖਬਰ ਸੁਣ ਕੇ ਮਾਂ ਬੇਹਾਲ
ਸ਼ਨੀਵਾਰ ਨੂੰ ਤਨਵੀਰ ਦੇ ਪਿਤਾ ਰੋ-ਰੋ ਕੇ ਬੇਟੇ ਤਨਵੀਰ ਦੀਆਂ ਗੱਲਾਂ ਸੁਣਾ ਰਹੇ ਸਨ। ਪਿਤਾ ਦਾ ਹਾਲ ਦੇਖ ਕੇ ਤਨਵੀਰ ਦੀ ਮੌਤ ਦਾ ਦੁੱਖ ਵੰਡਣ ਆਏ ਲੋਕ ਵੀ ਖੁਦ ਦੇ ਹੰਝੂ ਨਹੀਂ ਰੋਕ ਪਾ ਰਹੇ ਸਨ। ਜਿਸ ਬੇਟੇ ਦਾ ਭਵਿੱਖ ਸੰਵਾਰਨ ਲਈ ਕੈਨੇਡਾ ਭੇਜਿਆ, ਉਸ ਬੇਟੇ ਦੀ ਮੌਤ ਦੀ ਖਬਰ ਨੇ ਮਾਂ ਨੂੰ ਵੀ ਬੇਹਾਲ ਕਰ ਦਿੱਤਾ ਸੀ। ਤਨਵੀਰ ਦੀ ਮਾਂ ਹਰਜੋਤ ਕੌਰ ਘਰ 'ਚ ਗੁੰਮਸੁੰਮ ਬੈਠੀ ਸੀ। ਉਸ ਦੀਆਂ ਅੱਖਾਂ 'ਚੋਂ ਹੰਝੂ ਰੁਕਣ ਦਾ ਨਾਂ ਨਹੀਂ ਲੈ ਰਹੇ ਸਨ। ਤਨਵੀਰ ਦੀ ਮੌਤ ਤੋਂ ਬਾਅਦ ਉਸ ਦੇ ਦੋਸਤਾਂ ਨੇ ਫੇਸਬੁਕ 'ਤੇ ਉਸ ਨੂੰ ਸ਼ਰਧਾਂਜਲੀ ਦਿੱਤੀ। ਤਨਵੀਰ ਪੜ੍ਹਨ 'ਚ ਕਾਫੀ ਲਾਇਕ ਸੀ। ਉਹ ਕੰਪਿਊਟਰ ਸਾਇੰਸ ਦੀ ਸਟੱਡੀ ਲਈ ਗਿਆ ਸੀ।

PunjabKesari
ਪਹਿਲਾ ਜਨਮ ਦਿਨ ਮਾਤਾ-ਪਿਤਾ ਤੋਂ ਦੂਰ ਮਨਾਇਆ ਸੀ...ਕਹਿੰਦਾ ਸੀ ਅਗਲਾ ਨਾਲ ਮਨਾਊਂਗਾ
ਤਨਵੀਰ ਘੁੰਮਣ ਨੇ 18 ਸਾਲਾਂ 'ਚ ਇਸ ਸਾਲ ਜਨਮ ਦਿਨ ਆਪਣੇ ਮਾਤਾ-ਪਿਤਾ ਅਤੇ ਭਰਾ ਤੋਂ ਦੂਰ ਮਨਾਇਆ ਸੀ। 15 ਜੂਨ 2019 ਨੂੰ ਉਸ ਦਾ ਜਨਮ ਦਿਨ ਸੀ। ਤਨਵੀਰ ਸਿੰਘ ਆਪਣੇ ਮਾਤਾ-ਪਿਤਾ ਤੋਂ ਦੂਰ ਹੋ ਕੇ ਜਨਮ ਦਿਨ ਨਹੀਂ ਸੀ ਮਨਾਉਣਾ ਚਾਹੁੰਦਾ। ਹਾਲਾਂਕਿ ਉਹ ਹਮੇਸ਼ਾ ਕਹਿੰਦਾ ਸੀ ਕਿ ਪੜ੍ਹਾਈ-ਲਿਖਾਈ ਤੋਂ ਬਾਅਦ ਉਹ ਚੰਗੀ ਜੌਬ 'ਤੇ ਲੱਗੇਗਾ ਅਤੇ ਸਾਰਿਆਂ ਨੂੰ ਵਿਦੇਸ਼ ਸੱਦ ਲਵੇਗਾ। ਜਾਣਕਾਰਾਂ ਦਾ ਕਹਿਣਾ ਹੈ ਕਿ ਲਾਲੀ ਘੁੰਮਣ ਆਪਣੇ ਬੇਟੇ ਨੂੰ ਵਿਦੇਸ਼ ਭੇਜ ਕੇ ਕਾਫੀ ਖੁਸ਼ ਸਨ ਪਰ ਇਸ ਹਾਦਸੇ ਨੇ ਪੂਰੇ ਪਰਿਵਾਰ ਨੂੰ ਸਦਮੇ 'ਚ ਪਾ ਦਿੱਤਾ। ਉਨ੍ਹਾਂ ਦੱਸਿਆ ਕਿ ਤਨਵੀਰ ਦੀ ਲਾਸ਼ ਨੂੰ ਭਾਰਤ ਲਿਆਉਣ ਲਈ ਧਾਰਮਿਕ ਸੰਗਠਨ ਅਤੇ ਕਾਲਜ ਵੱਲੋਂ ਜ਼ਰੂਰੀ ਰਸਮਾਂ ਪੂਰੀਆਂ ਕੀਤੀਆਂ ਜਾ ਰਹੀਆਂ ਹਨ। ਭੁਪਿੰਦਰ ਮਾਡਲ ਹਾਊਸ 'ਚ ਜੁੱਤੀਆਂ ਬਣਾਉਣ ਲਈ ਇਸਤੇਮਾਲ ਕੀਤੇ ਜਾਣ ਵਾਲੇ ਮਟੀਰੀਅਲ ਦਾ ਕੰਮ ਕਰਦੇ ਹਨ। ਉਹ ਸ਼ਹੀਦ ਊਧਮ ਸਿੰਘ ਕਲੱਬ ਦੇ ਮੈਂਬਰ ਵੀ ਹਨ।
PunjabKesari
ਜ਼ਿਕਰਯੋਗ ਹੈ ਕਿ ਕੈਨੇਡਾ ਦੇ ਸ਼ਹਿਰ ਸਾਰਨੀਆ 'ਚ ਸਥਾਨਕ ਸਮੇਂ ਮੁਤਾਬਕ ਸ਼ੁੱਕਰਵਾਰ ਨੂੰ ਇਕ ਭਿਆਨਕ ਸੜਕ ਹਾਦਸਾ ਵਾਪਰਿਆ ਗਿਆ ਸੀ, ਜਿਸ 'ਚ 3 ਪੰਜਾਬੀ ਵਿਦਿਆਰਥੀਆਂ ਦੀ ਮੌਤ ਹੋ ਗਈ ਸੀ ਅਤੇ ਹੋਰ ਦੋ ਜ਼ਖਮੀ ਸਨ। ਮ੍ਰਿਤਕਾਂ 'ਚ ਦੋ ਲੜਕੇ ਅਤੇ ਇਕ ਲੜਕੀ ਸ਼ਾਮਲ ਹੈ ਅਤੇ ਇਨ੍ਹਾਂ ਤਿੰਨਾਂ ਦੀ ਉਮਰ 20 ਸਾਲ ਦੇ ਕਰੀਬ ਹੈ। ਮ੍ਰਿਤਕ ਲੜਕੀ ਦੀ ਪਛਾਣ ਹਰਪ੍ਰੀਤ ਕੌਰ ਦੇ ਰੂਪ 'ਚ ਹੋਈ। ਮਰਨ ਵਾਲੇ ਦੋਵੇਂ ਨੌਜਵਾਨ ਤਨਵੀਰ ਸਿੰਘ ਅਤੇ ਗੁਰਵਿੰਦਰ ਸਿੰਘ ਜ਼ਿਲਾ ਜਲੰਧਰ ਦੇ ਰਹਿਣ ਵਾਲੇ ਸਨ।
PunjabKesari
ਇਕ ਜ਼ਖਮੀ ਨੌਜਵਾਨ ਦੀ ਪਛਾਣ ਜੋਵਨ ਵਜੋਂ ਕੀਤੀ ਗਈ ਸੀ ਜਦਕਿ ਦੂਜੇ ਜ਼ਖਮੀ ਦੀ ਪਛਾਣ ਅਜੇ ਪਤਾ ਨਹੀਂ ਲੱਗ ਸਕੀ। ਦੱਸਿਆ ਜਾ ਰਿਹਾ ਹੈ ਕਿ ਕਾਰ ਸੜਕ 'ਤੇ ਉਲਟਬਾਜ਼ੀਆਂ ਖਾਂਦੀ ਹੋਈ ਡਿੱਗੀ। ਕਾਰ ਦੀ ਹਾਲਤ ਦੇਖ ਕੇ ਪਤਾ ਲੱਗ ਰਿਹਾ ਹੈ ਕਿ ਹਾਦਸਾ ਕਿੰਨਾ ਭਿਆਨਕ ਹੋਵੇਗਾ। ਇਹ ਸਾਰੇ ਵਿੰਡਸਰ ਦੇ ਸੈਂਟ ਕਲੇਅਰ ਕਾਲਜ 'ਚ ਪੜ੍ਹਾਈ ਕਰਦੇ ਸਨ।


author

shivani attri

Content Editor

Related News