ਪੰਜਾਬ ਮੰਤਰੀ ਮੰਡਲ ਵਲੋਂ ''ਐਡਵੋਕੇਟਸ ਵੈੱਲਫੇਅਰ ਫੰਡ ਰੂਲਜ਼'' ਨੂੰ ਪ੍ਰਵਾਨਗੀ

Thursday, Dec 19, 2019 - 06:36 PM (IST)

ਪੰਜਾਬ ਮੰਤਰੀ ਮੰਡਲ ਵਲੋਂ ''ਐਡਵੋਕੇਟਸ ਵੈੱਲਫੇਅਰ ਫੰਡ ਰੂਲਜ਼'' ਨੂੰ ਪ੍ਰਵਾਨਗੀ

ਚੰਡੀਗੜ੍ਹ : ਪੰਜਾਬ ਮੰਤਰੀ ਮੰਡਲ ਨੇ 'ਦੀ ਪੰਜਾਬ ਐਡਵੋਕੇਟਸ ਵੈੱਲਫੇਅਰ ਫੰਡ ਰੂਲਜ਼-2019' ਨੂੰ ਪ੍ਰਵਾਨਗੀ ਦੇ ਦਿੱਤੀ ਹੈ, ਜਿਸ ਨਾਲ ਸਬੰਧਤ ਐਕਟ ਦੇ ਲਾਗੂ ਹੋਣ ਲਈ ਰਾਹ ਪੱਧਰਾ ਹੋ ਜਾਵੇਗਾ। ਇਹ ਫੈਸਲਾ ਅੱਜ ਇੱਥੇ ਪੰਜਾਬ ਭਵਨ ਵਿਖੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਲਿਆ ਗਿਆ। ਇਕ ਸਰਕਾਰੀ ਬੁਲਾਰੇ ਮੁਤਾਬਕ ਸੂਬਾ ਸਰਕਾਰ ਨੂੰ 'ਪੰਜਾਬ ਐਡਵੋਕੇਟਸ ਵੈੱਲਫੇਅਰ ਫੰਡ ਐਕਟ-2002' ਦੀ ਧਾਰਾ 28 ਤਹਿਤ ਨਿਯਮ ਤਿਆਰ ਕਰਕੇ ਨੋਟਾਫਾਈ ਕਰਨ ਦੀ ਲੋੜ ਹੈ।

ਇਹ ਨਿਯਮ ਰਾਸ਼ਟਰੀਕਰਨ ਬੈਂਕ 'ਚ ਫੰਡ ਜਮ੍ਹਾਂ ਕਰਨ, ਲੇਖਾ ਤੇ ਬਜਟ ਅਨੁਮਾਨਾਂ ਦੀ ਸਾਲਾਨਾ ਸਟੇਟਮੈਂਟ ਤਿਆਰ ਕਰਨ, ਖਰਚੇ ਤੇ ਨਿਵੇਸ਼ ਦੇ ਲੇਖੇ ਅਤੇ ਸਾਲਾਨਾ ਆਡਿਟ ਦੀ ਵਿਵਸਥਾ ਕਰਦੇ ਹਨ। ਫੰਡ ਵਿਚ ਦਾਖਲਾ ਅਤੇ ਮੈਂਬਰਸ਼ਿਪ ਤੋਂ ਹਟਾਉਣ ਦੀ ਪ੍ਰਕ੍ਰਿਆ ਵੀ ਪ੍ਰਦਾਨ ਕੀਤੀ ਗਈ ਹੈ। ਵੱਖ-ਵੱਖ ਗਤੀਵਿਧੀਆਂ ਨੂੰ ਪੂਰਾ ਕਰਨ ਲਈ ਸਟਾਫ ਦੀ ਨਿਯੁਕਤ ਦਾ ਉਪਬੰਧ ਵੀ ਕੀਤਾ ਗਿਆ ਹੈ।

ਇਥੇ ਇਹ ਵੀ ਜ਼ਿਕਰਯੋਗ ਹੈ ਕਿ ਪੰਜਾਬ ਐਡਵੋਕੇਟਸ ਵੈੱਲਫੇਅਰ ਫੰਡ ਐਕਟ-2002 ਦਾ ਗਠਨ ਅਤੇ ਇਸ ਦੀ ਵਰਤੋਂ ਪੰਜਾਬ ਨਾਲ ਸਬੰਧਤ ਵਕੀਲਾਂ ਦੀ ਭਲਾਈ ਲਈ ਲਾਗੂ ਕਰਨ ਲਈ ਕੀਤਾ ਗਿਆ ਸੀ। ਇਸ ਫੰਡ ਦੀ ਆਮਦਨੀ ਸੂਬਾ ਸਰਕਾਰ ਪਾਸੋਂ ਮਿਲੀ ਗਰਾਂਟ, ਬਾਰ ਕੌਂਸਲ ਵਲੋਂ ਇਕੱਤਰ ਕੀਤੇ ਫੰਡਾਂ, ਸਵੈ-ਇਛੁੱਕ ਦਾਨ, ਕੇਂਦਰ ਸਰਕਾਰ ਤੋਂ ਗਰਾਂਟ ਆਦਿ ਤੋਂ ਆਉਂਦੀ ਹੈ। ਇਹ ਫੰਡ ਵਕੀਲਾਂ ਦੀ ਭਲਾਈ ਦੇ ਵੱਖ-ਵੱਖ ਉਦੇਸ਼ਾਂ ਜਿਵੇਂ ਵਕੀਲਾਂ ਨੂੰ ਸਮੂਹ ਬੀਮਾ, ਯੋਗ ਵਕੀਲਾਂ ਨੂੰ ਵਿੱਤੀ ਸਹਾਇਤਾ, ਵਕੀਲਾਂ ਨੂੰ ਮੈਡੀਕਲ ਬੀਮਾ, ਗੰਭੀਰ ਬਿਮਾਰੀ ਦੀ ਸਥਿਤੀ ਵਿਚ ਵਿੱਤੀ ਸਹਾਇਤਾ ਆਦਿ ਲਈ ਖਰਚੇ ਜਾਂਦੇ ਹਨ।


author

Gurminder Singh

Content Editor

Related News