ਵਾਇਰਲ ਆਡੀਓ 'ਤੇ ਕੈਬਨਿਟ ਮੰਤਰੀ ਸਰਾਰੀ ਦਾ ਬਿਆਨ, ਕਿਹਾ ਮੈਨੂੰ ਬਦਨਾਮ ਕਰਨ ਦੀ ਸਾਜ਼ਿਸ਼
Monday, Sep 12, 2022 - 11:06 AM (IST)
ਫਿਰੋਜ਼ਪੁਰ(ਕੁਮਾਰ) : ਪੰਜਾਬ ਦੇ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਦਾ ਨਾਂ ਲਿਖ ਕੇ ਪੈਸਿਆਂ ਦੇ ਲੈਣ-ਦੇਣ ਅਤੇ ਸੌਦੇਬਾਜ਼ੀ ਦੀ ਇਕ ਆਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ ਅਤੇ ਇਸ ਆਡੀਓ ’ਚ ਪੈਸੇ ਕਿਵੇਂ ਲੈਣੇ ਹਨ? ਸਬੰਧੀ ਦੋ ਵਿਅਕਤੀਆਂ ਵਿਚਾਲੇ ਦਿਲਚਸਪ ਗੱਲਾਂ ਹੋ ਰਹੀਆਂ ਹਨ। ਇਸ ਸੰਬੰਧੀ ਸੰਪਰਕ ਕਰਨ ’ਤੇ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਨੇ ਇਸ ਆਡੀਓ ਨੂੰ ਫਰਜ਼ੀ ਦੱਸਦਿਆਂ ਕਿਹਾ ਕਿ ਉਨ੍ਹਾਂ ਨੂੰ ਬਦਨਾਮ ਕਰਨ ਦੀ ਇਕ ਸਾਜ਼ਿਸ਼ ਤਹਿਤ ਇਹ ਆਡੀਓ ਤਿਆਰ ਕਰ ਕੇ ਸੋਸ਼ਲ ਮੀਡੀਆ ’ਤੇ ਪਾ ਦਿੱਤੀ ਗਈ, ਜਿਸ ’ਚ ਕੋਈ ਸੱਚਾਈ ਨਹੀਂ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਈਮਾਨਦਾਰੀ ਨਾਲ ਕੰਮ ਕਰ ਰਹੀ ਹੈ, ਜੋ ਵਿਰੋਧੀਆਂ ਨੂੰ ਪਸੰਦ ਨਹੀਂ ਹੈ, ਜਦਕਿ ਉਨ੍ਹਾਂ ਵਲੋਂ ਵਿਕਾਸ ਨੂੰ ਪਹਿਲ ਦਿੱਤੀ ਜਾ ਰਹੀ ਹੈ ਅਤੇ ਉਨ੍ਹਾਂ ਦੀ ਸਰਕਾਰ ਵਲੋਂ ਭ੍ਰਿਸ਼ਟਾਚਾਰ ਨੂੰ ਕਿਸੇ ਵੀ ਹਾਲਤ ’ਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਇਹ ਵੀ ਪੜ੍ਹੋ- NIA ਵਲੋਂ ਦੇਸ਼ ਭਰ ’ਚ ਗੈਂਗਸਟਰਾਂ ਦੇ ਘਰਾਂ ’ਤੇ ਰੇਡ, ਲਾਰੈਂਸ-ਭਗਵਾਨਪੁਰੀਆ-ਗੋਲਡੀ ਬਰਾੜ ਸਣੇ ਕਈ ਰਡਾਰ ’ਤੇ
ਵਾਇਰਲ ਹੋਈ ਆਡੀਓ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਕਾਂਗਰਸ ਪਾਰਟੀ ਦੇ ਪੰਜਾਬ ਪ੍ਰਧਾਨ ਰਾਜਾ ਵੜਿੰਗ, ਗੁਰਦੀਪ ਸਿੰਘ ਢਿੱਲੋਂ, ਭਾਜਪਾ ਆਗੂ ਸ਼ੈਲੇ ਸੰਧੂ ਅਤੇ ਹੋਰ ਕਈ ਅਕਾਲੀ, ਕਾਂਗਰਸ ਅਤੇ ਭਾਜਪਾ ਆਗੂਆਂ ਨੇ ਆਮ ਆਦਮੀ ਪਾਰਟੀ ’ਤੇ ਗੰਭੀਰ ਦੋਸ਼ ਲਗਾਉਂਦੇ ਹੋਏ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਫੌਜਾ ਸਿੰਘ ਸਰਾਰੀ ਨੂੰ ਮੰਤਰੀ ਮੰਡਲ ਤੋਂ ਬਰਖਾਸਤ ਕਰਨ ਅਤੇ ਉਨ੍ਹਾਂ ਖ਼ਿਲਾਫ਼ ਅਪਰਾਧਿਕ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਮੂਸੇਵਾਲਾ ਕਤਲਕਾਂਡ : 7 ਦਿਨਾਂ ਦੇ ਰਿਮਾਂਡ 'ਤੇ ਸ਼ੂਟਰ ਦੀਪਕ ਮੁੰਡੀ, ਲਾਰੈਂਸ ਸਾਹਮਣੇ ਬੈਠਾ ਕੇ ਹੋ ਸਕਦੀ ਹੈ ਪੁੱਛਗਿੱਛ
ਜ਼ਿਕਰਯੋਗ ਹੈ ਕਿ ਸੋਸ਼ਲ ਮੀਡੀਆ 'ਤੇ ਬੀਤੇ ਦਿਨੀਂ ਇਕ ਆਡੀਓ ਵਾਇਰਲ ਹੋ ਰਿਹਾ ਸੀ , ਜੋ ਕਿ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਅਤੇ ਉਨ੍ਹਾਂ ਦੇ ਓ.ਐੱਸ.ਡੀ. ਤਰਸੇਮ ਕਪੂਰ ਦਾ ਦੱਸਿਆ ਜਾ ਰਿਹਾ ਸੀ। ਇਸ ਆਡੀਓ 'ਚ ਫੂਡ ਪ੍ਰੋਸੇਸਿੰਗ ਮੰਤਰੀ ਸਰਾਰੀ ਕਿਸੇ ਮਾਮਲੇ 'ਚ ਸੈਟਿੰਗ ਦੇ ਨਾਮ 'ਤੇ ਸੌਦੇਬਾਜ਼ੀ ਕਰਨ ਦਾ ਗੱਲ ਕਰ ਰਹੇ ਹਨ। ਦੱਸ ਦੇਈਏ ਕਿ ਇਹ ਆਡੀਓ ਓ.ਐੱਸ.ਡੀ. ਦੇ ਭਤੀਜੇ ਜੌਨੀ ਕਪੂਰ ਦੀ ਗ੍ਰਿਫ਼ਤਾਰੀ ਤੋਂ ਬਾਅਦ ਵਾਇਰਲ ਹੋਈ ਹੈ। ਭਤੀਜੇ 'ਤੇ ਮਾਮਲਾ ਦਰਜ ਹੋਣ ਤੋਂ ਬਾਅਦ ਓ.ਐੱਸ.ਡੀ. ਨੇ ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਕਿਹਾ ਸੀ ਕਿ ਆਉਣ ਵਾਲੇ ਸਮੇਂ 'ਚ ਉਹ ਮੰਤਰੀ ਦੇ ਪਾਰਟੀ ਸੰਬੰਧੀ ਹੋਰ ਵੀ ਕਈ ਖ਼ੁਲਾਸੇ ਕਰੇਗਾ। ਦੱਸਣਯੋਗ ਹੈ ਕਿ ਓ.ਐੱਸ.ਡੀ. ਦੇ ਭਤੀਜੇ 'ਤੇ ਆਪਣੀ ਗੱਡੀ 'ਤੇ ਲਗਾਏ ਗਏ ਹੋਟਰ ਦੇ ਕਾਰਨ ਉਸ 'ਤੇ ਮਾਮਲਾ ਦਰਜ ਕੀਤਾ ਗਿਆ ਹੈ।
ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।