ਕੈਬਨਿਟ ਮੰਤਰੀ ਮੀਤ ਹੇਅਰ ਵੱਲੋਂ ਭਾਖੜਾ-ਨੰਗਲ ਪ੍ਰਾਜੈਕਟ ਦਾ ਦੌਰਾ, ਅਧਿਕਾਰੀਆਂ ਨੂੰ ਦਿੱਤੇ ਨਿਰਦੇਸ਼

06/02/2023 3:47:58 PM

ਚੰਡੀਗੜ੍ਹ/ਨੰਗਲ : ਪੰਜਾਬ 'ਚ ਕਿਸਾਨਾਂ ਨੂੰ ਸਿੰਚਾਈ ਲਈ ਨਹਿਰੀ ਪਾਣੀ ਮੁਹੱਈਆ ਕਰਵਾਉਣ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਬਿਹਤਰ ਨੈੱਟਵਰਕ ਮੁਹੱਈਆ ਕਰਵਾ ਰਹੀ ਹੈ। ਆਗਾਮੀ ਮਾਨਸੂਨ ਸੀਜ਼ਨ ਤੋਂ ਪਹਿਲਾਂ ਸੂਬੇ 'ਚ ਹੜ੍ਹ ਰੋਕੂ ਕੰਮ ਜੂਨ ਮਹੀਨੇ ਮੁਕੰਮਲ ਹੋ ਜਾਣਗੇ। ਇਹ ਗੱਲ ਜਲ ਸਰੋਤ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਬੀਤੀ ਸ਼ਾਮ ਭਾਖੜਾ-ਨੰਗਲ ਡੈਮ ਵਿਖੇ ਭਾਖੜਾ ਬਿਆਸ ਪ੍ਰਬੰਧਕੀ ਬੋਰਡ ਦੇ ਬੁਨਿਆਦੀ ਢਾਂਚੇ ਅਤੇ ਪ੍ਰਬੰਧਨ ਦਾ ਦੌਰਾ ਕਰਨ ਉਪਰੰਤ ਕਹੀ। ਮੀਤ ਹੇਅਰ ਜੋ ਪਹਿਲੀ ਵਾਰ ਇੱਥੇ ਪੁੱਜੇ ਸਨ, ਨੂੰ ਬੀ. ਬੀ. ਐੱਮ. ਬੀ. ਅਦਾਰੇ ਅਧੀਨ ਆਉਂਦੇ ਬੁਨਿਆਦੀ ਢਾਂਚੇ, ਪਾਣੀ ਦੇ ਨਿਯਮਾਂ ਅਤੇ ਸਹਿਭਾਗੀ ਰਾਜਾਂ ਤੋਂ ਵੱਖ-ਵੱਖ ਅਸਾਮੀਆਂ ਦੇ ਸ਼ੇਅਰ ਬਾਰੇ ਜਾਣੂੰ ਕਰਵਾਇਆ ਗਿਆ।

ਇਹ ਵੀ ਪੜ੍ਹੋ : ਸਰਹਿੰਦ ਨਹਿਰ 'ਚੋਂ ਭਾਰੀ ਮਾਤਰਾ 'ਚ ਅਸਲਾ ਬਰਾਮਦ, ਪੁਲਸ ਨੂੰ ਪਈ ਹੱਥਾਂ-ਪੈਰਾਂ ਦੀ

ਉਨ੍ਹਾਂ ਚੱਲ ਰਹੇ ਕੰਮਾਂ ਅਤੇ ਭਵਿੱਖ ਦੇ ਪ੍ਰਾਜੈਕਟਾਂ ਬਾਰੇ ਜਾਣਕਾਰੀ ਹਾਸਲ ਕੀਤੀ ਅਤੇ ਭਾਖੜਾ ਬੰਨ੍ਹ ਤੇ ਜਲ ਭੰਡਾਰਨ ਦਾ ਵੀ ਨਿਰੀਖਣ ਕੀਤਾ। ਉਨ੍ਹਾਂ ਡੈਮ ਦੇ ਪੱਧਰ ਦਾ ਮੁਆਇਨਾ ਕਰਦਿਆਂ ਮੌਕੇ 'ਤੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਮਾਨਸੂਨ ਸੀਜ਼ਨ ਦੌਰਾਨ ਕੀਤੇ ਜਾਣ ਵਾਲੇ ਪ੍ਰਬੰਧ ਸਮੇਂ ਸਿਰ ਮੁਕੰਮਲ ਕਰ ਲਏ ਜਾਣ। ਮੌਜੂਦਾ ਸਮੇਂ ਭਾਖੜਾ ਡੈਮ 'ਚ ਪਾਣੀ ਦਾ ਪੱਧਰ 1563.90 ਫੁੱਟ ਸੀ। ਜਲ ਸਰੋਤ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬੀਤੇ ਦਿਨੀਂ ਹੜ੍ਹ ਰੋਕੂ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ ਸੀ, ਜਿਸ 'ਚ ਉਨ੍ਹਾਂ ਵੱਲੋਂ ਦਿੱਤੇ ਨਿਰਦੇਸ਼ਾਂ ਤਹਿਤ ਵਿਭਾਗ ਵੱਲੋਂ ਜੂਨ ਮਹੀਨੇ ਤੱਕ ਆਗਾਮੀ ਮਾਨਸੂਨ ਸੀਜ਼ਨ ਦੌਰਾਨ ਹੜ੍ਹਾਂ ਦੇ ਸੰਭਾਵਿਤ ਖ਼ਤਰੇ ਨਾਲ ਨਜਿੱਠਣ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਜਾਣਗੇ।

ਇਹ ਵੀ ਪੜ੍ਹੋ : ਪੰਜਾਬ 'ਚ Heat Wave ਚੱਲਣ ਬਾਰੇ ਆਈ ਤਾਜ਼ਾ ਖ਼ਬਰ, ਜਾਣੋ ਜੂਨ ਮਹੀਨੇ ਦੇ ਮੌਸਮ ਦਾ ਹਾਲ

ਉਨ੍ਹਾਂ ਕਿਹਾ ਕਿ ਜਲ ਸਰੋਤ ਵਿਭਾਗ ਵੱਲੋਂ ਇਸ ਵਾਰ ਟੇਲਾਂ ਤੱਕ ਕਿਸਾਨਾਂ ਨੂੰ ਉਨ੍ਹਾਂ ਦੀ ਮੰਗ ਅਨੁਸਾਰ ਨਹਿਰੀ ਪਾਣੀ ਪੁੱਜਦਾ ਕੀਤਾ ਗਿਆ, ਜੋ ਕਿ ਸੂਬੇ 'ਚ ਪਹਿਲੀ ਵਾਰ ਹੋਇਆ। ਮੀਤ ਹੇਅਰ ਨੇ ਹਰਿਆਲੀ ਤੇ ਵਾਤਾਵਰਣ ਨੂੰ ਮਹੱਤਤਾ ਦਿੰਦੇ ਹੋਏ ਬੀ. ਬੀ. ਐੱਮ. ਬੀ. ਕੰਪਲੈਕਸ 'ਚ ਪੌਦਾ ਵੀ ਲਾਇਆ। ਉਨ੍ਹਾਂ ਭਾਖੜਾ ਬੰਨ੍ਹ ’ਤੇ ਸਥਿਤ ਸ਼ਹੀਦੀ ਸਮਾਰਕ 'ਤੇ ਸਿਜਦਾ ਕਰਦਿਆਂ ਸ਼ਰਧਾਂਜਲੀ ਵੀ ਭੇਂਟ ਕੀਤੀ। ਇਸ ਮੌਕੇ ਮੁੱਖ ਇੰਜੀਨੀਅਰ ਭਾਖੜਾ ਡੈਮ (ਬੀ. ਬੀ. ਐੱਮ. ਬੀ.) ਚਰਨਪ੍ਰੀਤ ਸਿੰਘ ਵੀ ਹਾਜ਼ਰ ਸਨ।

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


Babita

Content Editor

Related News