ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਤਿੰਨ ਰੋਜ਼ਾ ਰਾਸ਼ਟਰੀ ਕਾਨਫਰੰਸ ਦੌਰਾਨ ਪੰਜਾਬ ਦੇ ਵਿਰਸੇ ਬਾਰੇ ਦਿੱਤੀ ਜਾਣਕਾਰੀ

Tuesday, Sep 20, 2022 - 08:25 PM (IST)

ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਤਿੰਨ ਰੋਜ਼ਾ ਰਾਸ਼ਟਰੀ ਕਾਨਫਰੰਸ ਦੌਰਾਨ ਪੰਜਾਬ ਦੇ ਵਿਰਸੇ ਬਾਰੇ ਦਿੱਤੀ ਜਾਣਕਾਰੀ

ਚੰਡੀਗੜ੍ਹ : ਪੰਜਾਬ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਵੱਲੋਂ ਹਿਮਾਚਲ ਪ੍ਰਦੇਸ਼ 'ਚ ਧਰਮਸ਼ਾਲਾ ਵਿਖੇ ਦੇਸ਼ ਦੇ ਵੱਖ-ਵੱਖ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਸੈਰ-ਸਪਾਟਾ ਮੰਤਰੀਆਂ ਦੀ ਹੋਈ ਤਿੰਨ ਰੋਜਾ ਰਾਸ਼ਟਰੀ ਕਾਨਫਰੰਸ 'ਚ ਹਿੱਸਾ ਲਿਆ । ਭਾਰਤ ਸਰਕਾਰ ਸੈਰ-ਸਪਾਟਾ ਮੰਤਰਾਲਾ ਵੱਲੋਂ ਦੇਸ਼ 'ਚ ਸੈਰ-ਸਪਾਟੇ ਦੇ ਵਿਕਾਸ ਨਾਲ ਜੁੜੇ ਮੁੱਦਿਆਂ 'ਤੇ ਚਰਚਾ ਕਰਨ ਲਈ 18 ਤੋਂ 20 ਸਤੰਬਰ ਤੱਕ ਇਸ ਕਾਨਫਰੰਸ ਦਾ ਆਯੋਜਨ ਕੀਤਾ ਗਿਆ ਸੀ। ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਵੱਲੋਂ ਪੰਜਾਬ 'ਚ ਸੈਰ ਸਪਾਟੇ ਦੀਆਂ ਅਸੀਮ ਸੰਭਾਵਨਾਵਾਂ ਅਤੇ ਪੰਜਾਬ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਟੂਰਿਜ਼ਮ ਹੱਬ ਵਜੋਂ ਵਿਕਸਿਤ ਕੀਤੇ ਜਾਣ ਦੇ ਉਦੇਸ਼ ਨਾਲ ਇਸ ਕਾਨਫਰੰਸ 'ਚ ਹਿੱਸਾ ਲਿਆ ਗਿਆ ।

ਪੰਜਾਬ 'ਚ ਸੈਰ ਸਪਾਟੇ ਉਦਯੋਗ ਦੇ ਵਿਕਾਸ ਅਤੇ ਇਸ ਨੂੰ ਹੋਰ ਉਜਾਗਰ ਕਰਨ ਲਈ ਨੈਸ਼ਨਲ ਕਾਨਫਰੰਸ 'ਚ ਪੰਜਾਬ ਦੀ ਨੁਮਾਇੰਦਗੀ ਕਰਦਿਆਂ ਉਨ੍ਹਾ ਕਿਹਾ ਕਿ ਅੱਜ ਦੇਸ-ਵਿਦੇਸ਼ 'ਚ ਸੈਰ ਸਪਾਟੇ ਨੂੰ ਮੁੱਖ ਤਰਜੀਹ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਦੇਸ਼- ਵਿਦੇਸ਼ ਦੇ ਸੈਲਾਨੀਆਂ ਲਈ ਟੂਰਿਜ਼ਮ ਹੱਬ ਬਣਾਉਣ ਅਤੇ ਇਸ ਨੂੰ ਪੂਰੀ ਤਰ੍ਹਾਂ ਵਿਕਸਿਤ ਕਰਨ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬਾ ਸਰਕਾਰ ਲਗਾਤਾਰ ਯਤਨਸ਼ੀਲ ਹੈ। ਇਸ ਮੌਕੇ ਉਨ੍ਹਾਂ ਨੇ ਰਾਸ਼ਟਰੀ ਕਾਨਫਰੰਸ 'ਚ ਸ਼ਾਮਲ ਹੋਏ ਵੱਖ-ਵੱਖ ਨੁਮਾਇੰਦਿਆਂ ਨੂੰ ਪੰਜਾਬ ਦੇ ਅਮੀਰ ਵਿਰਸੇ, ਇਤਿਹਾਸਿਕ ਇਮਾਰਤਾਂ ਅਤੇ ਇਥੋਂ ਦੀ ਜੀਵਨ ਸ਼ੈਲੀ ਬਾਰੇ ਜਾਣਕਾਰੀ ਸਾਂਝੀ ਕੀਤੀ।

ਉਨ੍ਹਾਂ ਕਿਹਾ ਕਿ ਪੰਜਾਬ ਦੀ ਵਿਰਾਸਤ ਅਤੇ ਸੱਭਿਆਚਾਰ ਇਸਦੀ ਪੁਰਾਣੀ ਸ਼ਾਨ ਨੂੰ ਦਰਸਾਉਂਦੇ ਹਨ। ਪੰਜਾਬ ਵਿੱਚ ਯਾਤਰਾ ਦਾ ਅਨੁਭਵ ਸੱਭਿਆਚਾਰ, ਵਿਰਾਸਤ, ਇਤਿਹਾਸ ਅਤੇ ਲੋਕਾਂ ਦਾ ਆਪਸੀ ਪਿਆਰ ਪ੍ਰੇਰਨਾ ਦਾ ਸਰੋਤ ਹਨ। ਉਹਨਾਂ ਕਿਹਾ ਕਿ ਸੈਰ ਸਪਾਟੇ ਵੱਜੋਂ ਪੰਜਾਬ ਜਲਦੀ ਹੀ ਦੇਸ਼ ਦੁਨੀਆ ਦੇ ਨਕਸ਼ੇ 'ਤੇ ਨਜ਼ਰ ਆਵੇਗਾ। ਹਿਮਾਚਲ ਦੇ ਧਰਮਸ਼ਾਲਾ ਵਿਖੇ ਹੋਈ ਇਸ ਕਾਨਫਰੰਸ ਦੀ ਪ੍ਰਧਾਨਗੀ ਕੇਂਦਰੀ ਸੱਭਿਆਚਾਰ ਅਤੇ ਸੈਰ-ਸਪਾਟਾ ਮੰਤਰੀ ਜੀ.ਕਿਸ਼ਨ ਰੈੱਡੀ ਵੱਲੋਂ ਕੀਤੀ ਗਈ। ਰਾਸ਼ਟਰੀ ਕਾਨਫਰੰਸ 'ਚ ਕੇਂਦਰੀ ਮੰਤਰੀ, ਵੱਖ-ਵੱਖ ਸੂਬਿਆਂ ਦੇ ਸੈਰ ਸਪਾਟਾ ਮੰਤਰੀ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸੈਰ-ਸਪਾਟਾ ਮੰਤਰੀ, ਪ੍ਰਸ਼ਾਸਕ ਅਤੇ ਸਰਕਾਰ ਦੇ ਸੀਨੀਅਰ ਅਧਿਕਾਰੀ, ਸੂਬਾ ਸਰਕਾਰਾਂ ਅਤੇ ਸੈਰ-ਸਪਾਟਾ ਅਤੇ ਪ੍ਰਾਹੁਣਚਾਰੀ ਐਸੋਸੀਏਸ਼ਨਾਂ ਦੇ ਮੁਖੀ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ। ਇਸ ਰਾਸ਼ਟਰੀ ਕਾਨਫਰੰਸ ਦਾ ਮੁੱਖ ਉਦੇਸ਼ ਸੈਰ ਸਪਾਟਾ ਦੇ ਲੋੜੀਂਦੇ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਹੋਰ ਪ੍ਰਫੁੱਲਤ ਕਰਨਾ ਰਿਹਾ। ਇਸ ਕਾਨਫਰੰਸ 'ਚ ਸੈਰ-ਸਪਾਟੇ ਦੇ ਵਿਕਾਸ ਨਾਲ ਜੁੜੇ ਮੁੱਦਿਆਂ ਅਤੇ ਮੌਕਿਆਂ 'ਤੇ ਵਿਸ਼ੇਸ਼ ਚਰਚਾ ਕੀਤੀ ਗਈ।


author

Anuradha

Content Editor

Related News