ਆਗਾਮੀ ਨਿਗਮ ਚੋਣਾਂ ’ਚ ‘ਆਪ’ ਦੀਆਂ ਟਿਕਟਾਂ ਦਾ ਆਧਾਰ ਬਣਨਗੇ ਜ਼ਿਮਨੀ ਚੋਣ ਦੇ ਨਤੀਜੇ

Thursday, May 11, 2023 - 03:07 PM (IST)

ਆਗਾਮੀ ਨਿਗਮ ਚੋਣਾਂ ’ਚ ‘ਆਪ’ ਦੀਆਂ ਟਿਕਟਾਂ ਦਾ ਆਧਾਰ ਬਣਨਗੇ ਜ਼ਿਮਨੀ ਚੋਣ ਦੇ ਨਤੀਜੇ

ਜਲੰਧਰ (ਖੁਰਾਣਾ)- ਪੰਜਾਬ ਦੀ ਸੱਤਾ ’ਤੇ ਕਾਬਜ਼ ਆਮ ਆਦਮੀ ਪਾਰਟੀ ਦੇ ਵੱਕਾਰ ਦਾ ਸਵਾਲ ਬਣੀ ਜਲੰਧਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ ਵੋਟਿੰਗ ਦੀ ਪ੍ਰਕਿਰਿਆ ਬੀਤੇ ਦਿਨ ਸੰਪੰਨ ਹੋ ਗਈ। ਇਸ ਚੋਣ ’ਚ ਕਿਹੜਾ ਉਮੀਦਵਾਰ ਬਾਜ਼ੀ ਮਾਰੇਗਾ, ਇਸ ਦਾ ਫ਼ੈਸਲਾ ਤਾਂ 13 ਮਈ ਦੀ ਦੁਪਹਿਰ ਤੱਕ ਹੋ ਜਾਵੇਗਾ ਪਰ ਮੰਨਿਆ ਜਾ ਰਿਹਾ ਹੈ ਕਿ ਕੁਝ ਹੀ ਮਹੀਨਿਆਂ ਬਾਅਦ ਹੋਣ ਜਾ ਰਹੀਆਂ ਜਲੰਧਰ ਨਿਗਮ ਚੋਣਾਂ ’ਚ ਇਸ ਜ਼ਿਮਨੀ ਚੋਣ ਦੇ ਨਤੀਜਿਆਂ ਦਾ ਪੂਰਾ-ਪੂਰਾ ਪ੍ਰਭਾਵ ਰਹੇਗਾ।

ਸਿਆਸੀ ਮਾਹਿਰ ਇਹ ਮੰਨ ਕੇ ਚੱਲ ਰਹੇ ਹਨ ਕਿ ਇਸ ਜ਼ਿਮਨੀ ਚੋਣ ’ਚ ਸੱਤਾ ਧਿਰ ਦੀ ਜਿੱਤ ਹੋਵੇ ਜਾਂ ਹਾਰ ਪਰ ਇਹ ਤੈਅ ਹੈ ਕਿ ਆਗਾਮੀ ਨਿਗਮ ਚੋਣਾਂ ’ਚ ਆਮ ਆਦਮੀ ਪਾਰਟੀ ਦੀਆਂ ਟਿਕਟਾਂ ਦਾ ਆਧਾਰ ਇਸ ਜ਼ਿਮਨੀ ਚੋਣ ਦੇ ਨਤੀਜੇ ਹੀ ਬਣਨਗੇ। ਮੰਨਿਆ ਜਾ ਰਿਹਾ ਹੈ ਕਿ ‘ਆਪ’ ਦੀ ਟੀਮ ਇਸ ਜ਼ਿਮਨੀ ਚੋਣ ਦੇ ਨਤੀਜਿਆਂ ਦਾ ਬਾਰੀਕੀ ਨਾਲ ਵਿਸ਼ਲੇਸ਼ਣ ਕਰੇਗੀ। ਹਾਰ ਅਤੇ ਜਿੱਤ ਦੋਵੇਂ ਹੀ ਸਥਿਤੀਆਂ ’ਚ ਹਰ ਵਾਰਡ ਅਤੇ ਹਰ ਬੂਥ ਦੀ ਪ੍ਰੋਫਾਰਮੈਂਸ ਵੇਖੀ ਜਾਵੇਗੀ। ਉਨ੍ਹਾਂ ਵਾਰਡਾਂ ਜਾਂ ਉਨ੍ਹਾਂ ਬੂਥਾਂ ਦੀ ਪ੍ਰਤੀਨਿਧਤਾ ਕਿਸ ਦੇ ਹੱਥ ਵਿਚ ਸੀ, ਇਸ ਨਾਲ ਹੀ ਤੈਅ ਹੋਵੇਗਾ ਕਿ ਉਸ ਨੇ ਕਿਸ ਸ਼ਿੱਦਤ ਨਾਲ ਕੰਮ ਕੀਤਾ।

ਇਹ ਵੀ ਪੜ੍ਹੋ: ਪਾਕਿ ’ਚ 3 ਖਾਲਿਸਤਾਨੀਆਂ ਦਾ ਹੋ ਚੁੱਕੈ ਸ਼ੱਕੀ ਕਤਲ, ਜਾਣਕਾਰ ਬੋਲੇ ਇਸਤੇਮਾਲ ਕਰਕੇ ਇਹੀ ਹਸ਼ਰ ਕਰਦੀ ਹੈ ISI

ਨਿਗਮ ਚੋਣਾਂ ਜਿੱਤਣੀਆਂ ਹਨ ਤਾਂ ਪਾਰਟੀ ਦਾ ਕੇਡਰ ਬਣਾਉਣਾ ਹੀ ਹੋਵੇਗਾ
ਆਮ ਆਦਮੀ ਪਾਰਟੀ ਨੂੰ ਪੰਜਾਬ ਦੀ ਸੱਤਾ ’ਤੇ ਕਾਬਜ਼ ਹੋਏ ਲਗਭਗ 14 ਮਹੀਨੇ ਹੋ ਚੁੱਕੇ ਹਨ ਪਰ ਇਸ ਉਪ ਚੋਣ ’ਚ ਪਾਰਟੀ ਦਾ ਜ਼ਮੀਨੀ ਪੱਧਰ ਦਾ ਕੇਡਰ ਬਹੁਤ ਘੱਟ ਦਿਖਾਈ ਦਿੱਤਾ। ਜ਼ਿਆਦਾਤਰ ਬੂਥਾਂ ’ਤੇ ਆਮ ਆਦਮੀ ਪਾਰਟੀ ਦੇ ਟੈਂਟ ਤਾਂ ਲੱਗੇ ਹੋਏ ਸਨ ਪਰ ਉਨ੍ਹਾਂ ਟੈਂਟਾਂ ਤੇ ਟੇਬਲਾਂ ’ਤੇ ਲੋਕਲ ਦੀ ਬਜਾਏ ਬਾਹਰੀ ਲੋਕ ਜ਼ਿਆਦਾ ਗਿਣਤੀ ’ਚ ਬੈਠੇ ਹੋਏ ਸਨ। ਇਸ ਨਾਲ ਇਹ ਪ੍ਰਭਾਵ ਗਿਆ ਕਿ ਬੂਥ ਲੈਵਲ ’ਤੇ ਹਾਲੇ ਆਮ ਆਦਮੀ ਪਾਰਟੀ ਦੀ ਇੰਨੀ ਪਕੜ ਨਹੀਂ ਹੈ, ਜਿੰਨੀ ਕਾਂਗਰਸ, ਭਾਜਪਾ ਅਤੇ ਅਕਾਲੀ-ਬਸਪਾ ਆਦਿ ਦੀ ਹੈ।
ਰਾਜਨੀਤੀ ਦੇ ਜਾਣਕਾਰ ਮੰਨਦੇ ਹਨ ਕਿ ਜੇਕਰ ਆਮ ਆਦਮੀ ਪਾਰਟੀ ਨੇ ਆਗਾਮੀ ਨਿਗਮ ਚੋਣਾਂ ਜਿੱਤਣੀਆਂ ਹਨ ਤਾਂ ਉਨ੍ਹਾਂ ਨੂੰ ਬੂਥ ਲੈਵਲ ’ਤੇ ਆਪਣਾ ਕੇਡਰ ਮਜ਼ਬੂਤ ਕਰਨਾ ਹੀ ਹੋਵੇਗਾ। ਪਾਰਟੀ ਨਾਲ ਜੁੜੇ ਪੁਰਾਣੇ ਕੇਡਰ ਨੂੰ ਪਹਿਲ ਦੇਣੀ ਹੋਵੇਗੀ। ਆਗਾਮੀ ਨਿਗਮ ਚੋਣਾਂ ’ਚ ਪਾਰਟੀ ਦੇ ਕੇਡਰ ਤੇ ਇੰਪੋਰਟ ਹੋ ਕੇ ਆਏ ਨੇਤਾਵਾਂ ਦੌਰਾਨ ਜੋ ਕਸ਼ਮਕਸ਼ ਹੋਣ ਵਾਲੀ ਹੈ, ਉਸ ਨਾਲ ਨਜਿੱਠਣਾ ਵੀ ‘ਆਪ’ ਲੀਡਰਸ਼ਿਪ ਲਈ ਇਕ ਚੁਣੌਤੀ ਭਰਿਆ ਕੰਮ ਹੋਵੇਗਾ।

ਇਹ ਵੀ ਪੜ੍ਹੋ: ਹੁਣ ਨੰਗਲ 'ਚ ਲੀਕ ਹੋਈ ਗੈਸ, ਲਪੇਟ 'ਚ ਆਏ ਸਕੂਲੀ ਬੱਚੇ ਤੇ ਅਧਿਆਪਕ, ਹਰਜੋਤ ਬੈਂਸ ਨੇ ਟਵੀਟ ਕਰ ਆਖੀ ਇਹ ਗੱਲ

ਜ਼ਿਮਨੀ ਚੋਣ ਦੌਰਾਨ ਕਿਤੇ-ਕਿਤੇ ਦਿਸਿਆ ਵੀ ਇਹ ਟਕਰਾਅ
10 ਮਈ ਨੂੰ ਸੰਪੰਨ ਹੋਈ ਵੋਟਿੰਗ ਪ੍ਰਕਿਰਿਆ ਦੌਰਾਨ ਆਮ ਆਦਮੀ ਪਾਰਟੀ ਦੇ ਸਾਰੇ ਨੇਤਾਵਾਂ ਨੇ ਜਿਥੇ ਜੀ-ਤੋੜ ਮਿਹਨਤ ਕੀਤੀ, ਉਥੇ ਹੀ ਕੁਝ ਥਾਵਾਂ ’ਤੇ ਬਾਹਰੀ ਪਾਰਟੀਆਂ ਤੋਂ ਆਏ ਨੇਤਾਵਾਂ ਅਤੇ ਪਾਰਟੀ ਦੇ ਆਪਣੇ ਪੁਰਾਣੇ ਕੇਡਰ ਦੌਰਾਨ ਟਕਰਾਅ ਦੇਖਣ ਨੂੰ ਮਿਲਿਆ। ਅਜਿਹੇ ਮਾਮਲੇ ਵੈਸਟ ਵਿਧਾਨ ਸਭਾ ਹਲਕੇ ’ਚ ਸਭ ਤੋਂ ਜ਼ਿਆਦਾ ਵੇਖਣ ਨੂੰ ਮਿਲੇ। ‘ਆਪ’ ਨੇ ਪਿਛਲੇ ਸਮੇਂ ਦੌਰਾਨ ਕਾਂਗਰਸ ਦੇ ਜਿਨ੍ਹਾਂ ਸਾਬਕਾ ਕੌਂਸਲਰਾਂ ਨੂੰ ਪਾਰਟੀ ’ਚ ਸ਼ਾਮਲ ਕੀਤਾ, ਉਨ੍ਹਾਂ ਨਾਲ ਸਬੰਧਤ ਵਾਰਡਾਂ ’ਚ ਕਾਂਗਰਸ ਨੇ ਜ਼ਿਆਦਾ ਜ਼ੋਰ ਲਾਇਆ। ਇਸ ਵਾਰ ਹੋਈਆਂ ਚੋਣਾਂ ’ਚ ਭਾਜਪਾ ਨੇ ਜਿਸ ਤਰ੍ਹਾਂ ਸ਼ਹਿਰੀ ਖੇਤਰਾਂ ’ਚ ਆਪਣਾ ਜਨ ਆਧਾਰ ਵਧਾਇਆ, ਉਸ ਨਾਲ ਵੀ ਆਮ ਆਦਮੀ ਪਾਰਟੀ ਦੀ ਚਿੰਤਾ ਵਧਣੀ ਸੁਭਾਵਿਕ ਹੈ, ਕਿਉਂਕਿ ਇਸ ਦਾ ਅਸਰ ਵੀ ਆਗਾਮੀ ਨਿਗਮ ਚੋਣਾਂ ’ਚ ਦੇਖਣ ਨੂੰ ਮਿਲ ਸਕਦਾ ਹੈ।

ਇਹ ਵੀ ਪੜ੍ਹੋ: ਜਲੰਧਰ ਜ਼ਿਲ੍ਹੇ 'ਚ ਵੱਡੀ ਵਾਰਦਾਤ, ਪਸ਼ੂ ਵਪਾਰੀ ਦਾ ਲੁਟੇਰਿਆਂ ਨੇ ਬੇਰਹਿਮੀ ਨਾਲ ਕੀਤਾ ਕਤਲ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ


author

shivani attri

Content Editor

Related News