ਖ਼ੁਦਕੁਸ਼ੀ ਕਰਨ ਵਾਲੇ ਕਾਰੋਬਾਰੀ ਦੇ ਬੇਟੇ ਦਾ ਬਿਆਨ, 'ਪਾਪਾ ਨੂੰ ਇਕ ਘੰਟੇ ਤੱਕ ਫੋਨ 'ਤੇ ਕੋਈ ਧਮਕਾਉਂਦਾ ਰਿਹਾ'
Tuesday, Aug 17, 2021 - 11:12 AM (IST)
ਲੁਧਿਆਣਾ (ਜ.ਬ.) : ਸਪੇਅਰ ਪਾਰਟ ਦੇ ਕਾਰੋਬਾਰੀ ਨੀਰਜ ਕਟਾਰੀਆ ਵੱਲੋਂ ਛਾਤੀ ’ਚ ਦੋ ਗੋਲੀਆਂ ਮਾਰ ਕੇ ਖ਼ੁਦਕੁਸ਼ੀ ਕਰਨ ਦੇ ਮਾਮਲੇ ’ਚ ਪੁਲਸ ਹਰ ਪਹਿਲੂ ਤੋਂ ਜਾਂਚ ’ਚ ਜੁੱਟੀ ਹੋਈ ਹੈ। ਪੁਲਸ ਨੂੰ ਦਿੱਤੇ ਬਿਆਨ ’ਚ 11ਵੀਂ ਜਮਾਤ ’ਚ ਪੜ੍ਹਨ ਵਾਲੇ ਮ੍ਰਿਤਕ ਦੇ 16 ਸਾਲਾ ਬੇਟੇ ਹਰਸ਼ਿਤ ਨੇ ਦੱਸਿਆ ਕਿ ਪਾਪਾ ਬੀਤੀ ਰਾਤ ਇਕ ਘੰਟੇ ਤੱਕ ਫੋਨ ’ਤੇ ਕਿਸੇ ਨਾਲ ਗੱਲ ਕਰਦੇ ਰਹੇ।
ਉਸ ਨੇ ਦੱਸਿਆ ਕਿ ਦੂਜੇ ਪਾਸਿਓਂ ਗੱਲ ਕਰਨ ਵਾਲਾ ਪਾਪਾ ਨੂੰ ਲਗਾਤਾਰ ਧਮਕਾ ਰਿਹਾ ਸੀ। ਇਸ ਤੋਂ ਕੁੱਝ ਦੇਰ ਪਹਿਲਾਂ ਪਾਪਾ ਮੰਮੀ ਜੋਤੀ ਕਟਾਰੀਆ ਅਤੇ ਵੱਡੇ ਭਰਾ ਅਮਨ ਕਟਾਰੀਆ, ਜੋ ਕਿ 21 ਸਾਲ ਦਾ ਹੈ, ਨੂੰ ਰੇਲਵੇ ਸਟੇਸ਼ਨ ’ਤੇ ਛੱਡ ਕੇ ਆਏ ਸਨ। ਉਨ੍ਹਾਂ ਨੇ ਸੰਗਤ ਦੇ ਨਾਲ ਮਹਿੰਦੀਪੁਰ ਬਾਲਾ ਜੀ ਦੇ ਦਰਸ਼ਨਾਂ ਲਈ ਜਾਣਾ ਸੀ। ਸਵੇਰੇ 5.30 ਵਜੇ ਉੱਠ ਕੇ ਪਾਪਾ ਹੈਲਥ ਕਲੱਬ ਗਏ ਅਤੇ 8.30 ਵਜੇ ਦੇ ਆਸ-ਪਾਸ ਵਾਪਸ ਆਏ ਅਤੇ ਬੈੱਡਰੂਮ ’ਚ ਚਲੇ ਗਏ ਸਨ।
ਇਸ ਮਾਮਲੇ ਸਬੰਧੀ ਏ. ਸੀ. ਪੀ. ਗੁਰਪ੍ਰੀਤ ਨੇ ਦੱਸਿਆ ਕਿ ਪੁਲਸ ਨੂੰ ਪੰਜਾਬੀ ਵਿਚ ਹੱਥ ਨਾਲ ਲਿਖਿਆ ਇਕ ਖ਼ੁਦਕੁਸ਼ੀ ਨੋਟ ਮਿਲਿਆ ਹੈ।
ਉਸ ਵਿਚ ਕਾਰੋਬਾਰ ਵਰਧਮਾਨ ਆਟੋ ਦੇ ਰਾਜਨ ਜੈਨ ਅਤੇ ਸ਼ਿਮਲਾਪੁਰੀ ਦੀ 33 ਫੁੱਟਾ ਰੋਡ ਦੇ ਹਰੀਸ਼ ਸਭਰਵਾਰ ਜਿਸਦੀ ਗਿੱਲ ਰੋਡ ਦੇ ਪ੍ਰੀਤ ਨਗਰ ਵਿਚ ਹਰੀਸ਼ ਆਟੋ ਦੇ ਨਾਮ ਨਾਲ ਦੁਕਾਨ ਹੈ, ਨੂੰ ਮੌਤ ਦਾ ਜ਼ਿੰਮੇਵਾਰ ਠਹਿਰਾਇਆ ਹੈ ਅਤੇ ਕਿਹਾ ਕਿ ਇਨ੍ਹਾਂ ਨੂੰ ਬਖਸ਼ਿਆ ਨਾ ਜਾਵੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ