ਹੁਣ ਬੱਸਾਂ ਬਾਦਲਾਂ ਦੀ ਮਰਜ਼ੀ ਮੁਤਾਬਕ ਨਹੀਂ, ਬਰਾਬਰਤਾ ਨਾਲ ਚੱਲਣਗੀਆਂ : ਰਾਜਾ ਵੜਿੰਗ

Tuesday, Dec 28, 2021 - 11:14 AM (IST)

ਹੁਣ ਬੱਸਾਂ ਬਾਦਲਾਂ ਦੀ ਮਰਜ਼ੀ ਮੁਤਾਬਕ ਨਹੀਂ, ਬਰਾਬਰਤਾ ਨਾਲ ਚੱਲਣਗੀਆਂ : ਰਾਜਾ ਵੜਿੰਗ

ਜਲੰਧਰ (ਰਮਨਦੀਪ ਸਿੰਘ ਸੋਢੀ )ਲੋਕ ਗਾਇਕ ਮੁਹੰਮਦ ਸਦੀਕ ਵੱਲੋਂ 80 ਦੇ ਦਹਾਕੇ 'ਚ ਗਾਇਆ ਗੀਤ ਆ ਗਈ ਰੋਡਵੇਜ਼ ਦੀ ਲਾਰੀ ਨਾ ਕੋਈ ਬੂਹਾ ਨਾ ਕੋਈ ਬਾਰੀ, ਅੱਜ ਵੀ ਸਰਕਾਰੀ ਟਰਾਂਸਪੋਰਟ ਤੇ ਢੁੱਕਦਾ ਹੈ ਪਰ ਪੰਜਾਬ ਦੇ ਨਵੇਂ ਬਣੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਮਹਿਕਮੇ ਦੇ ਸੁਧਾਰ ਲਈ ਇਨ੍ਹੀ ਦਿਨੀਂ ਆਪਣੀਆਂ ਗਤੀਵਿਧੀਆਂ ਨੂੰ ਲੈ ਕੇ ਕਾਫ਼ੀ ਚਰਚਾ ਵਿੱਚ ਹਨ। ਕਦੇ ਉਹ ਬਾਦਲਾਂ ਸਮੇਤ ਪ੍ਰਾਈਵੇਟ ਟਰਾਂਪੋਰਟਰਾਂ ਦੀਆਂ ਬੱਸਾਂ ਘੇਰਦੇ ਹਨ ਤੇ ਕਦੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਘਰ ਪਹੁੰਚ ਜਾਂਦੇ ਹਨ। ਰਾਜਾ ਵੜਿੰਗ ਦਾਅਵਾ ਕਰਦੇ ਹਨ ਕਿ ਉਹਨਾਂ ਦੇ ਆਉਣ ਨਾਲ ਜਿੱਥੇ ਰੋਡਵੇਜ਼ ਦੇ ਘਾਟੇ ਨੂੰ ਰਾਹਤ ਮਿਲੀ ਹੈ ਉੱਥੇ ਉਨ੍ਹਾਂ ਵੱਡੇ ਘਰਾਣਿਆਂ ਵੱਲੋਂ ਕੀਤੀ ਜਾਂਦੀ ਚੋਰੀ ਨੂੰ ਵੀ ਠੱਲ੍ਹ ਪਾਈ ਹੈ। ਮੰਤਰੀ ਜੀ ਦਾ ਮੰਨਣਾ ਹੈ ਕਿ ਕੈਪਟਨ ਦੀ ਬਾਦਲਾਂ ਨਾਲ ਮਿਲੀਭੁਗਤ ਕਾਰਨ ਉਹ ਪਹਿਲੇ ਸਮੇਂ 'ਚ ਵਾਅਦੇ ਵਫ਼ਾ ਨਹੀਂ ਕਰ ਪਾਏ ਜਿਸ ਲਈ ਉਹ ਮਾਫ਼ੀ ਵੀ ਮੰਗਦੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਜੇ ਇੱਕ ਵਾਰ ਹੋਰ ਉਨ੍ਹਾਂ ਨੂੰ ਪੰਜਾਬ ਦੇ ਲੋਕਾਂ ਨੇ ਮੌਕਾ ਦੇ ਦਿੱਤਾ ਤਾਂ ਉਹ ਕਾਲਾਬਾਜ਼ਾਰੀ ਬੰਦ ਕਰਕੇ ਪੰਜਾਬ ਦੀ ਹਰ ਸੜਕ 'ਤੇ ਪੰਜਾਬ ਰੋਡਵੇਜ਼ ਚੱਲਦੀ ਕਰ ਦੇਣਗੇ ਤੇ ਨਾਲ ਹੀ ਸਰਕਾਰੀ ਟਰਾਂਪੋਰਟ ਦੀ ਟੁੱਟੀ-ਭੱਜੀ ਲਾਰੀ ਵਾਲੀ ਧਾਰਨਾ ਵੀ ਤੋੜ ਦੇਣਗੇ। 'ਜਗ ਬਾਣੀ' ਵੱਲੋਂ ਪੰਜਾਬ ਦੇ ਹਰ ਮੁੱਦੇ 'ਤੇ ਉਨਾਂ ਨਾਲ ਵਿਸਥਾਰ 'ਚ ਗੱਲਬਾਤ ਕੀਤੀ ਗਈ ਜਿਸ ਵਿੱਚ ਉਨ੍ਹਾਂ ਵਿਰੋਧੀ ਧਿਰ ਵੱਲੋਂ ਚੁੱਕੇ ਜਾਂਦੇ ਸਾਰੇ ਸਵਾਲਾਂ ਦੇ ਵੀ ਜਵਾਬ ਦਿੱਤੇ। 

ਕਿਹਾ ਜਾਂਦੈ ਕਿ ਰੋਡਵੇਜ਼ ਦੀ ਲਾਰੀ ਨਾ ਕੋਈ ਬੂਹਾ ਨਾ ਕੋਈ ਬਾਰੀ, ਇਹ ਧਾਰਨਾ ਅੱਜ ਤਕ ਵੀ ਕਿਉਂ ਨੀ ਬਦਲੀ ?
ਮੈਂ ਸਹਿਮਤ ਹਾਂ ਕਿ ਇਹ ਧਾਰਨਾ ਅਸੀਂ ਬਦਲ ਨਹੀਂ ਸਕੇ। ਇਹਦੇ ਪਿੱਛੇ ਬਹੁਤ ਵੱਡੀ ਕਹਾਣੀ ਹੈ ਕਿਉਂਕਿ ਜਦੋਂ ਰਾਜ ਨਹੀਂ ਸੇਵਾ ਕਹਿਣ ਵਾਲੇ ਲੋਕ ਹੀ ਸਰਕਾਰੀ ਟਰਾਂਸਪੋਰਟ ਨੂੰ ਖ਼ਤਮ ਕਰਕੇ ਆਪਣੀਆਂ ਬੱਸਾਂ ਪਾ ਲੈਣਗੇ ਤਾਂ ਸਦੀਕ ਸਾਬ੍ਹ ਦਾ ਇਹ ਗੀਤ ਹਮੇਸ਼ਾ ਹੀ ਢੁੱਕਦਾ ਰਹੇਗਾ। ਸਰਮਾਏਦਾਰਾਂ ਨੇ ਆਪਣਾ ਕਾਰੋਬਾਰ ਵਧਾਉਣ ਲਈ ਸਰਕਾਰੀ ਸਿਸਟਮ ਤੋਂ ਚੰਗੇ ਰੂਟ ਅਤੇ ਟਾਈਮ ਟੇਬਲ ਖੋਹ ਲਏ। ਪਿਛਲੀ ਸਰਕਾਰ ਦੇ ਸਮੇਂ ਇੱਕ ਵੀ ਸਰਕਾਰੀ ਬੱਸ ਗਿੱਦੜਬਾਹਾ ਨੂੰ ਨਹੀਂ ਚੱਲ਼ਦੀ ਸੀ। ਡੰਡੇ ਦੇ ਜ਼ੋਰ 'ਤੇ ਬਾਦਲਾਂ ਨੇ ਸਰਕਾਰੀ ਟਰਾਂਪੋਰਟ ਨਾਲ ਧੱਕੇਸ਼ਾਹੀ ਕੀਤੀ ਤੇ ਸਾਰੀ ਮਲਾਈ ਆਪ ਖਾ ਗਏ।ਅਕਾਲੀ ਦਲ ਨੇ ਕਦੇ ਵੀ ਇਹ ਕੋਸ਼ਿਸ਼ ਨਹੀਂ ਕੀਤੀ ਕਿ ਰੋਡਵੇਜ਼ ਨੂੰ ਚੰਗੀ ਪਾਲਿਸੀ ਅਤੇ ਨਵੀਨੀਕਰਨ ਵੱਲ ਲਿਜਾਇਆ ਜਾਵੇ।

ਇਹ ਵੀ ਪੜ੍ਹੋ :  ਨਵੇਂ ਸਾਲ 'ਤੇ ਬਦਲੇਗਾ ਪੰਜਾਬ ਦਾ ਚੋਣ ਅਖਾੜਾ, PM ਮੋਦੀ ਕਰ ਸਕਦੇ ਨੇ ਵੱਡੇ ਐਲਾਨ

ਪਿਛਲੇ 10 ਸਾਲਾਂ 'ਚੋਂ ਸਾਢੇ ਚਾਰ ਸਾਲ ਤਾਂ ਤੁਹਾਡੇ ਹੀ ਰਹੇ ਨੇ, ਤੁਸੀਂ ਕੀ ਕੀਤਾ  ?
ਵੇਖੋ ਮੈਂ ਤਾਂ ਕਈ ਵਾਰ ਕਹਿ ਚੁੱਕਾ ਹਾਂ ਕਿ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ ਹੈ। ਦਰਅਸਲ ਗੁਟਕਾ ਸਾਹਿਬ ਹੱਥ 'ਚ ਫੜ ਕੇ ਜੇਕਰ ਕੋਈ ਅਮਲੀ ਬੰਦਾ ਵੀ ਸਹੁੰ ਖਾ ਲਵੇ ਤਾਂ ਪੰਜਾਬ ਦੇ ਲੋਕ ਉਸ ਉੱਪਰ ਯਕੀਨ ਕਰ ਲੈਂਦੇ ਹਨ ਕਿਉਂਕ ਧਰਮ ਤੇ ਲੋਕਾਂ ਦਾ ਅਥਾਹ ਵਿਸ਼ਵਾਸ ਹੈ ਪਰ ਕੈਪਟਨ ਤੋਂ ਸਾਨੂੰ ਇਹ ਉਮੀਦ ਨਹੀਂ ਸੀ ਕਿ ਉਹ ਸਹੁੰ ਖਾ ਕੇ ਵੀ ਸੁਖਬੀਰ ਸਿੰਘ ਬਾਦਲ ਅਤੇ ਭਾਜਪਾ ਨਾਲ ਮਿਲ ਜਾਵੇਗਾ। ਇਸ ਲਈ ਮੈਂ ਪੰਜਾਬ ਦੇ ਲੋਕਾਂ ਤੋਂ ਮਾਫ਼ੀ ਮੰਗਦਾ ਹਾਂ ਤੇ ਇਸਦਾ ਪਛਚਾਤਾਪ ਕਰਦੇ ਹਾਂ।

ਪਰ ਜ਼ਿੰਮੇਵਾਰੀ ਤਾਂ ਸਰਕਾਰ 'ਚ ਸਾਂਝੀ ਹੁੰਦੀ ਹੈ, ਪਿਛਲੇ ਸਾਢੇ ਚਾਰ ਸਾਲ ਦਾ ਹਿਸਾਬ ਲੋਕ ਕਿਸ ਕੋਲੋਂ ਮੰਗਣ ?
ਜੇ ਜ਼ਿੰਮੇਵਾਰੀ ਨਾ ਹੁੰਦੀ ਤਾਂ ਮੈਂ ਪੰਜਾਬ ਦੇ ਲੋਕਾਂ ਕੋਲੋਂ ਮਾਫ਼ੀ ਕਿਉਂ ਮੰਗਦਾ। ਸਾਨੂੰ ਵਿਸ਼ਵਾਸ ਸੀ ਕਿ ਪਰਿਵਾਰ ਦਾ ਮੋਹਰੀ ਧੋਖਾ ਨਹੀਂ ਦੇਵੇਗਾ। ਮੈਂ ਉਮੀਦ ਕਰਦਾਂ ਕਿ ਲੋਕ ਮੇਰੇ ਹੁਣ ਦੇ ਕੰਮ ਨੂੰ ਵੇਖ ਕੇ ਸੰਤੁਸ਼ਟ ਹੋਣਗੇ। ਮੈਂ ਢਾਈ ਮਹੀਨਿਆਂ 'ਚ ਉਹ ਕਰਕੇ ਵਿਖਾਇਆ ਹੈ ਜੋ ਸਾਢੇ ਚਾਰ ਸਾਲ ਵਿੱਚ ਵੀ ਨਹੀਂ ਹੋ ਸਕਿਆ। ਬਾਕੀ ਅਸੀਂ ਸਥਿਤੀ ਦਾ ਸਾਹਮਣਾ ਕਰਨ ਲਈ ਤਿਆਰ ਹਾਂ। ਰਹੀ ਗੱਲ ਪਿਛਲੇ ਸਮੇਂ ਦੀ ਤਾਂ ਲੁਟੇਰਿਆਂ ਦੀ ਸਰਕਾਰ ਨਾਲੋਂ ਸਾਡਾ ਸਮਾਂ ਫਿਰ ਵੀ ਬਿਹਤਰ ਰਿਹਾ ਹੈ। ਬੇਸ਼ੱਕ ਸਾਡੀ ਸਰਕਾਰ 'ਚ ਕਈ ਨਾਲਾਇਕ ਵੀ ਰਹੇ ਪਰ ਕਈ ਮੰਤਰੀਆਂ ਜਿਵੇਂ ਰੰਧਾਵਾ ਸਾਬ੍ਹ, ਤਿਰਪਤ ਬਾਜਵਾ ਵਰਗਿਆਂ ਨੇ ਸ਼ਾਨਦਾਰ ਕੰਮ ਕੀਤਾ ਹੈ।ਹਾਲਾਂਕਿ ਇਹ ਸੱਚ ਹੈ ਕਿ ਅਸੀਂ ਮਾਫ਼ੀਆ ਨੂੰ ਸਮੇਂ ਸਿਰ ਨੱਥ ਨਹੀਂ ਪਾ ਸਕੇ।

ਕੇਜਰੀਵਾਲ ਕਹਿੰਦੇ ਨੇ ਕਿ ਪਹਿਲਾਂ ਕੈਪਟਨ ਤੇ ਹੁਣ ਚੰਨੀ ਦੇ ਨਾਮ ਤੇ ਠੱਗਿਆ ਜਾ ਰਿਹਾ ਹੈ ?
ਕੇਜਰੀਵਾਲ ਜੀ ਨੂੰ ਪਹਿਲਾਂ ਮੇਰੇ ਸਵਾਲਾਂ ਦਾ ਜਵਾਬ ਦੇਣਾ ਚਾਹੀਦਾ ਹੈ। ਬੀਤੇ ਦਿਨ ਮੈਂ ਉਨਾਂ ਦੀ ਦਿੱਲੀ ਰਿਹਾਇਸ਼ ਦੇ ਬਾਹਰ ਸਾਢੇ 6 ਘੰਟੇ ਲਗਾਤਾਰ ਬੈਠਾ ਰਿਹਾ ਪਰ ਕਿਸੇ ਨੇ ਪਾਣੀ ਤੱਕ ਨਹੀਂ ਪੁੱਛਿਆ ਪਰ ਬੀਤੇ ਦਿਨ ਜਦ ਉਹ ਪੰਜਾਬ ਆਏ ਤਾਂ ਮੈਨੂੰ ਹੈਰਾਨੀ ਹੋਈ ਕਿ ਆਮ ਆਦਮੀ ਕਹਾਉਣ ਵਾਲਾ ਬੰਦਾ ਖ਼ੁਦ ਪੰਜ ਤਾਰਾ ਹੋਟਲ ਵਿੱਚ ਰੁਕਿਆ ਸੀ, ਜਿਸਦੇ ਕਮਰੇ ਦਾ ਕਿਰਾਇਆ ਵੀ 25 ਹਜ਼ਾਰ ਤੱਕ ਦਾ ਹੈ। ਰਹੀ ਗੱਲ ਇਨ੍ਹਾਂ ਦੇ ਸਟੈਂਡ ਦੀ ਤਾਂ ਜਿਸ ਮਜੀਠੀਆ ਖ਼ਿਲਾਫ਼ ਸਾਡੀ ਸਰਕਾਰ ਸਮੇਂ ਕਾਰਵਾਈ ਹੋਈ ਹੈ ਉਸੇ ਮਜੀਠੀਆ ਕੋਲੋਂ ਇਨ੍ਹਾਂ ਨੇ ਹੱਥ ਜੋੜ ਕੇ ਮਾਫ਼ੀ ਮੰਗੀ ਸੀ ਤੇ ਅੱਜ ਵੀ ਮਜੀਠੀਆ ਨੂੰ ਜੀ-ਜੀ ਕਰਦੇ ਹਨ। ਸੋ ਕੇਜਰੀਵਾਲ ਸਾਨੂੰ ਸਵਾਲ ਨਹੀਂ ਕਰ ਸਕਦੇ।

ਕੇਜਰੀਵਾਲ ਕਹਿੰਦੇ ਨੇ ਚੰਨੀ ਸਿਰਫ਼ ਐਲਾਨਜੀਤ ਮੁੱਖ ਮੰਤਰੀ ਹੈ ?
ਬਿਲਕੁਲ ਗ਼ਲਤ, ਸਾਡੀ ਸਰਕਾਰ ਜੋ ਆਖ ਰਹੀ ਹੈ ਉਹ ਕਰ ਵੀ ਰਹੀ ਹੈ। ਅਸੀਂ 400 ਕਰੋੜ ਰੁਪਇਆ ਲਗਾ ਕੇ ਪੰਜਾਬ ਦੇ ਸਾਰੇ ਬੱਸ ਸਟੈਂਡ ਬਣਾ ਰਹੇ ਹਾਂ ਮੁਕਤਸਰ ਦੇ ਬੱਸ ਸਟੈਂਡ ਦੀ ਮੁਰੰਮਤ ਲਈ  52 ਲੱਖ ਦੇ ਗਿੱਦੜਬਾਹਾ ਲਈ 75 ਲੱਖ ਰੁਪਇਆ ਦੇ ਚੁੱਕੇ ਹਾਂ।

ਇਹ ਵੀ ਪੜ੍ਹੋ : ਗਿੱਦੜਬਾਹਾ ਰੈਲੀ ’ਚ ਗਰਜੇ ਸਿੱਧੂ ਮੂਸੇਵਾਲਾ, ‘ਗੈਂਗਸਟਰ’ ਕਹਿਣ ਵਾਲਿਆਂ ਨੂੰ ਦਿੱਤਾ ਕਰਾਰਾ ਜਵਾਬ

ਪ੍ਰਾਪਤੀ 
ਸਭ ਤੋਂ ਪਹਿਲਾਂ ਮੈਂ ਪੰਜਾਬ 'ਚ ਚੱਲ ਰਹੇ ਟਰਾਂਸਪੋਰਟ ਮਾਫ਼ੀਆ ਨੂੰ ਖ਼ਤਮ ਕਰਨ ਦਾ ਕੰਮ ਕੀਤਾ ਹੈ।ਪਿਛਲੇ ਕਰੀਬ ਸਾਢੇ 9 ਸਾਲ ਤੋਂ ਮਹਿਕਮੇ ਦੇ ਅੰਦਰ ਰੂਟਾਂ ਦੇ ਵਾਧੇ ਦਾ ਮਾਫ਼ੀਆ ਚੱਲ ਰਿਹਾ ਸੀ।ਉਦਾਹਰਣ ਵਜੋਂ ਜਿਸ ਵਿਅਕਤੀ ਕੋਲ ਮੁਕਤਸਰ ਤੋਂ ਕੋਟਕਪੂਰੇ ਦਾ ਅਸਲ ਪਰਮਿਟ ਸੀ, ਉਸਨੇ ਕੋਟਕਪੂਰਾ ਤੋਂ ਬਾਘੇਪੁਰਾਣਾ ਤੱਕ 24 ਕਿਲੋਮੀਟਰ ਦੀ ਐਕਟੈਂਗਸ਼ਨ ਲੈ ਲਈ, ਜੋ ਕਿ ਲੀਗਲ ਕਾਰਵਾਈ ਹੈ ਪਰ ਇਸਦੀ ਦੁਰਵਰਤੋਂ ਕਰਿਦਆਂ ਇਹ ਰੂਟਾਂ 'ਚ ਵਾਧਾ ਕਰਦੇ-ਕਰਦੇ ਅੰਮ੍ਰਿਤਸਰ ਅਤੇ ਜਲੰਧਰ ਤੱਕ ਪਹੁੰਚ ਗਏ ਸਨ। 2012 'ਚ ਜਸਟਿਸ ਸੂਰੀਆਕਾਂਤ ਨੇ ਫ਼ੈਸਲਾ ਦਿੱਤਾ ਕਿ ਇਹ ਗੈਰਕਾਨੂੰਨੀ ਹੈ ਜੋ ਰੱਦ ਹੋਣੇ ਚਾਹੀਦੇ ਹਨ।ਫਿਰ ਇਹ ਕੇਸ ਸੁਪਰੀਮ ਕੋਰਟ ਗਿਆ ਪਰ ਫ਼ੈਸਲਾ ਨਹੀਂ ਬਦਲਿਆ। ਇਸਦੇ ਬਾਵਜੂਦ ਅਦਾਲਤ ਦੇ ਫ਼ੈਸਲੇ ਨੂੰ ਲਾਗੂ ਨਹੀਂ ਕੀਤਾ ਗਿਆ।ਤੁਸੀਂ ਸੁਣ ਕੇ ਹੈਰਾਨ ਹੋਵੇਗੇ ਕਿ ਮੈਂ ਪਹਿਲੇ 15 ਦਿਨਾਂ ਵਿੱਚ ਹੀ ਇੱਕ ਲੱਖ ਕਿਲੋਮੀਟਰ ਦੇ ਹੇਰ-ਫੇਰ ਤੋਂ ਪਰਦਾ ਚੁੱਕਿਆ ਜਿਸ ਵਿੱਚੋਂ 60 ਹਜ਼ਾਰ ਕਿਲੋਮੀਟਰ ਇਕੱਲੇ ਬਾਦਲਾਂ ਕੋਲ ਹੈ। ਇਸ ਤੋਂ ਇਲਾਵਾ ਉਨ੍ਹਾਂ ਦੇ ਸੰਗੀ-ਸਾਥੀ ਤੇ ਆਮ ਲੋਕਾਂ ਦੇ ਵੀ ਨਾਜਾਇਜ਼ ਵਾਧੇ ਸਨ ਜੋ ਮੈਂ ਤੁਰੰਤ ਬੰਦ ਕੀਤੇ ਹਨ।ਉਹ ਸਾਡੇ ਖ਼ਿਲਾਫ਼ ਕੋਰਟ ਅਤੇ ਟਰਿਬਿਊਨਲ ਕੋਲ ਵੀ ਗਏ। ਹਾਈਕੋਰਟ ਨੇ 15 ਦਿਨਾਂ ਚ ਫ਼ੈਸਲਾ ਦੇਣ ਨੂੰ ਕਿਹਾ, ਇਹ ਸੁਪਰੀਮ ਕੋਰਟ ਵੀ ਗਏ ਪਰ ਫ਼ੈਸਲਾ ਸਰਕਾਰ ਦੇ ਹੱਕ 'ਚ ਆਇਆ। ਅੱਜ ਮੈਂ ਸਾਰਾ ਨਾਜਾਇਜ਼ ਧੰਦਾ ਬੰਦ ਕਰ ਦਿੱਤੈ ਤੇ ਨਵੇਂ ਟਾਈਮ ਟੇਬਲ ਸਭ ਬਰਾਬਰ ਵੰਡ ਰਿਹਾ ਹਾਂ। ਅੱਜ ਸਰਕਾਰੀ ਮੁਲਾਜ਼ਮਾਂ ਤੇ ਆਮ ਲੋਕਾਂ ਨੇ ਸਾਡੇ ਇਸ ਫ਼ੈਸਲੇ ਦੀ ਰੱਜ ਕੇ ਸ਼ਲਾਘਾ ਕੀਤੀ ਹੈ ਤੇ ਮੈਂ ਸਮਝਦਾ ਹਾਂ ਕਿ ਇਹੀ ਸਾਡਾ ਮਾਡਲ ਤੇ ਇਹੀ ਵੱਡੀ ਪ੍ਰਾਪਤੀ ਹੈ। ਇੱਕ ਕਰੋੜ ਤੋਂ ਵਧੇਰੇ ਦਾ ਅਸੀਂ ਪ੍ਰਤੀ ਦਿਨ ਰੈਵਿਨਿਊ ਵਧਾਇਆ ਹੈ ਤੇ ਨਾਜਾਇਜ਼ ਰੂਟ ਬੰਦ ਕਰਨ ਨਾਲ ਸਾਨੂੰ 5 ਲੱਖ ਪ੍ਰਤੀ ਦਿਨ ਰੈਵਿਨਿਊ ਵਧਿਆ ਹੈ। ਮੈਂ ਦਾਅਵਾ ਕਰਦਾ ਹਾਂ ਕਿ ਮੇਰੇ ਰਹਿੰਦਿਆਂ ਵੰਡ ਬਰਾਬਰ ਦੀ ਹੋਵੇਗੀ, ਹੁਣ ਬਾਦਲਾਂ ਦੀ ਮਰਜ਼ੀ ਨਾਲ ਬੱਸਾਂ ਨਹੀਂ ਚੱਲਣਗੀਆਂ।

ਵਿਰੋਧੀ ਕਹਿੰਦੇ ਨੇ ਕਿ ਤੁਸੀਂ ਸਰਕਾਰੀ ਖ਼ਜ਼ਾਨੇ 'ਤੇ ਬੋਝ ਪਾ ਕੇ ਰੈਵਿਨਿਊ ਵਧਾ ਰਹੇ ਹੋ ਤੇ ਟਿਕਟਿੰਗ ਗ਼ਲਤ ਹੋ ਰਹੀ ਹੈ ?
ਅਸੀਂ ਕੁਝ ਵੀ ਗ਼ਲਤ ਨਹੀਂ ਕਰ ਰਹੇ। ਅਸੀਂ ਇਹ ਨਹੀਂ ਕਹਿੰਦੇ ਕਿ ਅਸੀਂ ਲਾਭ ਵਿੱਚ ਹਾਂ ਪਰ ਰੈਵਨਿਊ 'ਚ ਵਾਧਾ ਅਸੀਂ ਲਾਜ਼ਮੀਂ ਕੀਤਾ ਹੈ। ਅਜਿਹਾ ਤਾਂ ਹੀ ਸੰਭਵ ਹੋ ਸਕਿਆ ਹੈ ਜਦੋਂ ਅਸੀਂ ਮਾਫ਼ੀਆ ਰਾਜ ਨੂੰ ਖ਼ਤਮ ਕੀਤਾ ਹੈ।ਕਈ ਵੱਡੇ ਟਰਾਂਪੋਰਟਰਾਂ ਤੋਂ ਟੈਕਸ ਭਰਵਾਇਆ ਹੈ ਤੇ ਟੈਕਸ ਦੀ ਚੋਰੀ ਨੂੰ ਠੱਲ੍ਹ ਪਾਈ ਹੈ।ਅਸੀਂ ਇੱਕ ਪਰਮਿਟ ਤੇ 7-7 ਬੱਸਾਂ ਚੱਲਦੀਆਂ ਬੰਦ ਕੀਤੀਆਂ ਜਿਸ ਨਾਲ ਸਾਡੀ ਪੰਜਾਬ ਰੋਡਵੇਜ਼ ਦੀ ਕਮਾਈ 'ਚ ਵਾਧਾ ਹੋਇਆ।

ਨੋਟ : ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ?


author

Harnek Seechewal

Content Editor

Related News