ਮਾਤਾ ਵੈਸ਼ਨੋ ਦੇਵੀ ਤੋਂ ਆ ਰਹੀ ਸ਼ਰਧਾਲੂਆਂ ਨਾਲ ਭਰੀ ਬੱਸ ਪਲਟੀ; ਲੁਧਿਆਣਾ ਦੇ ਨੌਜਵਾਨ ਦੀ ਮੌਤ
Saturday, Apr 29, 2023 - 04:43 AM (IST)
ਦੋਰਾਹਾ (ਵਿਨਾਇਕ)- ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਕਰ ਕੇ ਵਾਪਸ ਦਿੱਲੀ ਜਾ ਰਹੇ ਸ਼ਰਧਾਲੂਆਂ ਨਾਲ ਭਰੀ ਇਕ ਟੂਰਿਸਟ ਬੱਸ ਲੁਧਿਆਣਾ-ਦਿੱਲੀ ਕੌਮੀ ਮਾਰਗ ’ਤੇ ਦੋਰਾਹਾ ਨੇੜੇ ਸ਼ੁੱਕਰਵਾਰ ਸਵੇਰੇ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਹਾਦਸੇ ’ਚ ਡਿਊਟੀ ਖ਼ਤਮ ਕਰ ਕੇ ਘਰ ਵਾਪਸ ਪਰਤ ਰਹੇ ਇਕ ਸਾਈਕਲ ਸਵਾਰ ਦੀ ਬੱਸ ਦੀ ਲਪੇਟ ’ਚ ਆਉਣ ਨਾਲ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਬੱਸ ਸਵਾਰ ਕਈ ਸ਼ਰਧਾਲੂ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਇਸ ਹਾਦਸੇ ਤੋਂ ਬਾਅਦ ਬੱਸ ਚਾਲਕ ਮੌਕੇ ਤੋਂ ਫਰਾਰ ਹੋਣ ’ਚ ਸਫਲ ਰਿਹਾ।
ਇਹ ਖ਼ਬਰ ਵੀ ਪੜ੍ਹੋ - ਦਿੱਲੀ ਮੈਟਰੋ 'ਚ 'ਅਸ਼ਲੀਲ ਹਰਕਤ' ਕਰਦੇ ਹੋਏ ਵਿਅਕਤੀ ਦਾ ਵੀਡੀਓ ਵਾਇਰਲ, ਪੁਲਸ ਨੂੰ ਨੋਟਿਸ ਜਾਰੀ
ਬੱਸ ’ਚ ਸਵਾਰ ਸ਼ਰਧਾਲੂਆਂ ਨੇ ਦੱਸਿਆ ਕਿ ਅੱਜ ਸਵੇਰੇ ਸਾਢੇ ਚਾਰ ਵਜੇ ਜੀ.ਟੀ ਰੋਡ ’ਤੇ 3-ਜੇ ਢਾਬੇ ਨੇੜੇ ਬੱਸ ਡਰਾਈਵਰ ਦੀ ਅਚਾਨਕ ਅੱਖ ਲੱਗ ਗਈ। ਜਿਸ ਕਾਰਨ ਅਚਾਨਕ ਬੱਸ ਦਾ ਸੰਤੁਲਨ ਵਿਗੜ ਗਿਆ ਅਤੇ ਬੱਸ ਡਿਵਾਈਡਰ ਨਾਲ ਟਕਰਾ ਕੇ ਸਾਈਕਲ ਸਵਾਰ ਨੂੰ ਕੁਚਲਦੀ ਹੋਈ ਪਲਟ ਗਈ ਅਤੇ ਬੱਸ ’ਚ ਸਵਾਰ ਸ਼ਰਧਾਲੂਆਂ ’ਚ ਹਾਹਾਕਾਰ ਮਚ ਗਈ। ਬਾਅਦ 'ਚ ਰਾਹਗੀਰਾਂ ਨੇ ਤੁਰੰਤ ਹਾਦਸਾਗ੍ਰਸਤ ਬੱਸ ’ਚੋਂ ਸ਼ਰਧਾਲੂਆਂ ਨੂੰ ਬਾਹਰ ਕੱਢਿਆ ਅਤੇ ਜ਼ਖਮੀ ਸ਼ਰਧਾਲੂਆਂ ਨੂੰ ਇਲਾਜ ਲਈ ਹਸਪਤਾਲਾਂ ’ਚ ਪਹੁੰਚਾਇਆ।
ਇਹ ਖ਼ਬਰ ਵੀ ਪੜ੍ਹੋ - ਵੱਡੀ ਖ਼ਬਰ: ਪਹਿਲਵਾਨਾਂ ਦੇ ਸੰਘਰਸ਼ ਦਾ ਅਸਰ, WFI ਮੁਖੀ ਖ਼ਿਲਾਫ਼ POCSO ਸਣੇ 2 ਮਾਮਲੇ ਦਰਜ
ਬਾਅਦ ’ਚ ਮ੍ਰਿਤਕ ਦੀ ਪਛਾਣ ਇੰਦਰਜੀਤ ਸਿੰਘ ਵਾਸੀ ਵਾਰਡ ਨੰਬਰ 3, ਗੁਰਦੁਆਰਾ ਗੋਬਿੰਦ ਸਾਗਰ ਸਾਹਿਬ, ਦੋਰਾਹਾ, ਜ਼ਿਲ੍ਹਾ ਲੁਧਿਆਣਾ ਵਜੋਂ ਹੋਈ ਹੈ, ਜੋ ਕਿ ਫੈਕਟਰੀ ਤੋਂ ਰਾਤ ਦੀ ਸ਼ਿਫਟ ਖ਼ਤਮ ਕਰਕੇ, ਘਰ ਵਾਪਸ ਆ ਰਿਹਾ ਸੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।