ਬਰਗਾਡ਼ੀ-ਬਹਿਬਲ ਕਾਂਡ ਦੀ ਸਮੁੱਚੀ ਪਡ਼ਤਾਲ ਸ਼ੱਕ ਦੇ ਘੇਰੇ ’ਚ ਆਈ

Friday, Aug 30, 2019 - 06:34 PM (IST)

ਬਰਗਾਡ਼ੀ-ਬਹਿਬਲ ਕਾਂਡ ਦੀ ਸਮੁੱਚੀ ਪਡ਼ਤਾਲ ਸ਼ੱਕ ਦੇ ਘੇਰੇ ’ਚ ਆਈ

ਫਰੀਦਕੋਟ (ਜ. ਬ.)– ਪੰਜਾਬ ਸਰਕਾਰ ਵੱਲੋਂ ਬਹਿਬਲ ਅਤੇ ਕੋਟਕਪੂਰਾ ਗੋਲੀ ਕਾਂਡ ਦੀ ਜਾਂਚ ਲਈ ਬਣਾਈ ਗਈ ਵਿਸ਼ੇਸ਼ ਜਾਂਚ ਟੀਮ ਦੀ ਅੱਠ ਮਹੀਨਿਆਂ ਦੀ ਪਡ਼ਤਾਲ ਤੋਂ ਬਾਅਦ ਦੋ ਮੁੱਖ ਅਧਿਕਾਰੀਆਂ ਦੇ ਦਾਅਵਿਆਂ ’ਚ ਅੰਤਰ ਹੋਣ ਕਾਰਣ ਬੇਅਦਬੀ ਕਾਂਡ ਦੀ ਸਮੁੱਚੀ ਪਡ਼ਤਾਲ ਸ਼ੱਕ ਦੇ ਘੇਰੇ ’ਚ ਆ ਗਈ ਹੈ। ਪੰਜਾਬ ਦੇ ਏ. ਡੀ. ਜੀ. ਪੀ. ਅਤੇ ਵਿਸ਼ੇਸ਼ ਜਾਂਚ ਟੀਮ ਦੇ ਮੁਖੀ ਪ੍ਰਬੋਧ ਕੁਮਾਰ ਨੇ ਸੀ. ਬੀ. ਆਈ. ਦੇ ਡਾਇਰੈਕਟਰ ਨੂੰ 29 ਜੁਲਾਈ ਦੇ ਪੱਤਰ ’ਚ ਦਾਅਵਾ ਕੀਤਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ ਬੰਦ ਨਹੀਂ ਹੋਣੀ ਚਾਹੀਦੀ ਹੈ ਕਿਉਂਕਿ ਜਾਂਚ ਟੀਮ ਨੂੰ ਪਡ਼ਤਾਲ ਦੌਰਾਨ ਪਤਾ ਲੱਗਾ ਕਿ ਬੇਅਦਬੀ ਕਾਂਡ ਤੋਂ ਪਹਿਲਾਂ ਬਰਗਾਡ਼ੀ ਇਲਾਕੇ ’ਚ ਪਾਕਿਸਤਾਨੀ ਸਿਮ ਵਰਤੇ ਗਏ ਸਨ ਅਤੇ ਸੀ. ਬੀ. ਆਈ. ਨੇ ਇਸ ਤੱਥ ਦੀ ਪਡ਼ਤਾਲ ਨਹੀਂ ਕੀਤੀ ਹੈ। ਸੀ. ਬੀ. ਆਈ. ਦੇ ਐੱਸ. ਐੱਸ. ਪੀ. ਚੱਕਰਾਵਰਤੀ ਨੇ ਜਾਂਚ ਟੀਮ ਦੇ ਮੁਖੀ ਦਾ ਪੱਤਰ ਮਿਲਣ ਮਗਰੋਂ ਬੇਅਦਬੀ ਕਾਂਡ ਦੀ ਪਡ਼ਤਾਲ ਮੁਡ਼ ਖੋਲ੍ਹਣ ਦੀ ਪੁਸ਼ਟੀ ਕੀਤੀ ਹੈ ਅਤੇ ਇਸ ਬਾਰੇ ਅਦਾਲਤ ਕੋਲੋਂ ਇਜਾਜ਼ਤ ਵੀ ਮੰਗੀ ਹੈ।

ਦੂਜੇ ਪਾਸੇ ਕੋਟਕਪੂਰਾ ਗੋਲੀਕਾਂਡ ’ਚ 23 ਮਈ 2019 ਨੂੰ ਵਿਸ਼ੇਸ਼ ਜਾਂਚ ਟੀਮ ਦੇ ਮੈਂਬਰ ਆਈ. ਜੀ. ਕੁੰਵਰ ਵਿਜੇ ਪ੍ਰਤਾਪ ਸਿੰਘ ਨੇ 56 ਸਫਿਆਂ ਦੀ ਪਡ਼ਤਾਲ ਰਿਪੋਰਟ ਪੇਸ਼ ਕੀਤੀ ਹੈ, ਜਿਸ ’ਚ ਦਾਅਵਾ ਕੀਤਾ ਗਿਆ ਕਿ ਬੇਅਦਬੀ ਕਾਂਡ ਤੋਂ ਬਾਅਦ ਅਤੇ ਬਹਿਬਲ ਕਲਾਂ ਕਾਂਡ ਗਿਣੀ ਮਿੱਥੀ ਸਾਜ਼ਿਸ਼ ਤਹਿਤ ਵਾਪਰੇ ਹਨ ਅਤੇ ਇਸ ’ਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰੰਘ ਬਾਦਲ, ਸਾਬਕਾ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਡੀ. ਜੀ. ਪੀ. ਸੁਮੇਧ ਸੈਣੀ ਦੀ ਸ਼ਮੂਲੀਅਤ ਹੋ ਸਕਦੀ ਹੈ। ਆਈ. ਜੀ. ਨੇ ਇਸ ਰਿਪੋਰਟ ’ਚ ਲਿਖਤੀ ਦਾਅਵਾ ਕੀਤਾ ਹੈ ਕਿ ਇਨ੍ਹਾਂ ਤਿੰਨਾਂ ਸ਼ਖਸੀਅਤਾਂ ਦੇ ਕੋਟਕਪੂਰਾ ਗੋਲੀ ਕਾਂਡ ’ਚ ਨਿਭਾਏ ਰੋਲ ਦੀ ਪਡ਼ਤਾਲ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਖਿਲਾਫ ਪਡ਼ਤਾਲ ਮੁਕੰਮਲ ਹੋਣ ਮਗਰੋਂ ਧਾਰਾ 173 (8) ਤਹਿਤ ਚਲਾਨ ਅਦਾਲਤ ’ਚ ਦਿੱਤਾ ਜਾ ਸਕਦਾ ਹੈ।

ਏ. ਡੀ. ਜੀ. ਪੀ. ਪ੍ਰਬੋਧ ਕੁਮਾਰ ਦੇ ਦਾਅਵਿਆਂ ਨੂੰ ਜੇਕਰ ਸੱਚ ਮੰਨਿਆ ਜਾਵੇ ਤਾਂ ਕੁੰਵਰ ਵਿਜੇ ਪ੍ਰਤਾਪ ਦੇ ਦਾਅਵੇ ਰੱਦ ਹੁੰਦੇ ਹਨ। ਦੱਸਣਯੋਗ ਹੈ ਕਿ ਜਾਂਚ ਟੀਮ ਦੇ ਅਧਿਕਾਰੀਆਂ ਦਰਮਿਆਨ ਆਪਸੀ ਰਵੱਈਏ ਜੱਗ ਜ਼ਹਿਰ ਹੋ ਗਏ ਸਨ। ਏ. ਡੀ. ਜੀ. ਪੀ. ਪ੍ਰਬੋਧ ਕੁਮਾਰ ਨੇ ਪੰਜਾਬ ਸਰਕਾਰ ਨੂੰ ਲਿਖਤੀ ਤੌਰ ’ਤੇ ਸੂਚਿਤ ਕੀਤਾ ਸੀ ਕਿ ਕੋਟਕਪੂਰਾ ਅਤੇ ਬਰਗਾਡ਼ੀ ਕਾਂਡ ਦੀ ਜਾਂਚ ਰਿਪੋਰਟ ਦੇ ਜੋ ਵੀ ਸਿੱਟੇ ਹੋਣਗੇ, ਉਨ੍ਹਾਂ ਲਈ ਕੁੰਵਰ ਵਿਜੇ ਪ੍ਰਤਾਪ ਸਿੰਘ ਹੀ ਜ਼ਿੰਮੇਵਾਰ ਹੋਣਗੇ। ਏ. ਡੀ. ਜੀ. ਪੀ. ਨੇ 29 ਜੁਲਾਈ 2019 ਦੇ ਸੀ. ਬੀ. ਆਈ. ਨੂੰ ਲਿਖੇ ਪੱਤਰ ਦੀ ਪੁਸ਼ਟੀ ਕੀਤੀ ਹੈ। ਇਸ ਪੱਤਰ ਦੇ ਆਧਾਰ ’ਤੇ ਸੀ. ਬੀ. ਆਈ. ਨੇ ਵਿਸ਼ੇਸ਼ ਅਦਾਲਤ ’ਚ ਜਾਂਚ ਲਈ ਇਜਾਜ਼ਤ ਮੰਗੀ ਹੈ।


author

Gurminder Singh

Content Editor

Related News