ਬੰਟੀ ਸੇਖੋਵਾਲ ਦੇ ਕਾਤਲਾਂ ਨਾਲ ਕੋਈ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ : ਠੇਕੇਦਾਰ ਰਾਠਾਂ

05/25/2020 6:10:18 PM

ਗਡ਼੍ਹਸ਼ੰਕਰ(ਸ਼ੋਰੀ) - ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਹੁਸ਼ਿਆਰਪੁਰ ਦੇ ਪ੍ਰਧਾਨ ਅਤੇ ਸਾਬਕਾ ਵਿਧਾਇਕ ਠੇਕੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਨੇ ਅੱਜ ਇੱਥੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ 6 ਮਹੀਨੇ ਪਹਿਲਾਂ ਦਸੰਬਰ 2019 ਵਿਚ ਬੀਤ ਇਲਾਕੇ ਦੇ ਪਿੰਡ ਸੇਖੋਵਾਲ ਵਿਚ ਬੰਟੀ ਨਾਮੀ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਸੀ। ਇਸ ਕਤਲ ਵਿਚ ਨਾਮਜ਼ਦ ਦੋਸ਼ੀਆਂ ਵਿਚੋਂ ਦੋ ਦੋਸ਼ੀ ਦਰਸ਼ਨ ਲਾਲ ਅਤੇ ਮਹਿੰਦਰ ਸਿੰਘ ਨੂੰ ਅੱਜ ਤੱਕ ਪੁਲਸ ਫਡ਼ਣ ਵਿਚ ਸਫ਼ਲ ਨਹੀਂ ਹੋ ਸਕੀ।

ਉਨ੍ਹਾਂ ਦੱਸਿਆ ਕਿ ਇਸ ਸਬੰਧ ਵਿਚ ਮਾਰਚ 2020 ਵਿਚ ਮਾਣਯੋਗ ਅਦਾਲਤ ਵਿਚ ਪੁਲਸ ਨੇ ਚਲਾਨ ਪੇਸ਼ ਕਰ ਦਿੱਤਾ ਸੀ। ਠੇਕੇਦਾਰ ਨੇ ਦੱਸਿਆ ਕਿ ਉਨ੍ਹਾਂ ਦੇ ਧਿਆਨ ਵਿਚ ਹੁਣ ਲਿਆਂਦਾ ਗਿਆ ਹੈ ਕਿ ਨਾਮਜ਼ਦ ਦੋਸ਼ੀਆਂ ਵਿਚੋਂ ਇਕ ਦਾ ਬਹੁਤ ਨਜ਼ਦੀਕੀ ਰਿਸ਼ਤੇਦਾਰ ਡੀ. ਐੱਸ. ਪੀ. ਦੇ ਅਹੁਦੇ ’ਤੇ ਪੰਜਾਬ ਪੁਲਸ ਵਿਚ ਹੈ। ਜੋ ਆਪਣੇ ਅਸਰ ਰਸੂਖ ਨਾਲ ਇਨ੍ਹਾਂ ਦੋਸ਼ੀਆਂ ਨੂੰ ਬਚਾਉਣਾ ਚਾਹੁੰਦਾ ਹੈ ਅਤੇ ਉਸ ਨੇ ਇਨ੍ਹਾਂ ਦੀ ਇਨਕੁਆਰੀ ਆਪਣੇ ਇਲਾਕੇ ਦੇ ਐੱਸ. ਐੱਸ. ਪੀ. ਦੇ ਕੋਲ ਮਾਰਕ ਕਰਵਾ ਲਈ ਹੈ। ਠੇਕੇਦਾਰ ਨੇ ਕਿਹਾ ਕਿ ਜੇਕਰ ਦੋਸ਼ੀਆਂ ਨਾਲ ਕਿਸੇ ਪ੍ਰਕਾਰ ਦੀ ਰਿਆਇਤ ਜਾਂ ਪੁਲਸ ਨੇ ਕੇਸ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇਹ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਠੇਕੇਦਾਰ ਨੇ ਕਿਹਾ ਕਿ ਕਿੰਨੀ ਹੈਰਾਨੀ ਵਾਲੀ ਗੱਲ ਹੈ ਕਿ ਜਦੋਂ ਕੋਰਟ ਵਿਚ ਚਲਾਨ ਪੇਸ਼ ਹੋ ਚੁੱਕਾ ਹੈ ਤਾਂ ਪੁਲਸ ਕਿਸ ਆਧਾਰ ’ਤੇ ਇਨਕੁਆਰੀ ਮਾਰਕ ਕਰ ਰਹੀ ਹੈ।

ਠੇਕੇਦਾਰ ਨੂੰ ਅੱਜ ਇਸ ਸਬੰਧੀ ਬੀਤ ਇਲਾਕੇ ਦੇ ਅਕਾਲੀ ਨੇਤਾ ਯਾਦਵਿੰਦਰ ਸਿੰਘ ਅਤੇ ਭਾਜਪਾ ਆਗੂ ਪ੍ਰਦੀਪ ਰੰਗੀਲਾ ਦੇ ਨਾਲ ਮ੍ਰਿਤਕ ਬੰਟੀ ਦੇ ਪਰਿਵਾਰਕ ਮੈਂਬਰ ਮਾਤਾ ਆਸ਼ਾ ਰਾਣੀ, ਤਾਇਆ ਯੁੱਧਵੀਰ ਸਿੰਘ, ਭਰਾ ਰਜਤ ਰਾਣਾ, ਸਰਿਸ਼ਟਾ ਦੇਵੀ, ਵਿਜੇ ਕੁਮਾਰੀ, ਸੰਜੋਗਤਾ ਦੇਵੀ ਅਤੇ ਹੋਰ ਵੀ ਮਿਲੇ।
 

 


Harinder Kaur

Content Editor

Related News