ਬਟਾਲਾ ''ਚ ਚੱਲੀ ਗੋਲੀ, ਦੋ ਗੰਭੀਰ ਜ਼ਖਮੀ

09/17/2019 3:42:09 PM

ਬਟਾਲਾ (ਬੇਰੀ) : ਦੇਰ ਰਾਤ ਨੂੰ ਬਟਾਲਾ ਵਿਚ ਗੋਲੀ ਚੱਲਣ ਨਾਲ ਦੋ ਨੌਜਵਾਨ ਗੰਭੀਰ ਜ਼ਖਮੀ ਹੋ ਗਏ। ਇਸ ਸਬੰਧੀ ਪੁਲਸ ਥਾਣਾ ਸਿਵਲ ਲਾਈਨ ਨੂੰ ਦਰਜ ਕਰਵਾਏ ਬਿਆਨਾਂ ਵਿਚ ਜ਼ੇਰੇ ਇਲਾਜ ਵਿਕਰਮਜੀਤ ਸਿੰਘ ਉਰਫ ਵਿੱਕੀ ਪੁੱਤਰ ਮਨਜੀਤ ਸਿੰਘ ਵਾਸੀ ਲੇਬਰ ਕਾਲੋਨੀ ਬਟਾਲਾ ਨੇ ਦੱਸਿਆ ਕਿ ਉਹ ਤੇ ਉਸਦਾ ਦੋਸਤ ਗੌਰਵ ਕਾਲੀਆ ਪੁੱਤਰ ਰਾਕੇਸ਼ ਕੁਮਾਰ ਵਾਸੀ ਮਜਮਾਂ ਮੁਹੱਲਾ ਕਪੂਰੀ ਗੇਟ ਬਟਾਲਾ ਅਤੇ 2-3 ਲੋਕ ਹੋਰ ਕਾਦੀਆਂ ਚੂੰਗੀ ਸਥਿਤ ਵਿਸ਼ਵਾਮਿੱਤਰ ਯਾਦਗਾਰੀ ਗੇਟ ਕੋਲ ਖੜ੍ਹੇ ਸੀ ਕਿ ਇਸ ਦੌਰਾਨ ਸਾਹਮਣੇ ਸਥਿਤ ਠੇਕੇ 'ਤੋਂ ਸੂਰਜ ਪੁੱਤਰ ਮੁੱਖਾ ਅਤੇ ਗਿੱਲ ਵਾਸੀਆਨ ਕ੍ਰਿਸਚਨ ਕਾਲੋਨੀ ਬਟਾਲਾ ਨੇ ਇਕ ਬੀਅਰ ਦੀ ਬੋਤਲ ਲਈ ਤੇ ਇਨ੍ਹਾਂ ਨਾਲ ਦੋ ਹੋਰ ਅਣਪਛਾਤੇ ਸਨ, ਜੋ ਸਾਡੇ ਨੇੜੇ ਆ ਗਏ। 

ਵਿਕਰਮਜੀਤ ਸਿੰਘ ਨੇ ਬਿਆਨਾਂ ਵਿਚ ਅੱਗੇ ਲਿਖਵਾਇਆ ਕਿ ਬੀਅਰ ਦੀ ਬੋਤਲ ਅਚਾਨਕ ਉਸਦੀ ਬਾਂਹ ਵੱਜਣ ਨਾਲ ਡਿੱਗ ਕੇ ਟੁੱਟ ਗਈ ਜਿਸ 'ਤੇ ਉਕਤ ਨੌਜਵਾਨ ਉਥੋਂ ਚਲੇ ਗਏ ਅਤੇ ਪੰਜ ਮਿੰਟ ਬਾਅਦ ਜਦੋਂ ਅਸੀਂ ਉਥੇ ਸਥਿਤ ਅਹਾਤੇ ਤੋਂ ਬਾਹਰ ਆਏ ਤਾਂ ਸੂਰਜ ਅਤੇ ਗਿੱਲ ਨੇ ਸਾਨੂੰ ਮਾਰ ਦੇਣ ਦੀ ਨੀਅਤ ਨਾਲ ਗੋਲੀਆਂ ਚਲਾ ਦਿੱਤੀਆਂ ਜਿਸਦੇ ਸਿੱਟੇ ਵਜੋਂ ਅਸੀਂ ਦੋਵੇਂ ਗੰਭੀਰ ਜ਼ਖਮੀ ਹੋ ਗਏ। ਇਹ ਵੀ ਪਤਾ ਲੱਗਾ ਹੈ ਕਿ ਉਕਤ ਦੋਵਾਂ ਗੰਭੀਰ ਜ਼ਖਮੀ ਨੌਜਵਾਨਾਂ ਨੂੰ ਪਹਿਲਾਂ ਬਟਾਲਾ ਦੇ ਸਿਵਲ ਹਪਸਤਾਲ ਵਿਖੇ ਇਲਾਜ ਲਈ ਭਰਤੀ ਕਰਵਾਇਆ ਗਿਆ ਜਿਥੋਂ ਡਾਕਟਰਾਂ ਵਲੋਂ ਫਸਟ ਏਡ ਦੇਣ ਉਪਰਤ ਗੁਰੂ ਨਾਨਕ ਹਸਪਤਾਲ ਅੰਮ੍ਰਿਤਸਰ ਲਈ ਰੈਫਰ ਕਰ ਦਿੱਤਾ ਹੈ।ਉਕਤ ਮਾਮਲੇ ਸਬੰਧੀ ਥਾਣਾ ਸਿਵਲ ਲਾਈਨ ਦੀ ਪੁਲਸ ਨੇ ਕਾਰਵਾਈ ਕਰਦਿਆਂ ਥਾਣੇ ਵਿਚ ਉਕਤ ਨੌਜਵਾਨਾਂ ਵਿਰੁੱਧ ਬਣਦੀਆਂ ਧਾਰਾਵਾਂ ਅਤੇ ਅਸਲਾ ਐਕਟ ਤਹਿਤ ਕੇਸ ਦਰਜ ਕਰ ਦਿੱਤਾ ਹੈ।


Gurminder Singh

Content Editor

Related News