BSF ਦਾ ਦਾਇਰਾ ਵਧਾਉਣ ’ਤੇ ਸੂਬਿਆਂ ਦੇ ਅਧਿਕਾਰਾਂ ’ਤੇ ਡਾਕਾ ਨਹੀਂ ਵੱਜਣਾ ਚਾਹੀਦਾ : ਗਿ. ਹਰਪ੍ਰੀਤ ਸਿੰਘ
Friday, Oct 15, 2021 - 10:29 AM (IST)
ਤਲਵੰਡੀ ਸਾਬੋ (ਮੁਨੀਸ਼) - ਕੇਂਦਰ ਸਰਕਾਰ ਵੱਲੋਂ ਪੰਜਾਬ ਸਮੇਤ ਤਿੰਨ ਸਰਹੱਦੀ ਰਾਜਾਂ ਵਿਚ ਬੀ. ਐੱਸ. ਐੱਫ. ਦਾ ਦਾਇਰਾ ਵਧਾਉਣ ਦੇ ਮਾਮਲੇ ’ਤੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਆਪਣਾ ਪ੍ਰਤੀਕਰਮ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਨੂੰ ਅਜਿਹਾ ਕੋਈ ਫ਼ੈਸਲਾ ਨਹੀਂ ਕਰਨਾ ਚਾਹੀਦਾ, ਜਿਸ ਨਾਲ ਸੂਬਿਆਂ ਦੇ ਅਧਿਕਾਰ ਸੀਮਤ ਹੋਣ।
ਦਮਦਮਾ ਸਾਹਿਬ ਵਿਖੇ ਆਪਣੀ ਰਿਹਾਇਸ਼ ’ਤੇ ਗੱਲਬਾਤ ਦੌਰਾਨ ਸਿੰਘ ਸਾਹਿਬ ਨੇ ਕਿਹਾ ਕਿ ਭਾਰਤ ਦੀ ਮਜ਼ਬੂਤੀ, ਰਾਜਾਂ ਜਾਂ ਸੰਘੀ ਢਾਂਚੇ ਦੀ ਮਜ਼ਬੂਤੀ ਨਾਲ ਹੀ ਹੈ, ਜਿੰਨਾ ਸੰਘੀ ਢਾਂਚਾ ਮਜ਼ਬੂਤ ਹੋਵੇਗਾ ਭਾਰਤ ਦੇਸ਼ ਵੀ ਉਨਾ ਹੀ ਮਜ਼ਬੂਤ ਹੋਵੇਗਾ। ਉਨ੍ਹਾਂ ਕਿਹਾ ਕਿ ਅਜਿਹਾ ਕੋਈ ਫ਼ੈਸਲਾ ਨਹੀਂ ਲਾਗੂ ਕਰਨਾ ਚਾਹੀਦਾ, ਜੋ ਰਾਜ ਦੇ ਅਧਿਕਾਰਾਂ ’ਤੇ ਛਾਪਾ ਮਾਰਦਾ ਹੋਵੇ ਜਾਂ ਫਿਰ ਰਾਜ ਦੇ ਅਧਿਕਾਰਾਂ ਨੂੰ ਸੀਮਿਤ ਕਰਦਾ ਹੋਵੇ। ਉਨ੍ਹਾਂ ਨੇ ਰਾਜਾਂ ਦੇ ਅਧਿਕਾਰਾਂ ਨੂੰ ਸੀਮਿਤ ਕਰਨਾ ਸੰਘੀ ਢਾਂਚੇ ਨੂੰ ਕਮਜ਼ੋਰ ਕਰਨ ਦੇ ਤੁਲ ਦੱਸਦਿਆਂ ਕਿਹਾ ਕਿ ਸੰਘੀ ਢਾਂਚੇ ਦੀ ਕਮਜ਼ੋਰੀ ਨਾਲ ਦੇਸ਼ ਵੀ ਕਮਜ਼ੋਰ ਹੋਵੇਗਾ। ਇਸ ਲਈ ਕੇਂਦਰ ਸਰਕਾਰ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ।
ਇਕ ਹੋਰ ਸਵਾਲ ਦੇ ਜਵਾਬ ’ਚ ਸਿੰਘ ਸਾਹਿਬ ਨੇ ਕੋਰੋਨਾ ਮਹਾਮਾਰੀ ਦਾ ਦੌਰ ਲੰਘ ਜਾਣ ਦੇ ਬਾਵਜੂਦ ਕੇਂਦਰ ਸਰਕਾਰ ਵੱਲੋਂ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਨਾ ਖੋਲ੍ਹਣ ਦੇ ਫ਼ੈਸਲੇ ’ਤੇ ਨਿਰਾਸ਼ਾ ਪ੍ਰਗਟ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਨੂੰ ਸਿੱਖ ਭਾਵਨਾਵਾਂ ਨਾਲ ਥੋੜ੍ਹਾ ਬਹੁਤ ਵੀ ਸਰੋਕਾਰ ਹੈ ਤਾਂ ਘੱਟੋ ਘੱਟ ਸ੍ਰੀ ਗੁਰੁ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ 19 ਨਵੰਬਰ ਤੋਂ ਪਹਿਲਾਂ ਲਾਂਘਾ ਖੋਲ੍ਹੇ ਤਾਂ ਕਿ ਉਸ ਦਿਨ ਸਿੱਖ ਸ੍ਰੀ ਕਰਤਾਰਪੁਰ ਸਾਹਿਬ ਪੁੱਜ ਕੇ ਅਰਦਾਸ ਕਰ ਸਕਣ।