ਪਟਿਆਲਾ ’ਚ ਵੱਡੀ ਵਾਰਦਾਤ, ਸਕੇ ਭਰਾਵਾਂ ਨੇ ਭੈਣਾਂ ਨੂੰ ਮਾਰੀਆਂ ਗੋਲ਼ੀਆਂ
Sunday, Sep 12, 2021 - 10:12 PM (IST)
ਪਟਿਆਲਾ (ਬਲਜਿੰਦਰ)- ਪਿੰਡ ਮਾਲੋਮਾਜਰਾ ਵਿਖੇ ਦੋ ਭਰਾਵਾਂ ਨੇ ਆਪਣੀਆਂ ਦੋ ਭੈਣਾਂ ਨੂੰ ਗੋਲੀਆਂ ਮਾਰ ਦਿੱਤੀਆਂ। ਇਸ ਗੋਲੀ ਕਾਂਡ ’ਚ ਥਾਣਾ ਪਸਿਆਣਾ ਦੀ ਪੁਲਸ ਨੇ ਸਰਪੰਚ ਰਾਜਵਿੰਦਰ ਸਿੰਘ ਸਮੇਤ ਕੁੱਲ 4 ਲੋਕਾਂ ਖ਼ਿਲਾਫ਼ ਇਰਾਦਾ ਕਤਲ ਧਾਰਾ 307, 459 ਅਤੇ 34 ਆਈ. ਪੀ. ਸੀ. ਅਤੇ ਆਰਮਜ਼ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ। ਮੁਲਜ਼ਮਾਂ ’ਚ ਸਰਪੰਚ ਤੋਂ ਇਲਾਵਾ ਗੋਲ਼ੀਆਂ ਲੱਗਣ ਕਾਰਣ ਜ਼ਖਮੀਆਂ ਹੋਈਆਂ ਭੈਣਾਂ ਦੇ ਭਰਾ ਦਲਵਿੰਦਰ ਸਿੰਘ ਅਤੇ ਤਰਸੇਮ ਸਿਘ ਪੁੱਤਰ ਹਰਦਮਨ ਸਿੰਘ ਵਾਸੀ ਪਿੰਡ ਮਾਲੋਮਾਜਰਾ ਅਤੇ ਅਵਤਾਰ ਸਿੰਘ ਪੁੱਤਰ ਭੋਲਾ ਸਿੰਘ ਵਾਸੀ ਪਿੰਡ ਸਵਾਜਪੁਰ ਜ਼ਿਲ੍ਹਾ ਪਟਿਆਲਾ ਸ਼ਾਮਲ ਹਨ।
ਇਹ ਵੀ ਪੜ੍ਹੋ : ਵਿਆਹ ਤੋਂ ਕੁੱਝ ਮਹੀਨੇ ਬਾਅਦ ਨਵ ਵਿਆਹੁਤਾ ਦੀ ਸ਼ੱਕੀ ਹਾਲਾਤ ’ਚ ਮੌਤ, ਪਰਿਵਾਰ ਨੇ ਕਿਹਾ ਧੀ ਦਾ ਹੋਇਆ ਕਤਲ
ਸ਼ਿਕਾਇਤਕਰਤਾ ਨੇ ਪੁਲਸ ਨੂੰ ਦੱਸਿਆ ਕਿ ਦਲਵਿੰਦਰ ਸਿੰਘ ਅਤੇ ਤਰਸੇਮ ਸਿੰਘ ਉਸ ਦੇ ਸਕੇ ਭਰਾ ਹਨ। ਉਹ ਰਾਤ ਤਕਰੀਬਨ 2.30 ਵਜੇ ਆਪਣੀ ਭੈਣ ਅਤੇ ਉਸ ਦੀ ਲੜਕੀ ਨਾਲ ਘਰ ਦੇ ਚੁਬਾਰੇ ’ਚ ਸੁੱਤੀਆਂ ਪਈਆਂ ਸਨ। ਰਾਤ ਨੂੰ ਜਦੋਂ ਉਸ ਦੇ ਕਮਰੇ ਦੇ ਬਾਹਰ ਉਕਤ ਵਿਅਕਤੀ ਖੜ੍ਹੇ ਸਨ, ਉਨ੍ਹਾਂ ਨੇ ਮੂੰਹ ਰੁਮਾਲ ਨਾਲ ਢੱਕੇ ਹੋਏ ਸਨ। ਦਵਿੰਦਰ ਸਿੰਘ ਨੇ ਆਪਣੇ ਹੱਥ ’ਚ ਫੜੇ ਪਿਸਤੌਲ ਨਾਲ ਤਾਕੀ ਦੇ ਸ਼ੀਸ਼ੇ ’ਚੋਂ ਅੰਦਰ ਮਾਰ ਦੇਣ ਦੀ ਨੀਅਤ ਨਾਲ ਉਸ ਅਤੇ ਉਸ ਦੀ ਭੈਣ ’ਤੇ ਫਾਇਰ ਕਰ ਦਿੱਤੇ। ਇਸ ’ਚ ਇਕ ਉਸ ਦੀ ਗਰਦਨ ਅਤੇ ਖੱਬੇ ਪਾਸੇ ਅਤੇ ਇਕ ਖੱਬੀ ਬਾਂਹ ਦੇ ਡੋਲੇ ’ਤੇ ਲੱਗੀ। ਉਸ ਦੀ ਭੈਣ ਕੁਲਵਿੰਦਰ ਕੌਰ ਦੇ ਵੀ 4 ਗੋਲੀਆਂ ਲੱਗੀਆਂ ਅਤੇ ਦੋਵੇਂ ਜ਼ੇਰੇ ਇਲਾਜ ਹਨ।
ਇਹ ਵੀ ਪੜ੍ਹੋ : ਸਾਬਕਾ ਮੰਗੇਤਰ ਦੇ ਪਰਿਵਾਰ ਤੋਂ ਤੰਗ ਆ ਕੇ ਖ਼ੁਦਕੁਸ਼ੀ ਕਰਨ ਵਾਲੇ ਮਾਮਲੇ ’ਚ ਸਬ ਇੰਸਪੈਕਟਰ ’ਤੇ ਵੱਡੀ ਕਾਰਵਾਈ
ਪ੍ਰਾਪਤ ਜਾਣਕਾਰੀ ਅਨੁਸਾਰ ਇਸ ਪਰਿਵਾਰ ਕੋਲ 58 ਏਕੜ ਜ਼ਮੀਨ ਹੈ। ਇਨ੍ਹਾਂ ਦੇ ਪਿਤਾ ਨੇ ਮਰਨ ਤੋਂ ਪਹਿਲਾਂ 25-25 ਏਕੜ ਜ਼ਮੀਨ ਆਪਣੇ ਦੋਵਾਂ ਪੁੱਤਾਂ ਦਲਵਿੰਦਰ ਸਿੰਘ ਤੇ ਤਰਸੇਮ ਸਿੰਘ ਦੇ ਨਾਂ ਅਤੇ 4-4 ਏਕੜ ਜ਼ਮੀਨ ਦੋਵਾਂ ਧੀਆਂ ਪਰਮਜੀਤ ਕੌਰ ਤੇ ਕੁਲਵਿੰਦਰ ਕੌਰ ਦੇ ਨਾਂ ਕਰਵਾ ਦਿੱਤੀ ਸੀ। ਦੋਵੇਂ ਭੈਣਾਂ ਆਪਣੇ ਪੇਕੇ ਘਰ ਹੀ ਵੱਖਰੇ ਮਕਾਨ ਵਿੱਚ ਰਹਿ ਰਹੀਆਂ ਹਨ। ਇਕ ਅਣਵਿਆਹੀ ਹੈ ਅਤੇ ਦੂਜੀ ਦਾ ਤਲਾਕ ਹੋਇਆ ਹੈ। ਉਨ੍ਹਾਂ ਦੇ ਹਿੱਸੇ ਆਈ ਅੱਠ ਏਕੜ ਜ਼ਮੀਨ ਦੀ ਵਾਹੀ ਦੋਵੇਂ ਭੈਣਾਂ ਖੁਦ ਕਰ ਰਹੀਆਂ ਹਨ, ਜਿਸ ਕਾਰਨ ਭੈਣ-ਭਰਾਵਾਂ ਵਿਚ ਪਿਛਲੇ ਸਮੇਂ ਤੋਂ ਵਿਵਾਦ ਚੱਲ ਰਿਹਾ ਸੀ। ਮਾਮਲਾ ਅਦਾਲਤ ਵਿਚ ਹੈ। ਉਧਰ ਥਾਣਾ ਪਸਿਆਣਾ ਦੀ ਐੱਸ. ਐੱਚ. ਓ. ਨੇ ਦੱਸਿਆ ਕਿ ਦੋਵਾਂ ਜ਼ਖਮੀਆਂ ਦੀ ਹਾਲਤ ਠੀਕ ਹੈ। ਇਸ ਮਾਮਲੇ ’ਚ ਅਜੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਕੀਤੀ ਗਈ। ਛਾਪੇਮਾਰੀ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਜਲੰਧਰ ’ਚ ਵਾਪਰੇ ਹਾਦਸੇ ਨੇ ਖੋਹੀਆਂ ਪਰਿਵਾਰ ਦੀਆਂ ਖ਼ੁਸ਼ੀਆਂ, ਕੈਨੇਡਾ ਤੋਂ ਪਰਤੀ ਨਵ-ਵਿਆਹੁਤਾ ਦੀ ਮੌਤ (ਤਸਵੀਰਾਂ)
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?