ਸਾਥੀਆਂ ਨਾਲ ਮਿਲ ਕੇ ਭਰਾ ਨੇ ਆਪਣੀ ਹੀ ਭੈਣ ਨੂੰ ਕੀਤਾ ਅਗਵਾ

Tuesday, Dec 17, 2019 - 11:51 PM (IST)

ਸਾਥੀਆਂ ਨਾਲ ਮਿਲ ਕੇ ਭਰਾ ਨੇ ਆਪਣੀ ਹੀ ਭੈਣ ਨੂੰ ਕੀਤਾ ਅਗਵਾ

ਖਾਲੜਾ, ਭਿੱਖੀਵਿੰਡ, (ਭਾਟੀਆ)— ਜ਼ਿਲ੍ਹੇ ਦੇ ਇਕ ਕਸਬੇ 'ਚ ਨਾਬਾਲਗ ਲੜਕੀ ਨੂੰ ਸਕੂਲ ਜਾਂਦੇ ਸਮੇਂ ਚਾਰ ਲੜਕਿਆਂ ਵਲੋਂ ਅਗਵਾ ਕਰ ਲਏ ਜਾਣ ਦਾ ਸਮਾਚਾਰ ਮਿਲਿਆ ਹੈ। ਜਿਸ ਘਟਨਾ ਨੇ ਸਮਾਜਿਕ ਰਿਸ਼ਤਿਆਂ ਨੂੰ ਵੀ ਤਾਰ–ਤਾਰ ਕਰਕੇ ਰੱਖ ਦਿੱਤਾ ਹੈ, ਕਿਉਂਕਿ ਇਸ ਵਾਰਦਾਤ ਨੂੰ ਉਸ ਦੇ ਸਕੇ ਤਾਏ ਦੇ ਪੁੱਤਰ ਭਰਾ ਵਲੋਂ ਆਪਣੇ ਸਾਥੀਆਂ ਨਾਲ ਰਲਕੇ ਅੰਜਾਮ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਸੀਮਾ (ਕਾਲਪਨਿਕ ਨਾਂ) ਜੋ ਨੌਵੀਂ ਜਮਾਤ 'ਚ ਪੜ੍ਹਦੀ ਹੈ ਉਹ ਆਪਣੇ ਛੋਟੇ ਭਰਾ ਦੇ ਨਾਲ ਸਕੂਲ ਜਾ ਰਹੀ ਸੀ । ਉਸ ਨੂੰ ਸਕੂਲ ਨੇੜੇ ਕੁਝ ਲੜਕੇ ਮੋਟਰਸਾਈਕਲ 'ਤੇ ਅਗਵਾ ਕਰਕੇ ਲੈ ਗਏ । ਲੜਕੀ ਦੇ ਪਰਿਵਾਰ ਵਲੋਂ ਇਸ ਸਾਰੇ ਮਾਮਲੇ ਦੀ ਸੂਚਨਾ ਸਬੰਧਿਤ ਥਾਣੇ ਦੀ ਪੁਲਸ ਨੂੰ ਦੇ ਦਿੱਤੀ ਗਈ। ਜਿਸ ਤੋਂ ਬਾਅਦ ਪੁਲਸ ਨੇ ਤਿੰਨ ਲੜਕੇ ਜਿਨ੍ਹਾਂ 'ਚ ਬਲਜੀਤ ਸਿੰਘ ਪੁੱਤਰ ਪ੍ਰਕਾਸ਼ ਸਿੰਘ, ਰਣਜੀਤ ਸਿੰਘ ਪੁੱਤਰ ਬੂਟਾ ਸਿੰਘ, ਬਸੰਤ ਸਿੰਘ ਪੁੱਤਰ ਬਲਕਾਰ ਸਿੰਘ ਵਾਸੀਆਨ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ ।
ਪੁਲਸ ਵਲੋਂ ਮੁਕੱਦਮਾ ਦਰਜ ਕਰਕੇ ਲੜਕੀ ਦੀ ਭਾਲ ਦਾ ਦਾਅਵਾ ਕੀਤਾ ਜਾ ਰਿਹਾ ਹੈ ਪਰ ਲੜਕੀ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਲੜਕੀ ਨੂੰ ਅਗਵਾ ਕਰਨ ਵਾਲੇ ਲੜਕੇ ਬਲਜੀਤ ਸਿੰਘ ਤੇ ਉਸਦੇ ਸਾਥੀਆਂ ਨੂੰ ਜਲਦੀ ਤੋਂ ਜਲਦੀ ਕਾਬੂ ਕਰਕੇ ਉਨ੍ਹਾਂ ਦੀ ਲੜਕੀ ਨੂੰ ਉਨ੍ਹਾਂ ਦੇ ਹਵਾਲੇ ਕੀਤਾ ਜਾਵੇ । ਸੂਤਰਾਂ ਤੋਂ ਪਤਾ ਲੱਗਾ ਹੈ ਕਿ ਲੜਕੀ ਨੂੰ ਅਗਵਾ ਕਰਨ ਤੋਂ ਬਾਅਦ ਟਰੇਨ ਰਾਹੀਂ ਦਿੱਲੀ ਵਿਖੇ ਲਿਜਾਇਆ ਗਿਆ ਹੈ । ਜਿੱਥੇ ਲੜਕੀ ਦੇ ਪਰਿਵਾਰ ਵਾਲੇ ਲੜਕੀ ਦੀ ਭਾਲ 'ਚ ਲੱਗੇ ਹੋਏ ਹਨ।


author

KamalJeet Singh

Content Editor

Related News