ਗੈਂਗਸਟਰਾਂ ਦਾ ‘ਕਾਲ’ ਹਨ ਬਰਾੜ ਅਤੇ ਚੌਹਾਨ, ਜਾਣੇ ਜਾਂਦੇ ਹਨ ਐਨਕਾਊਂਟਰ ਸਪੈਸ਼ਲਿਸਟ

Friday, Jun 03, 2022 - 10:42 PM (IST)

ਗੈਂਗਸਟਰਾਂ ਦਾ ‘ਕਾਲ’ ਹਨ ਬਰਾੜ ਅਤੇ ਚੌਹਾਨ, ਜਾਣੇ ਜਾਂਦੇ ਹਨ ਐਨਕਾਊਂਟਰ ਸਪੈਸ਼ਲਿਸਟ

ਚੰਡੀਗੜ੍ਹ (ਰਮਨਜੀਤ ਸਿੰਘ) : ਪੰਜਾਬ ਪੁਲਸ ਦੇ ਆਰਗੇਨਾਈਜ਼ਡ ਕ੍ਰਾਈਮ ਖ਼ਿਲਾਫ ਚੱਲੀ ਮੁਹਿੰਮ ਕਾਰਨ 5 ਸਾਲਾਂ ਦੌਰਾਨ 2 ਹਜ਼ਾਰ ਤੋਂ ਜ਼ਿਆਦਾ ਅਜਿਹੇ ਅਪਰਾਧੀਆਂ ਨੂੰ ਦਬੋਚਿਆ ਗਿਆ, ਜਿਨ੍ਹਾਂ ਦਾ ਕਿਸੇ ਨਾ ਕਿਸੇ ਤਰੀਕੇ ਨਾਲ ਸੰਗਠਿਤ ਅਪਰਾਧ ਗਿਰੋਹਾਂ ਨਾਲ ਸਬੰਧ ਸੀ। 2017 ਵਿਚ ਪੰਜਾਬ ਪੁਲਸ ਵਲੋਂ ਬਣਾਈਆਂ ਗਈਆਂ ਗੈਂਗਸਟਰਾਂ ਦੀਆਂ ਕੈਟੇਗਰੀਆਂ ਦੇ ਹਿਸਾਬ ਨਾਲ ਵੇਖਿਆ ਜਾਵੇ ਤਾਂ 2017 ਤੋਂ 2022 ਵਿਚਕਾਰ 12 ਏ ਕੈਟੇਗਰੀ ਦੇ, 27 ਬੀ ਕੈਟੇਗਰੀ ਦੇ ਅਤੇ 197 ਸੀ-ਕੈਟੇਗਰੀ ਦੇ ਗੈਂਗਸਟਰਾਂ ਨੂੰ ਗ੍ਰਿਫਤਾਰ ਕੀਤਾ ਗਿਆ। ਉੱਥੇ ਹੀ 6 ਏ ਕੈਟੇਗਰੀ ਦੇ ਗੈਂਗਸਟਰ ਅਤੇ 1 ਬੀ-ਕੈਟੇਗਿਰੀ ਅਤੇ 4 ਸੀ-ਕੈਟੇਗਰੀ ਦੇ ਗੈਂਗਸਟਰਾਂ ਨੂੰ ਪੁਲਸ ਨਾਲ ਹੋਏ ਐਨਕਾਊਂਟਰਾਂ ਵਿਚ ਜਾਨ ਗੁਆਉਣੀ ਪਈ। ਆਈ. ਪੀ. ਐੱਸ. ਗੁਰਮੀਤ ਸਿੰਘ ਅਤੇ ਡੀ. ਐੱਸ. ਪੀ. ਬਿਕਰਮਜੀਤ ਸਿੰਘ ਦੀ ਟੀਮ 46 ਏ ਅਤੇ ਬੀ-ਕੈਟੇਗਰੀ ਦੇ ਗੈਂਗਸਟਰ ਮਾਰ ਚੁੱਕੀ ਹੈ। ਸੰਗਠਿਤ ਅਪਰਾਧ ਖ਼ਿਲਾਫ ਲੰਬੀ ਚੱਲੀ ਮੁਹਿੰਮ ਦੌਰਾਨ ਪੰਜਾਬ ਪੁਲਸ ਵਲੋਂ ਲਗਭਗ ਸਾਰੇ ਵੱਡੇ ਗੈਂਗਸਟਰਾਂ ਨੂੰ ਜਾਂ ਤਾਂ ਖ਼ਤਮ ਕਰ ਦਿੱਤਾ ਗਿਆ ਜਾਂ ਗ੍ਰਿਫਤਾਰ ਕੀਤਾ ਗਿਆ। ਹਾਲਾਂਕਿ ਕਈ ਅਜਿਹੇ ਵੀ ਸਨ, ਜੋ ਪੁਲਸ ਦੇ ਸਾਰੇ ਪ੍ਰਬੰਧਾਂ ਨੂੰ ਟਿੱਚ ਦੱਸਦੇ ਹੋਏ ਵਿਦੇਸ਼ਾਂ ਤਕ ਪਹੁੰਚਣ ਵਿਚ ਕਾਮਯਾਬ ਰਹੇ ਅਤੇ ਹੁਣ ਫਿਰ ਪੰਜਾਬ ਪੁਲਸ ਲਈ ਸਿਰਦਰਦੀ ਬਣੇ ਹੋਏ ਹਨ।

ਇਹ ਵੀ ਪੜ੍ਹੋ : ਅੰਤਰਰਾਸ਼ਟਰੀ ਡਾਨ ਬਣਨ ਦੀ ਰਾਹ ’ਤੇ ਚੱਲ ਰਿਹਾ ਗੈਂਗਸਟਰ ਲਾਰੈਂਸ ਬਿਸ਼ਨੋਈ, ਇੰਝ ਚਲਾਉਂਦੈ ਗੈਂਗ

ਪ੍ਰੇਮਾ ਲਾਹੌਰੀਆ ਅਤੇ ਵਿੱਕੀ ਗੌਂਡਰ ਦਾ ਕੀਤਾ ਐਨਕਾਊਂਟਰ
ਪੰਜਾਬ ਪੁਲਸ ਦੇ ਗੈਂਗਸਟਰਾਂ ਖ਼ਿਲਾਫ ਚੱਲੀ ਮੁਹਿੰਮ ਦੀ ਖਾਸ ਗੱਲ ਇਹ ਰਹੀ ਕਿ ਇਸਦੀ ਫਰੰਟਲਾਈਨ ਟੀਮ ਵਿਚ 5 ਸਾਲ ਤੋਂ ਹੀ ਆਈ. ਪੀ. ਐੱਸ. ਅਧਿਕਾਰੀ ਗੁਰਮੀਤ ਸਿੰਘ ਚੌਹਾਨ ਅਤੇ ਪੀ. ਪੀ. ਐੱਸ. ਅਧਿਕਾਰੀ ਬਿਕਰਮਜੀਤ ਸਿੰਘ ਬਰਾੜ ਸ਼ਾਮਲ ਰਹੇ ਹਨ। ਅਸਲ ਵਿਚ ਗਿਰੋਹਾਂ ਅਤੇ ਗੈਂਗਸਟਰਾਂ ਖ਼ਿਲਾਫ ਅਸਲੀ ਕਾਰਵਾਈ ਇਨ੍ਹਾਂ ਦੋਵਾਂ ਅਧਿਕਾਰੀਆਂ ਦੀ ਅਗਵਾਈ ਵਾਲੀਆਂ ਟੀਮਾਂ ਵਲੋਂ ਕੀਤੀ ਜਾਂਦੀ ਰਹੀ ਹੈ। ਭਾਵੇਂ ਉਹ ਵਿੱਕੀ ਗੌਂਡਰ ਅਤੇ ਪ੍ਰੇਮਾ ਲਾਹੌਰੀਆ ਦਾ ਐਨਕਾਊਂਟਰ ਹੋਵੇ ਜਾਂ ਪੱਛਮੀ ਬੰਗਾਲ ਵਿਚ ਖਤਰਨਾਕ ਜੈਪਾਲ ਭੁੱਲਰ ਦੀ ਪਛਾਣ ਕਰਕੇ ਅੰਜ਼ਾਮ ਤਕ ਪਹੁੰਚਾਉਣ ਦੀ ਕਾਰਵਾਈ। ਇਸ ਲਈ ਇਨ੍ਹਾਂ ਨੂੰ ਪੰਜਾਬ ਦਾ ਐਨਕਾਊਂਟਰ ਸਪੈਸ਼ਲਿਸਟ ਵੀ ਕਿਹਾ ਜਾਂਦਾ ਹੈ।

ਇਹ ਵੀ ਪੜ੍ਹੋ : ਬੰਬੀਹਾ ਗਰੁੱਪ ਦੀ ਮਨਕੀਰਤ ਔਲਖ ਨੂੰ ਧਮਕੀ ਤੋਂ ਬਾਅਦ ਪੰਜਾਬ ਪੁਲਸ ਦੇ ਸਾਹ ਫੁੱਲੇ, ਦਾਅ ’ਤੇ ਲੱਗੀ ਸਾਖ

ਗੈਲੇਂਟਰੀ ਅਵਾਰਡ ਨਾਲ ਹੋ ਚੁੱਕੇ ਸਨਮਾਨਿਤ
ਪੀ. ਪੀ. ਐੱਸ. ਤੋਂ ਆਈ. ਪੀ. ਐੱਸ. ਪ੍ਰਮੋਟ ਹੋਏ ਗੁਰਮੀਤ ਸਿੰਘ ਚੌਹਾਨ ਪੰਜਾਬ ਪੁਲਸ ਦੀ ਆਰਗੇਨਾਈਜ਼ਡ ਕ੍ਰਾਈਮ ਕੰਟਰੋਲ ਯੂਨਿਟ ਵਿਚ ਵੀ ਏ. ਆਈ. ਜੀ. ਵਜੋਂ ਤਾਇਨਾਤ ਰਹੇ ਸਨ ਅਤੇ ਮੌਜੂਦਾ ਸਰਕਾਰ ਵਲੋਂ ਗਠਿਤ ਕੀਤੀ ਗਈ ਐਂਟੀ ਗੈਂਗਸਟਰ ਟਾਸਕ ਫੋਰਸ ਵਿਚ ਵੀ ਉਨ੍ਹਾਂ ਨੂੰ ਏ. ਆਈ. ਜੀ. ਵਜੋਂ ਸ਼ਾਮਲ ਕੀਤਾ ਗਿਆ ਹੈ। ਉੱਥੇ ਹੀ ਆਰਗੇਨਾਈਜ਼ਡ ਕ੍ਰਾਈਮ ਕੰਟਰੋਲ ਯੂਨਿਟ ਵਿਚ ਉਨ੍ਹਾਂ ਦੇ ਸਾਥੀ ਰਹੇ ਡੀ. ਐੱਸ. ਪੀ. ਬਿਕਰਮਜੀਤ ਸਿੰਘ ਬਰਾੜ ਨੂੰ ਵੀ ਏ. ਜੀ. ਟੀ. ਐੱਫ. ਵਿਚ ਡੀ. ਐੱਸ. ਪੀ. ਵਜੋਂ ਸ਼ਾਮਲ ਕੀਤਾ ਗਿਆ ਹੈ। ਗੈਂਗਸਟਰਾਂ ਖ਼ਿਲਾਫ ਕੀਤੇ ਗਏ ਵਧੀਆ ਕੰਮ ਕਾਰਨ ਹੀ ਇਨ੍ਹਾਂ ਦੋਵਾਂ ਅਧਿਕਾਰੀਆਂ ਨੂੰ ਦੇਸ਼ ਦੇ ਵੱਕਾਰੀ ਗੈਲੇਂਟਰੀ ਐਵਾਰਡ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਿਆ ਹੈ।

ਇਹ ਵੀ ਪੜ੍ਹੋ : ਮਾਨਸਾ ਦੇ ਐੱਸ. ਐੱਸ. ਪੀ. ਦਾ ਵੱਡਾ ਬਿਆਨ, ਬਹੁਤ ਜਲਦ ਲਾਰੈਂਸ ਬਿਸ਼ਨੋਈ ਨੂੰ ਰਿਮਾਂਡ ’ਤੇ ਲਵੇਗੀ ਪੰਜਾਬ ਪੁਲਸ

ਪੁਲਸ ਵਲੋਂ ਐਨਕਾਊਂਟਰ ’ਚ ਮਾਰੇ ਗਏ ਵੱਡੇ ਗੈਂਗਸਟਰ
ਗੁਰਸ਼ਹੀਦ ਸਿੰਘ ਉਰਫ ਸ਼ੇਰਾ ਖੁੱਬਣ ਨੂੰ ਬਠਿੰਡਾ ਦੀ ਕਮਲਾ ਨਹਿਰੂ ਕਾਲੋਨੀ ਵਿਚ ਤੱਤਕਾਲੀਨ ਏ. ਐੱਸ. ਪੀ. ਅਤੇ ਮੌਜੂਦਾ ਸਮੇਂ ਚੰਡੀਗੜ੍ਹ ਦੇ ਐੱਸ. ਐੱਸ. ਪੀ. ਕੁਲਦੀਪ ਸਿੰਘ ਚਾਹਲ ਦੀ ਟੀਮ ਨੇ ਐਨਕਾਊਂਟਰ ਵਿਚ ਮਾਰਿਆ ਸੀ। ਜੈਪਾਲ ਭੁੱਲਰ ਉਸਦਾ ਹੀ ਚੇਲਾ ਸੀ। ਦਵਿੰਦਰ ਬੰਬੀਹਾ ਨੂੰ ਵੀ ਬਠਿੰਡਾ ਵਿਚ ਹੀ ਪੰਜਾਬ ਪੁਲਸ ਦੇ ਐੱਸ. ਐੱਸ. ਪੀ. ਸਵੱਪਨ ਸ਼ਰਮਾ ਦੀ ਟੀਮ ਵਲੋਂ ਗਿੱਲ ਕਲਾਂ ਪਿੰਡ ਦੇ ਨਜ਼ਦੀਕ ਐਨਕਾਊਂਟਰ ਵਿਚ ਮਾਰਿਆ ਗਿਆ ਸੀ। ਇਸੇ ਤਰ੍ਹਾਂ ਪੰਜਾਬ ਦੇ ਵੱਡੇ ਗੈਂਗਸਟਰਾਂ ਵਿਚ ਸ਼ਾਮਲ ਫਾਜ਼ਿਲਕਾ ਨਿਵਾਸੀ ਜਸਵਿੰਦਰ ਸਿੰਘ ਉਰਫ ਰੌਕੀ ਅਤੇ ਸੁੱਖਾ ਕਾਹਲਵਾਂ ਗੈਂਗਵਾਰ ਦਾ ਸ਼ਿਕਾਰ ਹੋ ਗਏ ਸਨ। ਰੌਕੀ ਨੂੰ ਜੈਪਾਲ ਨੇ ਪਰਵਾਣੂ ਨਜ਼ਦੀਕ ਗੋਲੀਆਂ ਨਾਲ ਭੁੰਨ ਦਿੱਤਾ ਸੀ, ਜਦੋਂਕਿ ਕਾਹਲਵਾਂ ਨੂੰ ਉਸ ਸਮੇਂ ਗੌਂਡਰ ਅਤੇ ਸਾਥੀਆਂ ਨੇ ਗੋਲੀਆਂ ਨਾਲ ਭੁੰਨ ਦਿੱਤਾ ਸੀ, ਜਦੋਂ ਪੁਲਸ ਉਸਨੂੰ ਅਦਾਲਤ ਵਿਚ ਪੇਸ਼ ਕਰਨ ਲਈ ਲੈ ਕੇ ਜਾ ਰਹੀ ਸੀ।

ਜੇਲਾਂ ’ਚ ਬੰਦ ਪ੍ਰਮੁੱਖ ਗੈਂਗਸਟਰ
ਜੱਗੂ ਭਗਵਾਨਪੁਰੀਆ, ਲਾਰੈਂਸ ਬਿਸ਼ਨੋਈ, ਮਨਪ੍ਰੀਤ ਸਿੰਘ ਮੰਨਾ, ਗੁਰਪ੍ਰੀਤ ਸਿੰਘ ਸੇਖੋਂ, ਦਿਲਪ੍ਰੀਤ ਸਿੰਘ ਢਾਹਾਂ, ਤੀਰਥ ਸਿੰਘ ਢਿੱਲਵਾਂ, ਕੁਲਪ੍ਰੀਤ ਸਿੰਘ ਨੀਟਾ ਦਿਓਲ, ਰਵੀ ਦਿਓਲ, ਗੁਰਬਖਸ਼ ਸੇਵੇਵਾਲਾ, ਸਾਰਜ ਮਿੰਟੂ ਸਰੀਖੇ ਸਮੇਤ ਕਈ ਗੈਂਗਸਟਰ ਪੁਲਸ ਵਲੋਂ ਗ੍ਰਿਫਤਾਰ ਕੀਤੇ ਗਏ ਅਤੇ ਜੇਲ ਦੀਆਂ ਸਲਾਖਾਂ ਪਿੱਛੇ ਭੇਜੇ ਗਏ।

ਇਹ ਵੀ ਪੜ੍ਹੋ : ਬਿਕਰਮ ਸਿੰਘ ਮਜੀਠੀਆ ਨੂੰ ਫਿਰੋਜ਼ਪੁਰ ਦੀ ਅਦਾਲਤ ਨੇ ਦਿੱਤੀ ਜ਼ਮਾਨਤ

5 ਸਾਲਾਂ ’ਚ ਓਕੂ ਨੇ ਕਈ ਗੈਂਗਸਟਰਾਂ ਨੂੰ ਮਾਰਿਆ
* ਜੂਨ 2017 ਨੂੰ ਜਸਪ੍ਰੀਤ ਸਿੰਘ ਜੰਪੀ ਡਾਨ ਅਤੇ ਕਮਲਜੀਤ ਸਿੰਘ ਉਰਫ ਬੰਟੀ ਢਿੱਲੋਂ ਡਬਵਾਲੀ ਦੇ ਨਜ਼ਦੀਕ ਪੁਲਸ ਵਲੋਂ ਘੇਰੇ ਜਾਣ ’ਤੇ ਖੁਦਕੁਸ਼ੀ ਕਰ ਗਏ ਸਨ।
* 26 ਜਨਵਰੀ 2018 ਓਕੂ ਟੀਮ ਨੂੰ ਸੂਚਨਾ ਮਿਲੀ ਸੀ ਕਿ ਇਨ੍ਹਾਂ ਲੋਕਾਂ ਨੇ ਸ੍ਰੀਗੰਗਾਨਗਰ ਦੇ ਹਿੰਦੂਮਲ ਕੋਟ ਇਲਾਕੇ ਦੇ ਇਕ ਘਰ ਵਿਚ ਸ਼ਰਨ ਲਈ ਹੋਈ ਹੈ। ਓਕੂ ਦੀਆਂ ਪੰਜ ਟੀਮਾਂ ਵਲੋਂ ਉਨ੍ਹਾਂ ਨੂੰ ਘੇਰਾ ਪਾਇਆ ਗਿਆ ਅਤੇ ਫਿਰ ਐਨਕਾਊਂਟਰ ਵਿਚ ਦੋਵੇਂ ਗੈਂਗਸਟਰ ਮਾਰ ਸੁੱਟੇ।
* 7 ਫਰਵਰੀ 2019 ਨੂੰ ਲਾਰੈਂਸ ਬਿਸ਼ਨੋਈ ਦਾ ਕਰੀਬੀ ਗੈਂਗਸਟਰ ਅੰਕਿਤ ਭਾਦੂ ਵੀ ਓਕੂ ਟੀਮ ਦੇ ਜਾਲ ਵਿਚ ਫਸਿਆ ਅਤੇ ਉਹ ਵੀ ਐਨਕਾਊਂਟਰ ਵਿਚ ਮਾਰਿਆ ਗਿਆ।
* ਜੂਨ 2021 ਨੂੰ ਜੈਪਾਲ ਭੁੱਲਰ ਨੂੰ ਓਕੂ ਟੀਮ ਦੀ ਇਨਪੁਟਸ ਦੇ ਆਧਾਰ ’ਤੇ ਪੱਛਮੀ ਬੰਗਾਲ ਦੀ ਸਪੈਸ਼ਲ ਟੀਮ ਵਲੋਂ ਉਸ ਦੇ ਟਿਕਾਣੇ ’ਤੇ ਹੀ ਐਨਕਾਊਂਟਰ ਵਿਚ ਮਾਰਿਆ ਗਿਆ ਸੀ।

ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਕਤਲ ਸਣੇ ਪੰਜਾਬ ਦੇ ਵਿਗੜ ਰਹੇ ਮਾਹੌਲ ’ਤੇ ਕੀ ਬੋਲੇ ਸੁਖਬੀਰ ਬਾਦਲ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News