ਪਰਸ਼ੂਰਾਮ ਜਯੰਤੀ ਦੀ ਰੱਦ ਕੀਤੀ ਛੁੱਟੀ ਬਹਾਲ ਕਰਵਾਉਣ ਲਈ, ਬ੍ਰਾਹਮਣ ਸਮਾਜ ਨੇ ਰਾਜਪਾਲ ਨੂੰ ਦਿੱਤਾ ਮੰਗ-ਪੱਤਰ
Thursday, Mar 29, 2018 - 01:49 PM (IST)

ਪਟਿਆਲਾ (ਜ. ਬ.)-ਬ੍ਰਾਹਮਣ ਸਮਾਜ ਦੇ ਆਗੂਆਂ ਦਾ ਇਕ ਵਫਦ ਸਭਾ ਦੇ ਜਨਰਲ ਸਕੱਤਰ ਬਿਹਾਰੀ ਲਾਲ ਸੱਦੀ ਅਤੇ ਦੁਰਗੇਸ਼ ਸ਼ਰਮਾ ਦੀ ਅਗਵਾਈ ਹੇਠ ਪੰਜਾਬ ਦੇ ਰਾਜਪਾਲ ਵੀ. ਪੀ. ਸਿੰਘ ਬਦਨੌਰ ਨੂੰ ਮਿਲਿਆ। ਇਸ ਦੌਰਾਨ ਸਮਾਜ ਦੇ ਆਗੂਆਂ ਨੇ ਗਵਰਨਰ ਨੂੰ ਬ੍ਰਾਹਮਣਾਂ ਦੀਆਂ ਮੰਗਾਂ ਸਬੰਧੀ ਮੰਗ-ਪੱਤਰ ਦਿੱਤਾ।
ਬ੍ਰਾਹਮਣ ਸਮਾਜ ਨੇ ਕਿਹਾ ਕਿ ਭਗਵਾਨ ਪਰਸ਼ੂਰਾਮ ਜਯੰਤੀ ਜੋ ਹਰ ਸਾਲ 18 ਅਪ੍ਰੈਲ ਨੂੰ ਆਉਂਦੀ ਹੈ, ਉਸ ਨੂੰ ਪੱਕੀ ਛੁੱਟੀ ਵਿਚ ਸ਼ਾਮਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਨੇ ਭਗਵਾਨ ਪਰਸ਼ੂਰਾਮ ਜਯੰਤੀ ਦੀ ਛੁੱਟੀ ਕੀਤੀ ਸੀ ਪਰ ਨਵੀਂ ਬਣੀ ਕਾਂਗਰਸ ਸਰਕਾਰ ਨੇ ਇਹ ਛੁੱਟੀ ਰੱਦ ਕਰ ਦਿੱਤੀ ਹੈ, ਜਿਸ ਕਾਰਨ ਪੰਜਾਬ ਵਿਚ ਵਸਦੇ 50 ਲੱਖ ਦੇ ਲਗਭਗ ਬ੍ਰਾਹਮਣ ਪਰਿਵਾਰਾਂ ਵਿਚ ਗੁੱਸੇ ਦੀ ਲਹਿਰ ਹੈ। ਬ੍ਰਾਹਮਣ ਆਗੂਆਂ ਨੇ ਕਿਹਾ ਕਿ ਪਰਸ਼ੂਰਾਮ ਜਯੰਤੀ ਦੀ ਛੁੱਟੀ ਤੋਂ ਇਲਾਵਾ ਸਰਕਾਰ ਪੰਜਾਬ ਵਿਚ ਸੰਸਕ੍ਰਿਤ ਭਾਸ਼ਾ ਦੇ ਪ੍ਰਸਾਰ ਲਈ ਕੰਮ ਕਰੇ। ਇਸ ਦੇ ਨਾਲ ਹੀ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਕੂਲਾਂ ਵਿਚ ਸੰਸਕ੍ਰਿਤ ਭਾਸ਼ਾ ਨੂੰ ਸ਼ਾਮਲ ਕੀਤਾ ਜਾਵੇ ਕਿਉਂਕਿ ਰਾਜਸਥਾਨ ਸਰਕਾਰ ਪਹਿਲਾਂ ਹੀ ਇਹ ਐਲਾਨ ਕਰ ਚੁੱਕੀ ਹੈ। ਇਸ ਦੇ ਨਾਲ ਹੀ ਭਗਵਾਨ ਪਰਸ਼ੂਰਾਮ ਜੀ ਦੀ ਤਪਸਥਲੀ ਖਾਟੀ ਧਾਮ (ਫਗਵਾੜਾ) ਨੂੰ ਤੀਰਥ ਦੇ ਰੂਪ ਵਿਚ ਡਿਵੈਲਪ ਕਰੇ। ਆਗੂਆਂ ਨੇ ਕਿਹਾ ਕਿ ਪੰਜਾਬ ਦੇ ਬ੍ਰਾਹਮਣ ਸਮਾਜ ਦੀ ਆਰਥਕ ਹਾਲਤ ਕਾਫੀ ਤਰਸਯੋਗ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਸਰਕਾਰ ਗਰੀਬ ਬ੍ਰਾਹਮਣ ਪਰਿਵਾਰਾਂ ਦੀ ਆਰਥਕ ਮਦਦ ਕਰੇ। ਉਨ੍ਹਾਂ ਨੂੰ ਵੀ ਐੱਸ. ਸੀ. ਬੀ. ਸੀ. ਬੱਚਿਆਂ ਵਾਂਗ ਸਹੂਲਤਾਂ ਮਿਲਣ। ਇਸ ਮੌਕੇ ਵਿਕਰਮ, ਸੋਮ, ਰਾਜਨ, ਗਿਆਨ ਚੰਦ ਤੇ ਸ਼ਸ਼ੀ ਕੁਮਾਰ ਤੋਂ ਇਲਾਵਾ ਹੋਰ ਕਈ ਬ੍ਰਾਹਮਣ ਆਗੂ ਹਾਜ਼ਰ ਸਨ। ਰਾਜਪਾਲ ਨੇ ਵਿਸ਼ਵਾਸ ਦਿਵਾਇਆ ਕਿ ਉਹ ਇਹ ਮੰਗਾਂ ਸਰਕਾਰ ਕੋਲ ਭੇਜਣਗੇ।