ਲੰਬੇ ਸੰਘਰਸ਼ ਤੇ ਕੁਰਬਾਨੀਆਂ ਮਗਰੋਂ ਮਿਲੀ ਆਜ਼ਾਦੀ ਦੀ ਰੱਖਿਆ ਕਰਨੀ ਹਰ ਨਾਗਰਿਕ ਦਾ ਪਰਮ ਕਰਤੱਵ : ਬ੍ਰਹਮ ਸ਼ੰਕਰ

Monday, Aug 15, 2022 - 03:04 PM (IST)

ਲੰਬੇ ਸੰਘਰਸ਼ ਤੇ ਕੁਰਬਾਨੀਆਂ ਮਗਰੋਂ ਮਿਲੀ ਆਜ਼ਾਦੀ ਦੀ ਰੱਖਿਆ ਕਰਨੀ ਹਰ ਨਾਗਰਿਕ ਦਾ ਪਰਮ ਕਰਤੱਵ : ਬ੍ਰਹਮ ਸ਼ੰਕਰ

ਮੋਹਾਲੀ (ਪਰਦੀਪ) : ਸਾਡੇ ਪੁਰਖਿਆ, ਦੇਸ਼ ਭਗਤਾ ਵੱਲੋਂ ਲੰਬੇ ਸੰਘਰਸ਼ ਅਤੇ ਲੱਖਾਂ ਕੁਰਬਾਨੀਆਂ ਦੇਣ ਮਗਰੋਂ ਅੱਜ ਅਸੀਂ ਸਮੂਹ ਦੇਸ਼ ਵਾਸੀ ਆਜ਼ਾਦ ਫਿਜ਼ਾ 'ਚ ਸਾਹ ਲੈ ਰਹੇ ਹਾਂ। ਆਜ਼ਾਦੀ ਦੀ ਇਸ 75ਵੀਂ ਵਰ੍ਹੇਗੰਢ ਮੌਕੇ ਸਾਡੇ ਸਾਰਿਆਂ ਦਾ ਇਹ ਪਰਮ ਕਰਤੱਵ ਬਣ ਜਾਂਦਾ ਹੈ ਕਿ ਅਸੀਂ ਅਨੇਕਾਂ ਸੰਘਰਸ਼ਾ, ਜਿਸ 'ਚ 80 ਫ਼ੀਸਦੀ ਤੋਂ ਵੱਧ ਪੰਜਾਬੀਆਂ ਨੇ ਸ਼ਹਾਦਤਾ ਪਾਈਆਂ, ਦੇ ਕਾਰਨ ਮਿਲੀ ਆਜ਼ਾਦੀ ਦੀ ਰੱਖਿਆ ਕਰੀਏ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਮਾਲ ਤੇ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਬ੍ਰਹਮ ਸ਼ੰਕਰ ਨੇ ਆਜ਼ਾਦੀ ਦਿਹਾੜੇ ਮੌਕੇ ਕਰਵਾਏ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਕੌਮੀ ਝੰਡਾ ਲਹਿਰਾਉਣ ਉਪਰੰਤ ਪੰਜਾਬੀਆਂ ਦੇ ਨਾਮ ਦਿੱਤੇ ਸੰਦੇਸ਼ 'ਚ ਕੀਤਾ।

ਇਹ ਵੀ ਪੜ੍ਹੋ : CM ਭਗਵੰਤ ਮਾਨ ਨੇ ਆਜ਼ਾਦੀ ਦਿਹਾੜੇ ਲੁਧਿਆਣਾ 'ਚ ਲਹਿਰਾਇਆ ਤਿਰੰਗਾ, ਪੰਜਾਬੀਆਂ ਨਾਲ ਕੀਤੇ ਇਹ ਵਾਅਦੇ

ਇਸ ਮੌਕੇ ਕੈਬਨਿਟ ਮੰਤਰੀ ਨੇ ਪਰੇਡ ਦਾ ਨਿਰੀਖਣ ਕੀਤਾ ਅਤੇ ਮਾਰਚ ਪਾਸਟ ਤੋਂ ਸਲਾਮੀ ਲਈ। ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਸ਼ਾਨਦਾਰ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸ਼ਹੀਦਾਂ ਦੇ ਸੁਫ਼ਨਿਆਂ ਨੂੰ ਸਾਕਾਰ ਕਰਨ ਅਤੇ ਉਨ੍ਹਾਂ ਵੱਲੋਂ ਤਸੁਵੱਰ ਕੀਤੇ ਸਮਾਜ ਦੀ ਸਿਰਜਣਾ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪੂਰੀ ਇਮਾਨਦਾਰੀ ਨਾਲ ਯਤਨ ਕਰ ਰਹੀ ਹੈ ਅਤੇ ਆਉਣ ਵਾਲੇ ਦਿਨਾਂ 'ਚ ਪੰਜਾਬ ਨੂੰ ਦੇਸ਼ ਦਾ ਮੋਹਰੀ ਸੂਬਾ ਬਣਾਇਆ ਜਾਵੇਗਾ। ਸਮਾਗਮ 'ਚ ਮੁੱਖ ਮਹਿਮਾਨ ਬ੍ਰਹਮ ਸ਼ੰਕਰ ਜੀ ਦੇ ਧਰਮ ਪਤਨੀ ਵਿਭਾ ਵੀ ਸਮਾਗਮ 'ਚ ਪਹੁੰਚੇ। ਉਨ੍ਹਾਂ ਦੱਸਿਆ ਕਿ ਦੇਸ਼ ਦੀ ਆਜ਼ਾਦੀ ਲਈ ਪੰਜਾਬੀਆਂ ਵੱਲੋਂ ਪਾਇਆ ਗਿਆ ਯੋਗਦਾਨ ਸਭ ਤੋਂ ਵੱਧ ਹੈ ਕਿਉਂਕਿ ਅਜ਼ਾਦੀ ਦੇ ਸੰਘਰਸ਼ 'ਚ 80 ਫ਼ੀਸਦੀ ਤੋਂ ਵੱਧ ਕੁਰਬਾਨੀਆਂ ਪੰਜਾਬੀਆਂ ਵੱਲੋਂ ਦਿੱਤੀਆਂ ਗਈਆਂ ਹਨ।

ਇਹ ਵੀ ਪੜ੍ਹੋ : ਪੰਜਾਬ 'ਚ ਆਜ਼ਾਦੀ ਦਿਹਾੜੇ 'ਤੇ ਮੁਹੱਲਾ ਕਲੀਨਿਕਾਂ ਦੀ ਸ਼ੁਰੂਆਤ, CM ਮਾਨ ਨੇ ਖ਼ੁਦ ਚੈੱਕ ਕਰਵਾਇਆ BP

ਉਨ੍ਹਾਂ ਦੱਸਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਦਿਨ-ਰਾਤ ਅਣਥੱਕ ਮਿਹਨਤ ਕਰਦੇ ਹੋਏ ਸਰਕਾਰ ਵੱਲੋਂ ਹੁਣ ਤੱਕ 9 ਹਜ਼ਾਰ ਹੈਕਟੇਅਰ ਜ਼ਮੀਨ ਨੂੰ ਨਾਜ਼ਾਇਜ਼ ਕਬਜ਼ਿਆਂ ਤੋਂ ਮੁਕਤ ਕਰਵਾ ਕੇ ਕਬਜ਼ੇ 'ਚ ਲਿਆ ਗਿਆ। ਇਸ ਦੇ ਨਾਲ ਹੀ ਸਰਕਾਰ ਵੱਲੋਂ ਇੱਕ ਵਿਧਾਇਕ ਇੱਕ ਪੈਨਸ਼ਨ ਸਕੀਮ ਲਾਗੂ ਕਰਨ ਦਾ ਇਤਿਹਾਸਕ ਫ਼ੈਸਲਾ ਵੀ ਲਿਆ ਗਿਆ, ਜਿਸ ਨਾਲ 5 ਸਾਲਾਂ 'ਚ ਅਨੁਮਾਨਿਤ 100 ਕਰੋੜ ਰੁਪਏ ਦੀ ਰਾਸ਼ੀ ਦੀ ਬੱਚਤ ਹੋਵੇਗੀ। ਉਨ੍ਹਾਂ ਦੱਸਿਆ ਕਿ ਨੈਸ਼ਨਲ ਫੂਡ ਸਕਿਓਰਟੀ ਐਕਟ ਤਹਿਤ ਸਰਕਾਰ ਵੱਲੋਂ 58 ਲੱਖ ਲਾਭਪਾਤਰੀਆਂ ਨੂੰ ਆਟੇ ਦੀ ਹੋਮ ਡਿਲਿਵਰੀ ਵੀ ਕੀਤੀ ਜਾ ਰਹੀ ਹੈ। ਭ੍ਰਿਸ਼ਟਾਚਾਰ ਵਿਰੋਧੀ ਲੜਾਈ 'ਚ ਸਰਕਾਰ ਨੇ ਜ਼ੀਰੋ ਟਾਲਰੈਂਸ ਦੀ ਨੀਤੀ ਅਧੀਨ ਵੱਡੀ ਲੜਾਈ ਲੜੀ ਹੈ, ਜਿਸ ਦੌਰਾਨ ਸਰਕਾਰੀ ਦਫ਼ਤਰਾਂ ਵਿਚੋਂ ਭ੍ਰਿਸ਼ਟਾਚਾਰ ਖ਼ਤਮ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਵੱਲੋਂ ਸਮਾਜ ਦੇ ਕਮਜ਼ੋਰ ਵਰਗ ਦੇ ਲੋਕਾਂ ਨੂੰ ਆਪਣੀ ਛੱਤ ਮੁਹੱਈਆ ਕਰਵਾਉਣ ਲਈ ਸਰਕਾਰ ਵੱਲੋਂ ਛੇਤੀ ਹੀ 25,000 ਨਵੇਂ ਮਕਾਨ ਬਣਾ ਕੇ ਸਸਤੀਆਂ ਦਰਾਂ ’ਤੇ ਮੁਹੱਈਆ ਕਰਵਾਏ ਜਾਣਗੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News