ਬੱਚੇ ਦੇ ਕਤਲ ਕੇਸ ਦਾ ਚਲਾਨ ਪੇਸ਼ ਕਰਨ ਲਈ ਹੈੱਡ ਕਾਂਸਟੇਬਲ ਨੇ ਮੰਗੇ ਪੈਸੇ

Sunday, Jul 22, 2018 - 03:45 PM (IST)

ਬੱਚੇ ਦੇ ਕਤਲ ਕੇਸ ਦਾ ਚਲਾਨ ਪੇਸ਼ ਕਰਨ ਲਈ ਹੈੱਡ ਕਾਂਸਟੇਬਲ ਨੇ ਮੰਗੇ ਪੈਸੇ

ਜਲੰਧਰ (ਵਰੁਣ)— ਅੰਬ ਤੋੜਨ ਨੂੰ ਲੈ ਕੇ ਹੋਏ ਝਗੜੇ 'ਚ 7 ਸਾਲ ਦੇ ਬੱਚੇ ਮਨੋਜ ਦੇ ਕਤਲ ਕੇਸ 'ਚ ਮਕਸੂਦਾਂ ਥਾਣੇ ਦੇ ਹੈੱਡ ਕਾਂਸਟੇਬਲ ਮਨਜੀਤ ਸਿੰਘ ਦੀ ਪੈਸੇ ਮੰਗਣ ਦੀ ਆਡੀਓ ਵਾਇਰਲ ਹੋਈ ਹੈ। ਮਨਜੀਤ ਸਿੰਘ ਨੇ ਬੱਚੇ ਦੇ ਪਿਤਾ ਕਮਲੇਸ਼ ਦੇ ਨੰਬਰ 'ਤੇ ਫੋਨ ਕਰਕੇ ਕੋਰਟ 'ਚ ਚਲਾਨ ਪੇਸ਼ ਕਰਨ ਲਈ ਪੈਸੇ ਮੰਗੇ।
ਮਈ 2018 'ਚ ਮਕਸੂਦਾਂ ਸਥਿਤ ਗ੍ਰੀਨ ਫੀਲਡ 'ਚ ਰਹਿਣ ਵਾਲੇ ਕਮਲੇਸ਼ ਦਾ ਮੁਹੰਮਦ ਅਲੀ ਨਾਂ ਦੇ ਵਿਅਕਤੀ ਨਾਲ ਝਗੜਾ ਹੋਇਆ ਸੀ। ਬਹਿਸ ਦੌਰਾਨ ਮੁਹੰਮਦ ਅਲੀ ਨੇ ਕਮਲੇਸ਼ ਦੇ ਉਥੋਂ ਰੁੱਖ ਤੋਂ ਅੰਬ ਤੋੜ ਲਿਆ। ਕਮਲੇਸ਼ ਨੇ ਉਸ ਦਾ ਵਿਰੋਧ ਕੀਤਾ ਤਾਂ ਗੁੱਸੇ 'ਚ ਆ ਕੇ ਅਲੀ ਨੇ ਮਨੋਜ ਦਾ ਸਿਰ ਫੜ ਕੇ ਕੰਧ 'ਚ ਮਾਰਨਾ ਸ਼ੁਰੂ ਕਰ ਦਿੱਤਾ ਅਤੇ ਖੂਨ ਨਾਲ ਲਥਪਥ ਕਰਕੇ ਉਸ ਨੂੰ ਉਥੇ ਸੁੱਟ ਕੇ ਭੱਜ ਗਿਆ। ਤੀਜੀ ਕਲਾਸ 'ਚ ਪੜ੍ਹਨ ਵਾਲੇ ਮਨੋਜ ਦੀ ਇਲਾਜ ਦੌਰਾਨ ਮੌਤ ਹੋ ਗਈ ਸੀ।
ਥਾਣਾ ਮਕਸੂਦਾਂ ਦੀ ਪੁਲਸ ਨੇ ਮੁਹੰਮਦ ਅਲੀ ਖਿਲਾਫ ਕੇਸ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰਕੇ ਜੇਲ ਭੇਜ ਦਿੱਤਾ ਸੀ। ਗ੍ਰਿਫਤਾਰੀ ਤੋਂ ਬਾਅਦ ਜਦੋਂ ਚਲਾਨ ਪੇਸ਼ ਕਰਨ ਦੀ ਗੱਲ ਸਾਹਮਣੇ ਆਈ ਤਾਂ ਹੈੱਡ ਕਾਂਸਟੇਬਲ ਮਨਜੀਤ ਸਿੰਘ ਨੇ ਕਮਲੇਸ਼ ਦੇ ਨੰਬਰ 'ਤੇ ਫੋਨ ਕਰਕੇ ਚਲਾਨ ਪੇਸ਼ ਕਰਨ ਲਈ ਪੈਸੇ ਮੰਗੇ। ਪਹਿਲਾਂ ਤਾਂ ਉਹ ਫੋਨ 'ਤੇ ਗੱਲ ਕਰ ਰਹੇ ਵਿਅਕਤੀ ਨੂੰ ਮਨੋਜ ਦਾ ਪਿਤਾ ਮੰਨਦਾ ਰਿਹਾ ਪਰ ਬਾਅਦ 'ਚ ਪਤਾ ਲੱਗਾ ਕਿ ਉਹ ਬੱਚੇ ਦਾ ਰਿਸ਼ਤੇਦਾਰ ਹੈ। ਬੇਵੱਸ ਰਿਸ਼ਤੇਦਾਰ ਨੇ ਇਹ ਗੱਲ ਕਹੀ ਕਿ ਮੁਲਜ਼ਮ ਦੀ ਜ਼ਮਾਨਤ ਨਹੀਂ ਹੋਣੀ ਚਾਹੀਦੀ ਹੈ, ਪੈਸੇ ਦਾ ਉਹ ਬੰਦੋਬਸਤ ਕਰ ਲੈਣਗੇ। ਮਨਜੀਤ ਸਿੰਘ ਨਾਲ ਗੱਲ ਕਰਨ 'ਤੇ ਉਨ੍ਹਾਂ ਨੇ ਕਿਹਾ ਕਿ ਪੈਸੇ ਲੱਗਦੇ ਹਨ ਪਰ ਹੋਰ ਅਧਿਕਾਰੀਆਂ ਨਾਲ ਗੱਲ ਕਰਨ 'ਤੇ ਪਤਾ ਲੱਗਾ ਕਿ ਚਲਾਨ ਪੇਸ਼ ਕਰਨ ਲਈ ਕੋਈ ਪੈਸਾ ਨਹੀਂ ਲੱਗਦਾ।
ਫੋਨ 'ਤੇ ਹੋਈ ਗੱਲਬਾਤ
ਮਨਜੀਤ ਸਿੰਘ : ਕਮਲੇਸ਼ ਕਿੱਦਾਂ? ਕਮਲੇਸ਼ ਬੋਲਦਾਂ? ਮਕਸੂਦਾਂ ਥਾਣੇ ਤੋਂ ਬੋਲ ਰਹੇ ਹਾਂ।
ਜੀਤ : ਨਹੀਂ ਜੀ ਮੈਂ ਜੀਤ ਬੋਲ ਰਿਹਾ।
ਮਨਜੀਤ ਸਿੰਘ : ਜੀਤ ਯਾਰ ਚਲਾਨ ਪੇਸ਼ ਕਰਨਾ, ਪੈਸੇ ਲੱਗਦੇ ਆ ਥੋੜ੍ਹੇ ਬਹੁਤ।
ਜੀਤ : ਪੈਸੇ..ਕਿੰਨੇ ਲੱਗ ਜਾਣੇ?
ਮਨਜੀਤ ਸਿੰਘ : ਓਦਾਂ ਤਾਂ 5 ਹਜ਼ਾਰ ਲੱਗਦਾ, ਨਕਸ਼ਾ ਵੀ ਬਣਾਉਣਾ। ਪੈਸੇ ਬਹੁਤ ਲੱਗਦੇ ਆ ਕਤਲ ਦਾ ਕੇਸ ਹੈ ਨਾ। ਥੋੜ੍ਹੇ-ਬਹੁਤ ਦੇ ਦੇ।
ਜੀਤ : ਓਹ (ਮੁਲਜ਼ਮ ਮੁਹੰਮਦ ਅਲੀ) ਜੇਲ 'ਚ ਹੀ ਹੈ ਨਾ।
ਮਨਜੀਤ ਸਿੰਘ : ਹਾਂ ਓਹ ਜੇਲ 'ਚ ਹੀ ਹੈ। ਚਲਾਨ ਪੇਸ਼ ਨਹੀਂ ਹੋਇਆ ਤਾਂ ਜ਼ਮਾਨਤ ਮਿਲ ਜਾਣੀ ਉਹਨੂੰ।
ਮਨਜੀਤ ਸਿੰਘ : ਚਲਾਨ ਪਾਸ ਕਰਵਾਉਣ ਲਈ ਸਰਕਾਰੀ ਵਕੀਲਾਂ ਨੂੰ ਪੈਸੇ ਦੇਣੇ ਪੈਂਦੇ, ਨਈ ਤਾਂ ਘੁੰਮਾਉਂਦੇ ਰਹਿਣਗੇ। ਕਦੋਂ ਆਣਾ ਤੂੰ?
ਜੀਤ : ਕਰਦਾਂ ਫੋਨ। ਕੀ ਨਾਂ ਤੁਹਾਡਾ?
ਮਨਜੀਤ ਸਿੰਘ : ਮੇਰਾ ਮਨਜੀਤ ਸਿੰਘ।
ਜੀਤ : ਓ ਕੇ।
ਥੋੜ੍ਹੇ ਜਿਹੇ ਤਾਂ ਪੈਸੇ ਲੱਗਦੇ ਹੀ ਹਨ : ਮਨਜੀਤ ਸਿੰਘ
ਇਸ ਬਾਰੇ ਜਦੋਂ ਹੈੱਡ ਕਾਂਸਟੇਬਲ ਮਨਜੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਕੁਝ ਖਰਚਾ ਜ਼ਰੂਰ ਆਉਂਦਾ ਹੈ। ਉਹੋ ਮੰਗਿਆ ਸੀ। ਇਸ ਪਰਿਵਾਰ ਦੀ ਕਾਫੀ ਮਦਦ ਕੀਤੀ ਹੈ। ਮੈਂ ਕਿਹਾ ਸੀ ਕਿ ਜਿੰਨੇ ਵੀ ਪੈਸੇ ਹੁੰਦੇ ਹਨ ਦੇ ਦਿਓ। ਉਨ੍ਹਾਂ ਨੂੰ ਜਦੋਂ ਚਲਾਨ ਪੇਸ਼ ਕਰਨ ਲਈ ਕੋਈ ਵੀ ਪੈਸਾ ਨਾ ਲੱਗਣ ਦੀ ਗੱਲ ਕਹੀ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਭਾਅ ਜੀ ਟਾਈਮ ਮਾੜਾ ਚੱਲ ਰਿਹਾ, ਕੀ ਕਰ ਸਕਦੇ ਹਾਂ।


Related News