ਬੋਰਵੈੱਲ 'ਤੇ ਟਿਕੀਆਂ ਸਭ ਦੀਆਂ ਨਜ਼ਰਾਂ, ਫਤਿਹ ਦੇ ਜਨਮ ਦਿਨ 'ਤੇ ਇਕ ਦੀਦ ਨੂੰ ਤਰਸੀ ਮਾਂ

Monday, Jun 10, 2019 - 06:50 PM (IST)

ਬੋਰਵੈੱਲ 'ਤੇ ਟਿਕੀਆਂ ਸਭ ਦੀਆਂ ਨਜ਼ਰਾਂ, ਫਤਿਹ ਦੇ ਜਨਮ ਦਿਨ 'ਤੇ ਇਕ ਦੀਦ ਨੂੰ ਤਰਸੀ ਮਾਂ

ਸੰਗਰੂਰ/ਜਲੰਧਰ (ਵੈੱਬ ਡੈਸਕ/ਮੰਗਲਾ) : ਦੋ ਸਾਲਾ ਫਤਿਹਵੀਰ ਸਿੰਘ ਨੂੰ 120 ਫੁੱਟ ਡੂੰਘੇ ਬੋਰਵੈੱਲ 'ਚ ਫਸਿਆਂ ਅੱਜ ਪੰਜਵਾਂ ਦਿਨ ਹੈ ਅਤੇ ਅੱਜ ਦੇ ਦਿਨ ਹੀ ਫਤਿਹ ਦਾ ਜਨਮ ਹੋਇਆ ਸੀ। ਪਿਛਲੇ ਪੰਜ ਦਿਨਾਂ ਤੋਂ ਬੋਰਵੈੱਲ 'ਚ ਡਿੱਗੇ ਫਤਿਹ ਦੀ ਇਕ ਦੀਦ ਲਈ ਮਾਂ ਦੀਆਂ ਅੱਖਾਂ ਤਰਸ ਰਹੀਆਂ ਹਨ। ਸੋਮਵਾਰ ਸਵੇਰੇ ਫਤਿਹ ਦੇ ਜਨਮ ਦਿਨ 'ਤੇ ਫਤਿਹ ਦੀ ਮਾਂ ਨੇ ਪਿੰਡ ਦੇ ਹੀ ਇਕ ਹੋਰ ਬੋਰਵੈੱਲ 'ਤੇ ਮੱਥਾ ਟੇਕਿਆ ਅਤੇ ਆਪਣੇ ਇਕਲੌਤੇ ਪੁੱਤ ਦੀ ਸਿਹਤਯਾਬੀ ਲਈ ਅਰਦਾਸ ਕੀਤੀ। ਆਸ ਸੀ ਕਿ ਫਤਿਹ ਨੂੰ ਜਲਦ ਹੀ ਬੋਰਵੈੱਲ 'ਚੋਂ ਕੱਢ ਲਿਆ ਜਾਵੇਗਾ ਪਰ ਪੰਜ ਦਿਨ ਲੰਘਣ ਦੇ ਬਾਵਜੂਦ ਵੀ ਅਜੇ ਤਕ ਫਤਿਹ ਦੀ ਲੋਕੇਸ਼ਨ ਪਤਾ ਨਹੀਂ ਲੱਗ ਸਕੀ ਹੈ। 

PunjabKesari
90 ਘੰਟਿਆਂ ਤੋਂ ਵੱਧ ਸਮੇਂ ਤੋਂ ਬੋਰਵੈੱਲ 'ਚ ਡਿੱਗਾ ਹੋਇਆ ਫਤਿਹ ਭੁੱਖਾ-ਪਿਆਸਾ ਮੌਤ ਨਾਲ ਲੜਾਈ ਲੜ ਰਿਹਾ ਹੈ। ਫਤਿਹ 6 ਜੂਨ ਨੂੰ ਘਰ ਦੇ ਬਾਹਰ ਖੇਡਦਾ-ਖੇਡਦਾ 120 ਫੁੱਟ ਡੂੰਘੇ ਬੋਰਵੈੱਲ 'ਚ ਡਿੱਗ ਗਿਆ ਸੀ। ਪ੍ਰਸ਼ਾਸਨ ਤੇ ਐੱਨ.ਡੀ.ਆਰ.ਐੱਫ. ਤੋਂ ਇਲਾਵਾ ਹੋਰ ਸਮਾਜ ਸੇਵੀ ਸੰਸਥਾਵਾਂ ਵਲੋਂ ਰੈਸਕਿਊ ਆਪਰੇਸ਼ਨ ਆਰੰਭਿਆ ਹੋਇਆ ਸੀ, ਜਿਸ 'ਚ ਡੇਰਾ ਪ੍ਰੇਮੀਆਂ ਵਲੋਂ ਵੀ ਪੂਰਾ ਸਹਿਯੋਗ ਜਾ ਰਿਹਾ ਹੈ। ਕੈਮਰੇ ਰਾਹੀਂ ਫਤਿਹਵੀਰ 'ਤੇ ਨਜ਼ਰ ਰੱਖੀ ਜਾ ਰਹੀ ਸੀ। 

PunjabKesari
ਉੱਧਰ ਪ੍ਰਸ਼ਾਸਨ ਵਲੋਂ ਘਟਨਾ ਸਥਾਨ 'ਤੇ ਪੂਰੇ ਇੰਤਜ਼ਾਮ ਕੀਤੇ ਗਏ ਹਨ। ਫਤਿਹਵੀਰ ਸਿੰਘ ਦੀ ਉਡੀਕ ਵਿਚ ਪਿਛਲੇ ਕਈ ਘੰਟਿਆਂ ਤੋਂ ਡਾਕਟਰਾਂ ਦੀਆਂ ਟੀਮਾਂ ਤਿਆਰ-ਬਰ-ਤਿਆਰ ਖੜੀਆਂ ਹਨ। ਇਸ ਤੋਂ ਇਲਾਵਾ ਸੰਗਰੂਰ, ਲੁਧਿਆਣਾ ਅਤੇ ਚੰਡੀਗੜ੍ਹ ਦੇ ਹਸਪਤਾਲ ਨੂੰ ਪੂਰੀ ਤਰ੍ਹਾਂ ਤਿਆਰ ਰਹਿਣ ਦੀਆਂ ਹਿਦਾਇਤਾਂ ਜਾਰੀ ਕੀਤੀਆਂ ਗਈਆਂ ਹਨ।

PunjabKesari

ਜਿਵੇਂ ਹੀ ਫਤਿਹ ਬੋਰਵੈੱਲ 'ਚੋਂ ਬਾਹਰ ਆਵੇਗਾ ਤਾਂ ਡਾਕਟਰਾਂ ਦੀ ਟੀਮ ਵਲੋਂ ਫਤਿਹ ਲਈ ਹਰ ਤਿਆਰੀ ਪਹਿਲਾਂ ਹੀ ਕੀਤੀ ਗਈ ਹੈ। ਆਸ ਹੈ ਕਿ ਪਰਿਵਾਰ ਦਾ ਇਕਲੌਤਾ ਚਿਰਾਗ ਫਤਿਹਵੀਰ ਸਿੰਘ ਜਲਦ ਹੀ ਮੌਤ ਦੀ ਲੜਾਈ 'ਤੇ ਫਤਿਹ ਹਾਸਲ ਕਰਕੇ ਬਾਹਰ ਆਏਗਾ ਤੇ ਮਾਤਾ ਪਿਤਾ ਨਾਲ ਆਪਣਾ ਜਨਮ ਦਿਨ ਮਨਾਏਗਾ। 


author

Gurminder Singh

Content Editor

Related News