ਸਰਹੱਦੀ ਖੇਤਰ ਦੀ ਬੀ. ਓ. ਪੀ. ਤਾਸ ਦੇ ਇਲਾਕੇ ਅੰਦਰ ਪਾਕਿਸਤਾਨੀ ਡਰੋਨ ਦੀ ਹਰਕਤ ਦੇਖੀ ਗਈ
Wednesday, Jan 22, 2025 - 03:23 PM (IST)
ਬਮਿਆਲ (ਹਰਜਿੰਦਰ ਸਿੰਘ ਗੌਰਾਇਆ) : ਸਰਹੱਦੀ ਖੇਤਰ ਬਮਿਆਲ ਸੈਕਟਰ ਦੀ ਬੀ. ਓ. ਪੀ. ਤਾਸ ਦੀ ਭਾਰਤੀ ਸਰਹੱਦ ’ਚ ਇਕ ਵਾਰ ਫਿਰ ਪਾਕਿਸਤਾਨੀ ਡਰੋਨ ਦੀ ਆਵਾਜ਼ ਸੁਣੀ ਗਈ। ਇਸ ਮੌਕੇ ਸੀਮਾ ਸੁਰੱਖਿਆ ਬਲ ਦੇ ਜਵਾਨ ਪੂਰੀ ਮੁਸਤੈਦੀ ਨਾਲ ਡਿਊਟੀ 'ਤੇ ਤਾਇਨਾਤ ਹੋਣ ਕਾਰਨ ਡਰੋਨ ਮੁੜਦੇ ਪੈਰੀਂ ਵਾਪਸ ਪਾਕਿਸਤਾਨ ਵਾਲੀ ਸਾਈਡ ਨੂੰ ਚਲਾ ਗਿਆ। ਇਸ ਸੰਬੰਧੀ ਭਰੋਸੇਯੋਗ ਸੂਤਰਾਂ ਤੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਬੀ. ਐੱਸ. ਐੱਫ਼ ਦੇ ਜਵਾਨਾਂ ਨੇ ਕਰੀਬ ਰਾਤ 7:07 ਵਜੇ ਭਾਰਤ ਦੀ ਹੱਦ ਵਿਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਹੇ ਪਾਕਿਸਤਾਨੀ ਡਰੋਨ ਦੀ ਆਵਾਜ਼ ਸੁਣਦੇ ਸਾਰ ਹੀ ਹਰਕਤ ਵਿਚ ਆ ਗਏ। ਇਸ ਉਪਰੰਤ ਡਰੋਨ ਨੂੰ ਤੁਰੰਤ ਪਾਕਿਸਤਾਨ ਵੱਲ ਪਰਤਣ ਲਈ ਮਜ਼ਬੂਰ ਹੋਣਾ ਪਿਆ।
ਦੱਸਣਯੋਗ ਹੈ ਕਿ ਪਾਕਿਸਤਾਨੀ ਤਸਕਰ ਹੁਣ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਸਪਲਾਈ ਲਈ ਡਰੋਨ ਦਾ ਸਹਾਰਾ ਲੈ ਰਹੇ ਹਨ। ਭਾਰਤੀ ਸਰਹੱਦ 'ਤੇ ਆਉਣ ਵਾਲੇ ਡਰੋਨਾਂ ਨੂੰ ਗੋਲੀ ਮਾਰ ਕੇ ਕਈ ਵਾਰ ਹੇਠਾਂ ਸੁੱਟਿਆ ਜਾ ਚੁੱਕਾ ਹੈ। ਜਾਣਕਾਰੀ ਅਨੁਸਾਰ ਜਦ ਇਸ ਡਰੋਨ ਵੱਲੋਂ ਭਾਰਤ ਦੀ ਹੱਦ ਵਿਚ ਹਰਕਤ ਕੀਤੀ ਗਈ ਤਾਂ ਬੀ. ਐੱਸ. ਐੱਫ਼ ਦੇ 58 ਬਟਾਲੀਅਨ ਦੇ ਜਵਾਨ ਵੱਲੋਂ ਤਰੁੰਤ 4 ਦੇ ਕਰੀਬ ਫਾਇਰ ਕੀਤੇ ਗਏ ਅਤੇ ਇਕ ਰੋਸ਼ਨੀ ਵਾਲੇ ਗੋਲਾ ਵੀ ਦਾਗਿਆ ਗਏ ਜਿਸ ਉਪਰੰਤ ਡਰੋਨ ਪਾਕਿਸਤਾਨੀ ਸਾਈਡ ਵੱਲ ਚੱਲ ਗਿਆ। ਉਧਰ ਇਸ ਦੀ ਸੂਚਨਾ ਮਿਲਦਿਆਂ ਹੀ ਨਰੋਟ ਜੈਮਲ ਸਿੰਘ ਪੁਲਸ ਸਟੇਸ਼ਨ ਦੇ ਮੁੱਖੀ ਅੰਗਰੇਜ ਸਿੰਘ ਵੱਲੋਂ ਅਤੇ ਬੀਐੱਸਐੱਫ ਦੇ ਉਚ ਅਧਿਕਾਰੀਆਂ ਦੀ ਅਗਵਾਈ ਹੇਠ ਸਾਂਝੇ ਤੌਰ ਤੇ ਇਲਾਕੇ ਅੰਦਰ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ। ਜਦ ਇਸ ਸਬੰਧੀ ਥਾਣਾ ਮੁਖੀ ਅੰਗਰੇਜ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਅਜੇ ਤੱਕ ਕਿਸੇ ਤਰ੍ਹਾਂ ਦੀ ਵੀ ਕੋਈ ਸ਼ੱਕੀ ਵਸਤੂ ਬਰਾਮਦ ਨਹੀਂ ਹੋਈ ਹੈ।