ਸਰਹੱਦ ''ਤੇ ਸਮੱਗਲਿੰਗ ਅਤੇ ਘੁਸਪੈਠ ''ਤੇ ਨਜ਼ਰ ਰੱਖਣਗੇ ਸੀ. ਸੀ. ਟੀ. ਵੀ. ਕੈਮਰੇ ਤੇ ਹੀਟ ਸੈਂਸਰਜ਼

Tuesday, Aug 07, 2018 - 04:52 AM (IST)

ਸਰਹੱਦ ''ਤੇ ਸਮੱਗਲਿੰਗ ਅਤੇ ਘੁਸਪੈਠ ''ਤੇ ਨਜ਼ਰ ਰੱਖਣਗੇ ਸੀ. ਸੀ. ਟੀ. ਵੀ. ਕੈਮਰੇ ਤੇ ਹੀਟ ਸੈਂਸਰਜ਼

ਜਲੰਧਰ(ਧਵਨ)-ਪੰਜਾਬ 'ਚ ਨਸ਼ਿਆਂ 'ਤੇ ਰੋਕ ਲਾਉਣ ਲਈ ਕੈਪਟਨ ਸਰਕਾਰ ਵਲੋਂ ਜਿਥੇ ਇਕ ਪਾਸੇ ਪੁਲਸ ਤੇ ਪ੍ਰਸ਼ਾਸਨਿਕ ਕਦਮ ਚੁੱਕੇ ਜਾ ਰਹੇ ਹਨ, ਉਥੇ ਹੀ ਹੁਣ ਦੂਜੇ ਪਾਸੇ ਪੰਜਾਬ ਨਾਲ ਲੱਗਦੀ ਪਾਕਿਸਤਾਨੀ ਸਰਹੱਦ ਪਾਰ ਤੋਂ ਆਉਣ ਵਾਲੀ ਹੈਰੋਇਨ ਤੇ ਹੋਰ ਨਸ਼ੀਲੇ ਪਦਾਰਥਾਂ 'ਤੇ ਰੋਕ ਲਾਉਣ ਲਈ ਸੀ. ਸੀ. ਟੀ. ਵੀ. ਕੈਮਰੇ ਤੇ ਹੀਟ ਸੈਂਸਰਜ਼ ਕਾਫੀ ਮਦਦਗਾਰ ਸਾਬਤ ਹੋ ਸਕਦੇ ਹਨ। ਸਰਕਾਰੀ ਹਲਕਿਆਂ ਤੋਂ ਪਤਾ ਲੱਗਦਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪਿਛਲੇ ਸਮੇਂ 'ਚ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੀ ਮੁਲਾਕਾਤ ਦੌਰਾਨ ਸਰਹੱਦ ਪਾਰੋਂ ਨਸ਼ੀਲੇ ਪਦਾਰਥਾਂ 'ਤੇ ਰੋਕ ਲਾਉਣ ਦਾ ਮਾਮਲਾ ਪ੍ਰਭਾਵੀ ਢੰਗ ਨਾਲ ਉਠਾਇਆ ਗਿਆ ਸੀ। ਹੁਣ ਸਰਹੱਦ ਪਾਰੋਂ ਹੋਣ ਵਾਲੇ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਤੇ ਘੁਸਪੈਠ 'ਤੇ ਰੋਕ ਲਾਉਣ ਲਈ ਭਾਰਤ ਸਰਕਾਰ ਨੇ ਪਾਕਿਸਤਾਨ ਨਾਲ ਲੱਗਦੀ ਸਰਹੱਦ 'ਤੇ ਲੱਗੀ ਕੰਡਿਆਲੀ ਵਾੜ ਨੂੰ ਸਮਾਰਟ ਵਾੜ 'ਚ ਤਬਦੀਲ ਕਰਨ ਦਾ ਫੈਸਲਾ ਲਿਆ ਹੈ। ਸਮਾਰਟ ਵਾੜ ਨਾਲ ਹੀਟ ਸੈਂਸਰਜ਼ ਤੇ ਸੀ. ਸੀ. ਟੀ. ਵੀ. ਕੈਮਰੇ ਲਾਏ ਜਾਣ ਦਾ ਪ੍ਰਸਤਾਵ ਹੈ।  ਇਹ ਕੰਡਿਆਲੀ ਵਾੜ ਪੰਜਾਬ ਨਾਲ ਲੱਗਦੀ ਪੂਰੀ ਕੌਮਾਂਤਰੀ ਸਰਹੱਦ 'ਤੇ ਲਾਏ ਜਾਣ ਦਾ ਪ੍ਰਸਤਾਵ ਹੈ। ਬੀ. ਐੱਸ. ਐੱਫ. ਪੰਜਾਬ ਫਰੰਟੀਅਰ ਇੰਸਪੈਕਟਰ ਜਨਰਲ ਮੁਕੁਲ ਗੋਇਲ ਨੇ ਕਿਹਾ ਕਿ ਭਵਿੱਖ 'ਚ ਸਮਾਰਟ ਵਾੜ ਲੱਗਣ ਨਾਲ ਘੁਸਪੈਠ ਤੇ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ 'ਤੇ ਪੂਰੀ ਤਰ੍ਹਾਂ ਰੋਕ ਲੱਗ ਜਾਏਗੀ।
ਸੂਤਰਾਂ ਨੇ ਦੱਸਿਆ ਕਿ ਸਮਾਰਟ ਕੰਡਿਆਲੀ ਵਾੜ ਨੂੰ ਪਾਇਲਟ ਪ੍ਰਾਜੈਕਟ ਦੇ ਤੌਰ 'ਤੇ ਇਕ ਹੋਰ ਸੂਬੇ 'ਚ ਚਲਾਇਆ ਜਾ ਰਿਹਾ ਹੈ ਤੇ ਉਸ ਦੀ ਸਫਲਤਾ ਦੇ ਬਾਅਦ ਇਸ ਨੂੰ ਪੰਜਾਬ ਨਾਲ ਲੱਗਦੀ ਕੌਮਾਂਤਰੀ ਸਰਹੱਦ 'ਤੇ ਲਾਇਆ ਜਾ ਸਕਦਾ ਹੈ। ਸਮਾਰਟ ਵਾੜ ਨਾਲ ਸੀ. ਸੀ. ਟੀ. ਕੈਮਰੇ, ਅਲਾਰਮ, ਹੀਟ ਸੈਂਸਰਜ਼, ਲਾਊਡ ਸਪੀਕਰਸ ਤੇ ਨਿਗਰਾਨੀ ਕਰਨ ਵਾਲੇ ਹੋਰ ਯੰਤਰ ਲਾਏ ਜਾਂਦੇ ਹਨ। ਭਾਵੇਂ ਕੇਂਦਰ ਸਰਕਾਰ ਨੇ ਸਮਾਰਟ ਵਾੜ ਲਾਉਣ ਦਾ ਕੰਮ 2019 ਦੇ ਸ਼ੁਰੂ ਤਕ ਪੂਰਾ ਕਰਨ ਦਾ ਟੀਚਾ ਰੱਖਿਆ ਸੀ ਪਰ ਹੁਣ ਇਸ 'ਚ ਕੁਝ ਸਮਾਂ ਹੋਰ ਲੱਗ ਸਕੇਗਾ ਕਿਉਂਕਿ ਕੇਂਦਰ ਸਰਕਾਰ ਫਿਲਹਾਲ ਹੋਰ ਸੂਬਿਆਂ 'ਚ ਚੱਲ ਰਹੇ ਪਾਇਲਟ ਪ੍ਰਾਜੈਕਟਾਂ ਦੀ ਸਫਲਤਾ ਨੂੰ ਦੇਖ ਰਹੀ ਹੈ।


Related News