ਸਰਹੱਦ ਨੇੜਿਓਂ ਅੱਧਾ ਕਿੱਲੋ ਹੈਰੋਇਨ ਬਰਾਮਦ
Saturday, Oct 05, 2024 - 04:59 PM (IST)
ਤਰਨਤਾਰਨ (ਰਮਨ) : ਜ਼ਿਲ੍ਹੇ ਅਧੀਨ ਆਉਂਦੀ ਭਾਰਤ-ਪਾਕਿਸਤਾਨ ਸਰਹੱਦ ਨੇੜੇ ਖੇਤਾਂ ਵਿਚੋਂ ਬੀ.ਐੱਸ.ਐੱਫ ਅਤੇ ਥਾਣਾ ਖਾਲੜਾ ਦੀ ਪੁਲਸ ਵੱਲੋਂ ਸਾਂਝੇ ਤੌਰ ਉਪਰ ਚਲਾਏ ਤਲਾਸ਼ੀ ਅਭਿਆਨ ਦੌਰਾਨ ਇਕ ਹੈਰੋਇਨ ਦੇ ਪੈਕਟ ਨੂੰ ਬਰਾਮਦ ਕੀਤਾ ਗਿਆ ਹੈ, ਜਿਸ ਵਿਚੋਂ 506 ਗ੍ਰਾਮ ਹੈਰੋਇਨ ਕਬਜ਼ੇ ਵਿਚ ਲੈਂਦੇ ਹੋਏ ਪੁਲਸ ਵੱਲੋਂ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਜਾਣਕਾਰੀ ਦਿੰਦੇ ਹੋਏ ਡੀ.ਐੱਸ.ਪੀ ਭਿੱਖੀਵਿੰਡ ਪ੍ਰੀਤ ਇੰਦਰ ਸਿੰਘ ਨੇ ਦੱਸਿਆ ਕਿ ਇਕ ਗੁਪਤ ਸੂਚਨਾ ਦੇ ਆਧਾਰ ਉਪਰ ਥਾਣਾ ਖਾਲਡ਼ਾ ਅਤੇ ਬੀ.ਐੱਸ.ਐੱਫ 103 ਬਟਾਲੀਅਨ ਅਮਰਕੋਟ ਨਾਲ ਸਾਂਝੇ ਤੌਰ ਉਪਰ ਪਿੰਡ ਡੱਲ ਵਿਖੇ ਤਲਾਸ਼ੀ ਅਭਿਆਨ ਚਲਾਇਆ ਗਿਆ।
ਇਸ ਦੌਰਾਨ ਅਜੀਤ ਸਿੰਘ ਪੁੱਤਰ ਮੇਜ਼ਾ ਸਿੰਘ ਦੇ ਖੇਤਾਂ ਵਿਚੋਂ ਡਿੱਗੇ ਹੋਏ ਇਕ ਪੀਲੇ ਰੰਗ ਦੇ ਪੈਕਟ ਨੂੰ ਬਰਾਮਦ ਕੀਤਾ ਗਿਆ, ਜੋ ਡਰੋਨ ਦੀ ਮਦਦ ਨਾਲ ਪਾਕਿਸਤਾਨ ਵੱਲੋਂ ਭਾਰਤ ਪੁੱਜਾ ਸੀ। ਇਸ ਪੈਕਟ ਨੂੰ ਖੋਲ੍ਹਣ ਦੌਰਾਨ ਉਸ ਵਿਚੋਂ 506 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਡੀ.ਐੱਸ.ਪੀ ਨੂੰ ਦੱਸਿਆ ਕਿ ਇਸ ਸਬੰਧੀ ਥਾਣਾ ਖਾਲਡ਼ਾ ਵਿਖੇ ਅਣਪਛਾਤੇ ਤਸਕਰ ਖਿਲਾਫ ਪਰਚਾ ਦਰਜ ਕਰਦੇ ਹੋਏ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।