ਬਾਘਾਪੁਰਾਣਾ ਇਲਾਕੇ ਵਿਚ ਮਿਲੇ ਦੋ ਬੰਬ, 150 ਦੇ ਕਰੀਬ ਕਾਰਤੂਸ
Tuesday, Mar 13, 2018 - 07:04 PM (IST)

ਮੋਗਾ\ਨੱਥੂਵਾਲਾਗਰਬੀ (ਪਵਨ ਗਰੋਵਰ, ਰਾਜਵੀਰ) : ਮੋਗਾ ਜ਼ਿਲੇ ਦੀ ਤਹਿਸੀਲ ਬਾਘਾਪੁਰਾਣਾ ਅਧੀਨ ਆਉਂਦੇ ਪਿੰਡ ਮਾਹਲਾਕਲਾਂ ਵਿਖੇ ਇਕ ਘਰ ਦੀ ਖੋਦਾਈ ਸਮੇਂ ਦੋ ਹੈਂਡ ਗ੍ਰੇਨੇਡ ਅਤੇ 150 ਦੇ ਕਰੀਬ ਕਾਰਤੂਸ ਮਿਲਣ ਨਾਲ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ। ਜਾਣਕਾਰੀ ਅਨੁਸਾਰ ਸਾਬਕਾ ਸਰਪੰਚ ਗੁਰਦੀਪ ਸਿੰਘ ਨੇ ਸਵਰਗਵਾਸੀ ਬੰਤ ਸਿੰਘ ਸਾਬਕਾ ਫੌਜੀ ਪਾਸੋਂ ਜਗ੍ਹਾ ਖਰੀਦੀ ਸੀ। ਅੱਜ ਸਰਪੰਚ ਗੁਰਦੀਪ ਸਿੰਘ ਉਕਤ ਜਗ੍ਹਾ 'ਚ ਨਵੀਂ ਉਸਾਰੀ ਕਰਨ ਲਈ ਨੀਂਹ ਪੁੱਟ ਰਿਹਾ ਸੀ ਤਾਂ ਉਸ ਵਿਚੋਂ ਇਕ ਬੰਦ ਥੈਲਾ ਮਿਲਿਆ, ਜਿਸ ਨੂੰ ਖੋਲ੍ਹਣ 'ਤੇ ਪਤਾ ਲੱਗਾ ਕਿ ਉਸ ਵਿਚ ਵੱਡੀ ਮਾਤਰਾ ਵਿਚ ਅਸਲਾ ਪਿਆ ਹੋਇਆ ਹੈ।
ਹੈਂਡ ਗ੍ਰੇਨੇਡ ਅਤੇ ਕਾਰਤੂਸ ਚੱਲੇ ਹਨ ਜਾਂ ਅਣਚੱਲੇ ਹਨ ਇਸ ਦਾ ਪਤਾ ਮਾਹਿਰਾਂ ਦੀ ਜਾਂਚ ਤੋਂ ਬਾਅਦ ਹੀ ਲੱਗ ਸਕੇਗਾ। ਫਿਲਹਾਲ ਵੱਡੀ ਗਿਣਤੀ ਵਿਚ ਪੁਲਸ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਹਨ ਅਤੇ ਫੌਜ ਦੇ ਮਾਹਿਰ ਦਸਤਿਆਂ ਨੂੰ ਵੀ ਮੌਕੇ 'ਤੇ ਬੁਲਾਇਆ ਗਿਆ ਹੈ। ਇਕ ਪੁਲਸ ਅਧਿਕਾਰੀ ਅਨੁਸਾਰ ਕਾਰਤੂਸ 303 ਬੌਰ ਦੇ ਦੱਸੇ ਜਾ ਰਹੇ ਹਨ।