ਕਿਰਾਏ ਦੇ ਮਕਾਨ ’ਚੋਂ 50 ਸਾਲਾ ਵਿਅਕਤੀ ਦੀ ਗਲੀ-ਸੜੀ ਲਾਸ਼ ਬਰਾਮਦ
Tuesday, Aug 11, 2026 - 10:46 PM (IST)
ਹਲਵਾਰਾ/ਗੁਰੂਸਰ ਸੁਧਾਰ (ਲਾਡੀ ਸਿੱਧੂ, ਰਵਿੰਦਰ) : ਐੱਮ.ਈ.ਐੱਸ. ਪਾਵਰ ਹਾਊਸ ਹਲਵਾਰਾ ਦੇ ਗਾਰਡ ਰੂਮ ਦੇ ਸਾਹਮਣੇ ਪਿੰਡ ਅਕਾਲਗੜ੍ਹ ਵਿਖੇ ਕਿਰਾਏ ਦੇ ਮਕਾਨ ’ਚ ਰਹਿੰਦੇ 50 ਸਾਲਾ ਵਿਅਕਤੀ ਬਲਜੀਤ ਸਿੰਘ ਹੈਪੀ ਪੁੱਤਰ ਸਵ. ਸੰਤੋਖ ਸਿੰਘ ਦੀ ਗਲੀ-ਸੜੀ ਲਾਸ਼ ਬਰਾਮਦ ਹੋਣ ਨਾਲ ਇਲਾਕੇ ਵਿਚ ਸਨਸਨੀ ਫੈਲ ਗਈ। ਮੁੱਢਲੀ ਜਾਣਕਾਰੀ ਅਨੁਸਾਰ ਉਸ ਦੀ ਮੌਤ ਕਈ ਦਿਨ ਪਹਿਲਾਂ ਹੋਣ ਦਾ ਖਦਸ਼ਾ ਹੈ।
ਜਾਣਕਾਰੀ ਅਨੁਸਾਰ ਬਲਜੀਤ ਸਿੰਘ ਦੇ ਪਿਤਾ ਸੰਤੋਖ ਸਿੰਘ ਐੱਮ.ਈ.ਐੱਸ. ਪਾਵਰ ਹਾਊਸ ਹਲਵਾਰਾ ਵਿਖੇ ਨੌਕਰੀ ਕਰਦੇ ਸਨ ਅਤੇ ਪਰਿਵਾਰ ਸਮੇਤ ਸਰਕਾਰੀ ਕੁਆਰਟਰਾਂ ਵਿਚ ਰਹਿੰਦੇ ਸਨ। ਸੇਵਾਮੁਕਤੀ ਤੋਂ ਬਾਅਦ ਪਰਿਵਾਰ ਕਸਬੇ ਦੇ ਬਾਜ਼ਾਰ ਵਿਚ ਕਿਰਾਏ ਦੇ ਮਕਾਨ ਵਿਚ ਰਹਿਣ ਲੱਗ ਪਿਆ। ਕੁਝ ਸਮੇਂ ਬਾਅਦ ਸੰਤੋਖ ਸਿੰਘ ਦੀ ਮੌਤ ਹੋ ਗਈ, ਜਿਸ ਉਪਰੰਤ ਬਲਜੀਤ ਸਿੰਘ ਆਪਣੀ ਮਾਤਾ ਨਾਲ ਰਹਿੰਦਾ ਸੀ। ਬਾਅਦ ਵਿਚ ਉਸ ਦੀ ਮਾਤਾ ਦਾ ਵੀ ਦਿਹਾਂਤ ਹੋ ਗਿਆ ਅਤੇ ਬਲਜੀਤ ਸਿੰਘ ਇਕੱਲਾ ਹੀ ਮਕਾਨ ਵਿਚ ਰਹਿ ਰਿਹਾ ਸੀ।
ਦੱਸਿਆ ਜਾਂਦਾ ਹੈ ਕਿ ਬਲਜੀਤ ਸਿੰਘ ਦੀ ਭੈਣ ਕੁਲਵਿੰਦਰ ਕੌਰ ਦੁਬਈ ਵਿਚ ਆਪਣੇ ਪਤੀ ਨਾਲ ਰਹਿੰਦੀ ਹੈ ਅਤੇ ਇਨ੍ਹੀਂ ਦਿਨੀਂ ਭਾਰਤ ਆਈ ਹੋਈ ਹੈ। ਉਹ 20 ਦਿਨਾਂ ਤੋਂ ਆਪਣੇ ਭਰਾ ਨੂੰ ਫੋਨ ਕਰ ਰਹੀ ਸੀ ਪਰ ਉਸ ਦਾ ਮੋਬਾਈਲ ਫੋਨ ਲਗਾਤਾਰ ਬੰਦ ਆ ਰਿਹਾ ਸੀ। ਇਸ ਸਬੰਧੀ ਉਸ ਨੇ ਮਕਾਨ ਮਾਲਕ ਨੂੰ ਜਾਣੂ ਕਰਵਾਇਆ, ਜਿਸ ਤੋਂ ਬਾਅਦ ਮਕਾਨ ਮਾਲਕ ਵਲੋਂ ਪੁਲਸ ਨੂੰ ਸੂਚਨਾ ਦਿੱਤੀ ਗਈ।
ਪੁਲਸ ਦੀ ਸੂਚਨਾ ਮਿਲਣ ਉਪਰੰਤ ਮਕਾਨ ਮਾਲਕ ਅਤੇ ਬਲਜੀਤ ਸਿੰਘ ਦੀ ਭੈਣ ਕੁਲਵਿੰਦਰ ਕੌਰ ਮਕਾਨ ’ਤੇ ਪੁੱਜੇ। ਦਰਵਾਜ਼ਾ ਖੜਕਾਉਣ ’ਤੇ ਅੰਦਰੋਂ ਕੋਈ ਜਵਾਬ ਨਾ ਮਿਲਣ ’ਤੇ ਦਰਵਾਜ਼ਾ ਖੋਲ੍ਹਿਆ ਗਿਆ ਤਾਂ ਕਮਰੇ ਵਿਚ ਬੈੱਡ ਉੱਪਰ ਬਲਜੀਤ ਸਿੰਘ ਦੀ ਗਲੀ-ਸੜੀ ਲਾਸ਼ ਪਈ ਮਿਲੀ।
ਥਾਣਾ ਸੁਧਾਰ ਦੀ ਪੁਲਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ। ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮੌਤ ਕੁਦਰਤੀ ਕਾਰਨਾਂ ਕਰ ਕੇ ਹੋਈ ਜਾਂ ਇਸ ਪਿੱਛੇ ਕੋਈ ਹੋਰ ਕਾਰਨ ਹੈ, ਇਸ ਦਾ ਪਤਾ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਲੱਗ ਸਕੇਗਾ।
