ਕਾਲੀ ਥਾਰ ਨੇ ਮਚਾਇਆ ਕਹਿਰ, ਖੋਖੇ ''ਤੇ ਚਾਹ ਪੀਂਦੇ ਟਰੱਕ ਡਰਾਇਵਰ ਦੀ ਮੁਕਾਈ ਜੀਵਨਲੀਲਾ, ਕਈ ਹੋਰ ਦਰੜੇ
Monday, Aug 05, 2024 - 04:14 AM (IST)
ਪਾਤੜਾਂ (ਮਾਨ, ਚੋਪੜਾ)- ਪਾਤੜਾਂ ਤੋਂ ਸੰਗਰੂਰ ਰੋਡ ’ਤੇ ਟਰੱਕ ਯੂਨੀਅਨ ਕੋਲ ਇਕ ਥਾਰ ਗੱਡੀ ਵੱਲੋਂ ਕਹਿਰ ਮਚਾਏ ਜਾਣ ਦੀ ਖ਼ਬਰ ਸਾਹਮਣੇ ਆਈ ਹੈ, ਜਿਸ ਨੇ ਅੱਧੀ ਦਰਜਨ ਦੇ ਕਰੀਬ ਵਿਅਕਤੀਆਂ ਨੂੰ ਦਰੜ ਦਿੱਤਾ, ਉਥੇ ਹੀ ਸਰਵਿਸ ਰੋਡ ’ਤੇ ਜਾਂਦੀ ਸਕੂਟਰੀ ਨੂੰ ਬੁਰੀ ਤਰ੍ਹਾਂ ਕੁਚਲ ਦਿੱਤਾ, ਜਿਸ ਕਾਰਨ ਕਈ ਵਿਅਕਤੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਜ਼ਖ਼ਮੀ ਹੋਏ ਲੋਕਾਂ ਨੂੰ ਸਰਕਾਰੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਦੋ ਵਿਅਕਤੀਆਂ ਦੀ ਹਾਲਤ ਨੂੰ ਨਾਜ਼ੁਕ ਦੇਖਦੇ ਹੋਏ ਪਟਿਆਲਾ ਵਿਖੇ ਰੈਫਰ ਕਰ ਦਿੱਤਾ, ਜਿਨ੍ਹਾਂ 'ਚੋਂ ਇਕ ਵਿਅਕਤੀ ਦੀ ਰਸਤੇ 'ਚ ਹੀ ਮੌਤ ਹੋ ਗਈ।
ਮੌਕੇ ’ਤੇ ਮੌਜੂਦ ਲੋਕਾਂ ਤੋਂ ਇਕੱਤਰ ਜਾਣਕਾਰੀ ਅਨੁਸਾਰ ਯੂ. ਪੀ. ਦੇ ਨੰਬਰ ਦੀ ਥਾਰ ਸੰਗਰੂਰ ਵੱਲੋਂ ਆ ਰਹੀ ਸੀ, ਜੋ ਕਿ ਪਾਤੜਾਂ ਐਂਟਰ ਹੋਣ ਮੌਕੇ ਫਲਾਈਓਵਰ ਤੋਂ ਥੱਲੇ ਉਤਰਦੇ ਸਮੇਂ ਹਾਦਸਾਗ੍ਰਸਤ ਹੋ ਗਈ ਤੇ ਟਰੱਕ ਯੂਨੀਅਨ ਕੋਲ ਮੇਨ ਰੋਡ ’ਤੇ ਆ ਕੇ ਉਸ ਦਾ ਚਾਲਕ ਘਬਰਾ ਗਿਆ। ਇਸ ਦੌਰਾਨ ਉਸ ਨੇ ਸਰਵਿਸ ਰੋਡ ’ਤੇ ਖੋਖੇ ਵਿਚ ਬੈਠੇ ਅਤੇ ਹੋਰ ਇਕ ਪਾਸੇ ਬੈਠੇ ਅੱਧੀ ਦਰਜਨ ਦੇ ਕਰੀਬ ਵਿਅਕਤੀਆਂ ਨੂੰ ਦਰੜ ਕੇ ਗੰਭੀਰ ਜ਼ਖਮੀ ਕਰ ਦਿੱਤਾ, ਜਿਨ੍ਹਾਂ ਨੂੰ ਮੌਕੇ ’ਤੇ ਹਾਜ਼ਰ ਲੋਕਾਂ ਅਤੇ ਸੜਕ ਸੁਰੱਖਿਆ ਫੋਰਸ ਦੇ ਜਵਾਨਾਂ ਨੇ ਪਾਤੜਾਂ ਦੇ ਸਰਕਾਰੀ ਹਸਪਤਾਲ ਵਿਖੇ ਦਾਖਲ ਕਰਵਾਇਆ।
ਸਰਕਾਰੀ ਹਸਪਤਾਲ ਵਿਖੇ ਸਿਹਤ ਸੇਵਾਵਾਂ ਦੀ ਘਾਟ ਹੋਣ ਕਰ ਕੇ ਜ਼ਿਆਦਾ ਗੰਭੀਰ ਤੇ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਦੋ ਵਿਅਕਤੀਆਂ ਨੂੰ ਪਟਿਆਲਾ ਵਿਖੇ ਰੈਫਰ ਕਰ ਦਿੱਤਾ ਗਿਆ, ਜਿਨ੍ਹਾਂ ਵਿਚੋਂ ਇਕ ਵਿਅਕਤੀ ਤਰਸੇਮ ਲਾਲ ਟਰੱਕ ਡਰਾਈਵਰ ਦੀ ਮੌਤ ਹੋ ਗਈ ਹੈ। ਜਾਣਕਾਰੀ ਮੁਤਾਬਕ ਤਰਸੇਮ ਲਾਲ ਚਾਹ ਦੇ ਖੋਖੇ ਵਿਚ ਚਾਹ ਪੀ ਰਿਹਾ ਸੀ, ਜਿਸ ਦੀ ਥਾਰ ਗੱਡੀ ਦੀ ਲਪੇਟ ਵਿਚ ਆਉਣ ਕਰ ਕੇ ਲੱਤ ਟੁੱਟ ਚੁੱਕੀ ਸੀ, ਉਥੇ ਹੀ ਉਸ ਦੇ ਸਿਰ 'ਚ ਗੰਭੀਰ ਸੱਟ ਲੱਗਣ ਕਾਰਨ ਉਸ ਨੂੰ ਹਸਪਤਾਲ ਲਿਜਾਇਆ ਜਾ ਰਿਹਾ ਸੀ, ਪਰ ਰਸਤੇ 'ਚ ਹੀ ਉਸ ਦੀ ਮੌਤ ਹੋ ਗਈ।
ਮੌਕੇ ’ਤੇ ਮੌਜੂਦ ਸਦਰ ਥਾਣਾ ਮੁਖੀ ਯਸ਼ਪਾਲ ਸ਼ਰਮਾ ਨੇ ਦੱਸਿਆ ਕਿ ਜ਼ਖਮੀ ਵਿਅਕਤੀਆਂ ਦੇ ਇਲਾਜ ਕਰਵਾਇਆ ਜਾ ਰਿਹਾ ਹੈ, ਜਿਨ੍ਹਾਂ ਵਿਚ ਲਖਵਿੰਦਰ ਸਿੰਘ ਖਾਸਪੁਰ, ਰਾਮ ਕਰਨ ਯੂ.ਪੀ., ਸੁਖਵਿੰਦਰ ਸਿੰਘ ਨਿਆਲ, ਪ੍ਰੇਮ ਦੱਤ ਗੋਲ ਗੱਪੇ ਵਾਲਾ ਤੇ ਦੋ ਹੋਰ ਵਿਅਕਤੀ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਗੱਡੀ ਤੇ ਚਾਲਕ ਵਿਅਕਤੀਆਂ ਦੀ ਜਾਂਚ-ਪੜਤਾਲ ਕੀਤੀ ਜਾ ਰਹੀ। ਸਬੰਧਿਤ ਲੋਕਾਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਉਨ੍ਹਾਂ ਨਾਲ ਸਿਟੀ ਪੁਲਸ ਇੰਚਾਰਜ ਕਰਨੈਲ ਸਿੰਘ ਪੁਲਸ ਪਾਰਟੀ ਨਾਲ ਮੌਜੂਦ ਸਨ।
ਇਹ ਵੀ ਪੜ੍ਹੋ- ਵਿਧਵਾ ਔਰਤ ਦੇ ਬੈਂਕ ਖਾਤੇ 'ਚ ਹੈਕਰਾਂ ਨੇ ਲਾਈ ਸੰਨ੍ਹ, FD ਤੋੜ ਕੇ ਮਾਰੀ ਲੱਖਾਂ ਦੀ ਠੱਗੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e